ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹੁਣ ਤੱਕ 4 ਹਸਪਤਾਲਾਂ ਨੂੰ ਨੋਟਿਸ, 116 ਵਾਹਨਾਂ ਦੇ ਕੱਟੇ ਚਲਾਨ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪ੍ਰਸ਼ਾਸ਼ਨ ਵਲੋਂ ਜਿਥੇ ਜ਼ਿਲੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬਾਇਓ ਮੈਡੀਕਲ ਵੇਸਟ ਦੀ ਜਾਂਚ ਕੀਤੀ ਜਾ ਰਹੀ ਹੈ, ਉਥੇ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਅਤੇ ਅਵਾਜ਼ੀ ਤੇ ਵਾਤਾਵਰਣ ਪ੍ਰਦੂਸ਼ਣ ਫੈਲਾ ਰਹੇ ਵਾਹਨਾਂ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।

Advertisements

ਉਹਨਾਂ ਦੱਸਿਆ ਕਿ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਵਲੋਂ ਬਿਰਦੀ ਹਸਪਤਾਲ ਮੁਕੰਦਪੁਰ ਦੀ ਚੈਕਿੰਗ ਕੀਤੀ ਗਈ ਹੈ, ਜਿਸ ਦੌਰਾਨ ਹਸਪਤਾਲ ਵਲੋਂ ਕੋਈ ਉਲੰਘਣਾ ਸਾਹਮਣੇ ਨਹੀਂ ਆਈ। ਉਹਨਾਂ ਦੱਸਿਆ ਕਿ ਹੁਣ ਤੱਕ ਬੋਰਡ ਵਲੋਂ 12 ਹਸਪਤਾਲਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 4 ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਬਾਇਓ ਮੈਡੀਕਲ ਵੇਸਟ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੁੰਦਾ ਹੈ ਅਤੇ ਹਸਪਤਾਲਾਂ ਵਲੋਂ ਇਸ ਨੂੰ ਰੋਜ਼ਾਨਾ ਹਟਾਉਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

– ਹਸਪਤਾਲ ਬਾਇਓ ਮੈਡੀਕਲ ਵੇਸਟ ਦੀ ਸੁਚਾਰੂ ਢੰਗ ਨਾਲ ਸੈਗਰੀਗੇਸ਼ਨ ਯਕੀਨੀ ਬਣਾਉਣ : ਡਿਪਟੀ ਕਮਿਸ਼ਨਰ

ਈਸ਼ਾ ਕਾਲੀਆ ਨੇ ਜ਼ਿਲੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਾਇਓ ਮੈਡੀਕਲ ਵੇਸਟ ਦੀ ਸੁਚਾਰੂ ਢੰਗ ਨਾਲ ਸੈਗਰੀਗੇਸ਼ਨ ਯਕੀਨੀ ਬਣਾਈ ਜਾਵੇ। ਉਹਨਾਂ ਦੱਸਿਆ ਕਿ ਮਰੀਜ਼ ਦੇ ਇਲਾਜ ਦੌਰਾਨ ਪ੍ਰਯੋਗ ਕੀਤੇ ਜਾਣ ਵਾਲੇ ਗੁਲੂਕੋਜ਼ ਦੀਆਂ ਖਾਲੀ ਬੋਤਲਾਂ, ਸਰਿੰਜਾਂ, ਟੀਕੇ, ਪੱਟੀਆਂ, ਕੱਚ ਦੀਆਂ ਸ਼ੀਸ਼ੀਆਂ, ਖੂਨ ਨਾਲ ਲਿਬੜੀਆਂ ਚੀਜ਼ਾਂ, ਕੈਂਚੀਆਂ ਆਦਿ ਬਾਇਓ ਮੈਡੀਕਲ ਵੇਸਟ ਦੁਬਾਰਾ ਪ੍ਰਯੋਗ ਵਿੱਚ ਨਹੀਂ ਲਿਆਂਦਾ ਜਾ ਸਕਦਾ। ਉਹਨਾਂ ਦੱਸਿਆ ਕਿ ਇਹ ਬਾਇਓ ਮੈਡੀਕਲ ਵੇਸਟ ਬਹੁਤ ਹੀ ਖਤਰਨਾਕ ਹੁੰਦਾ ਹੈ ਅਤੇ ਖੁੱਲਾ ਰੱਖਣ ‘ਤੇ ਇਹ ਵਾਤਾਵਰਣ ਵਿੱਚ ਹਵਾ ਰਾਹੀਂ ਫੈਲ ਸਕਦਾ ਹੈ ਅਤੇ ਕਈ ਤਰਾਂ ਦੀਆਂ ਖਤਰਨਾਕ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ।

-ਉਲੰਘਣਾ ਕਰਨ ਵਾਲੇ ਨੂੰ ਹੋ ਸਕਦੀ ਹੈ 5 ਸਾਲ ਦੀ ਕੈਦ ਅਤੇ ਜ਼ੁਰਮਾਨਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਇਓ ਮੈਡੀਕਲ ਵੇਸਟ ਦੇ ਨਿਯਮਾਂ ਅਤੇ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ-1986 ਅਧੀਨ 5 ਸਾਲ ਦੀ ਕੈਦ ਅਤੇ ਜ਼ੁਰਮਾਨਾ ਵੀ ਹੋ ਸਕਦਾ ਹੈ, ਇਸ ਲਈ ਇਹਨਾਂ ਨੂੰ ਡਿਸਪੋਜੇਬਲ ਲਿਫਾਫਿਆਂ ਵਿੱਚ ਪਾ ਕੇ ਸਰਕਾਰ ਵਲੋਂ ਐਥੋਰਾਈਜ਼ ਕੰਪਨੀਆਂ ਜੋ ਬਾਇਓ ਮੈਡੀਕਲ ਵੇਸਟ ਚੁੱਕਣ ਲਈ ਐਥੋਰਾਈਜ਼ ਹੁੰਦੀਆਂ ਹਨ, ਵਲੋਂ ਚੁਕਾਇਆ ਜਾਣਾ ਚਾਹੀਦਾ ਹੈ ਅਤੇ ਇਸ ਦਾ ਰਿਕਾਰਡ ਵੀ ਮੇਨਟੇਨ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇਕ ਐਨ.ਓ.ਸੀ. ਵੀ ਲੈਣੀ ਜ਼ਰੂਰੀ ਹੁੰਦੀ ਹੈ।

-ਅੱਜ ਇਕ ਹਸਪਤਾਲ ਦੀ ਕੀਤੀ ਚੈਕਿੰਗ ਅਤੇ 2 ਵਾਹਨਾਂ ਦੇ ਕੱਟੇ ਚਲਾਨ

ਡੀ.ਸੀ ਨੇ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਵਲੋਂ ਅੱਜ ਇੰਜੀਨੀਅਰ ਧਰਮਵੀਰ ਸਿੰਘ ਦੀ ਅਗਵਾਈ ਵਿੱਚ 36 ਵਾਰਨਾਂ ਦੀ ਚੈਕਿੰਗ ਕੀਤੀ ਗਈ ਹੈ, ਜਿਸ ਵਿੱਚ 2 ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਦੇ ਚਲਾਨ ਕੱਟੇ ਗਏ ਹਨ। ਉਹਨਾਂ ਦੱਸਿਆ ਕਿ ਬੋਰਡ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਹੁਣ ਤੱਕ 116 ਵਾਹਨਾਂ ਦੇ ਚਲਾਨ ਕੱਟ ਕੇ 1 ਲੱਖ 16 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿੱਢੀ ਇਹ ਮੁਹਿੰਮ ਜਾਰੀ ਰਹੇਗੀ।

LEAVE A REPLY

Please enter your comment!
Please enter your name here