ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦਿੱਤੀ ਵਿਸ਼ੇਸ਼ ਜਾਣਕਾਰੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜ਼ਿਲਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਦੀ ਅਗਵਾਈ ਹੇਠ 1 ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਹਫ਼ਤਾ ਮਨਾਇਆ ਗਿਆ।

Advertisements

ਇਸ ਹਫ਼ਤੇ ਦੌਰਾਨ ਕੇ.ਵੀ.ਕੇ. ਵਲੋਂ ਆਂਗਨਵਾੜੀ ਵਰਕਰਾਂ ਅਤੇ ਕਿਸਾਨ ਬੀਬੀਆਂ ਲਈ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਗਈਆਂ, ਜਿਨਾਂ ਵਿੱਚ ਮਾਂ ਤੇ ਬੱਚੇ ਦੀ ਸਿਹਤ, ਪੌਸ਼ਟਿਕ ਖੁਰਾਕ ਅਤੇ ਸਤਨਪਾਨ ਦੀ ਮਹੱਤਤਾ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਇਸੇ ਕੜੀ ਵਿੱਚ ਕੇਂਦਰ ਵਲੋਂ 7 ਅਗਸਤ ਨੂੰ ਵਿਸ਼ੇਸ਼ ਪ੍ਰੋਗਰਾਮ ਵਿੱਚ ਭਾਗ ਲੈਂਦੇ ਹੋਏ ਗੁਰੂ ਹਰਿ ਰਾਏ ਸਾਹਿਬ ਕਾਲਜ ਫੌਰ ਵੁਮੈਨ ਚੱਬੇਵਾਲ ਪ੍ਰਿੰਸੀਪਲ ਡਾ. ਅਨੀਤਾ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੀ। ਉਹਨਾਂ ਦੱਸਿਆ ਕਿ ਸਤਨਪਾਨ ਮਾਂ ਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦਾ ਹੈ ਅਤੇ ਇਸ ਬਾਰੇ ਔਰਤਾਂ ਖਾਸਕਰ ਕੰਮਕਾਜੀ ਸ਼ਹਿਰੀ ਮਾਵਾਂ ਲਈ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

ਡਾ. ਪ੍ਰਿੰਸੀ. ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਵਲੋਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਲਈ ਸੰਤੁਲਿਤ ਖੁਰਾਕ ਅਤੇ ਚੰਗੀ ਸਿਹਤ ਸਬੰਧੀ ਮੁੱਖ ਨੁਕਤਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਕਿਸਾਨ ਬੀਬੀਆਂ ਨੂੰ ਮਾਂ ਦੇ ਦੁੱਧ ਦੀ ਵਰਤੋਂ ਬਾਰੇ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕਿਸਾਨ ਕਲੱਬ ਦੇ ਪ੍ਰਧਾਨ ਸ. ਸਰਦਾਰਾ ਸਿੰਘ ਜੰਡੋਲੀ ਵਲੋਂ ਇਸ ਮਹੱਤਵਪੂਰਨ ਵਿਸ਼ੇ ਨੂੰ ਅਮਲੀਜਾਮਾ ਦੇਣ ‘ਤੇ ਜੋਰ ਦਿੱਤਾ ਗਿਆ ਅਤੇ ਆਏ ਮਹਿਮਾਨਾਂ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here