1 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਅਲਬੈਂਡਾਜੋਲ ਦਵਾਈ ਮੁਫ਼ਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ।  ਰਾਸ਼ਟਰੀ ਪੇਟ-ਕੀੜੇ ਮੁਕਤੀ ਦਿਵਸ ਮੌਕੇ 1 ਤੋਂ 19 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੋਲ ਦਵਾਈ ਸਕੂਲਾਂ ਵਿੱਚ ਮੁਫ਼ਤ ਦਿੱਤੀ ਗਈ। ਇਸੇ ਤਹਿਤ ਬਲਾਕ ਪੱਧਰੀ ਜਾਗਰੂਕਤਾ ਪ੍ਰੋਗਰਾਮ ਸਰਕਾਰੀ ਐਲੀਮੈਂਟਰੀ ਸਕੂਲ ਕਡਿਆਣਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਓ.ਪੀ. ਗੋਜਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਸਕੂਲ ਮੁੱਖੀ ਅਮਨਦੀਪ ਕੌਰ ਅਤੇ ਪ੍ਰਾਈਮਰੀ ਸਕੂਲ ਮੁੱਖੀ ਰਵਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਸਮੂਹ ਹਾਜ਼ਰ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਿਲਾਈਆਂ ਗਈਆਂ।

Advertisements

ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਵਿੱਚ ਖੂਨ ਦੀ ਕਮੀ ਹੋਣਾ ਅਕਸਰ ਦੇਖਿਆ ਗਿਆ ਹੈ। ਇਸਦਾ ਪਹਿਲਾ ਕਾਰਣ ਸੰਤੁਲਿਤ ਭੋਜਨ ਦੀ ਕਮੀ ਹੈ ਅਤੇ ਜੇ ਬੱਚੇ ਸੰਤੁਲਿਤ ਭੋਜਨ ਖਾਂਦੇ ਵੀ ਹੋਣ ਤੇ ਕਈ ਵਾਰ ਪੇਟ ਵਿੱਚ ਕੀੜੇ ਹੋਣ ਕਰਕੇ ਇਹ ਭੋਜਨ ਉਹਨਾਂ ਦੇ ਸ਼ਰੀਰ ਨੂੰ ਨਹੀਂ ਲਗਦਾ ਜਿਸ ਕਾਰਣ ਉਹ ਖੂਨ ਦੀ ਕਮੀ, ਕਮਜ਼ੋਰੀ ਅਤੇ ਹੋਰ ਬੀਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਹਨ। ਆਮ ਤੌਰ ਤੇ ਬੱਚਿਆਂ ਦਾ ਮਿੱਟੀ ਵਿੱਚ ਖੇਡਣ ਕਾਰਣ, ਨੌਹਾਂ ਰਾਹੀਂ, ਨੰਗੇ ਪੈਰ ਘੁੰਮਣ ਕਾਰਣ ਅਤੇ ਬਿਨਾਂ ਹੱਥ ਧੋਤੇ ਖਾਣਾ ਖਾਣ ਨਾਲ ਪੇਟ ਵਿੱਚ ਕੀੜੇ ਚੱਲੇ ਜਾਂਦੇ ਹਨ।

ਡਾ. ਕਪਿਲ ਸ਼ਰਮਾ ਨੇ ਦੱਸਿਆ ਕਿ ਪੇਟ ਦੇ ਕੀੜੇ ਮਾਰਨ ਦੀ ਦਵਾਈ ਖਾਣ ਦੇ ਨਾਲ ਹੀ ਕੀੜਿਆਂ ਦੀ ਰੋਕਥਾਮ ਲਈ ਹੋਰ ਕਈ ਮਹੱਤਵਪੂਰਣ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ। ਖਾਣਾ ਖਾਣ ਤੋਂ ਪਹਿਲਾਂ ਜਾਂ ਸ਼ੌਚਾਲੇ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ ਅਤੇ ਹੱਥਾਂ ਦੇ ਨਹੁੰਆਂ ਨੂੰ ਕੱਟ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਹੱਥ ਪੂਰੀ ਤਰਾਂ ਕੀਟਾਣੂ ਮੁਕਤ ਹੋ ਜਾਣ। ਫਲਾਂ ਅਤੇ ਸਬਜੀਆਂ ਨੂੰ ਸੇਵਨ ਤੋਂ ਪਹਿਲਾਂ ਚੰਗੀ ਤਰਾਂ ਧੋ ਲੈਣਾ ਚਾਹੀਦਾ ਹੈ ਤੇ ਦੂਸ਼ਿਤ ਪਾਣੀ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ। ਹਮੇਸ਼ਾਂ ਸਾਫ ਪਾਣੀ ਪੀਓ, ਖਾਣੇ ਨੂੰ ਢੱਕ ਕੇ ਰੱਖੋ, ਆਸ ਪਾਸ ਦੀ ਸਫਾਈ ਰੱਖੋ, ਜੁੱਤੀਆਂ ਜਾਂ ਚੱਪਲਾਂ ਪਾ ਕੇ ਰੱਖੋ ਅਤੇ ਹਮੇਸ਼ਾਂ ਸ਼ੌਚਾਲੇ ਦੀ ਵਰਤੋ ਕਰੋ। ਬੀ.ਈ.ਈ. ਰਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਅਲਬੈਂਡਾਜ਼ੋਲ ਆਸਾਨੀ ਨਾਲ ਚਬਾ ਕੇ ਖਾਣ ਵਾਲੀ ਗੋਲੀ ਹੈ, ਜੋ ਕਿ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਸੁਰੱਖਿਅਤ ਹੈ।

ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੇ ਬੱਚੇ ਅੱਜ ਕਿਸੇ ਕਾਰਣ ਕਰਕੇ ਦੁਆਈ ਨਹੀਂ ਖਾ ਸਕੇ ਉਹਨਾਂ ਨੂੰ 17 ਅਗਸਤ ਦੇ ਮੌਪ ਅੱਪ ਡੇ ਤੇ ਦੁਆਈ ਦਿੱਤੀ ਜਾਵੇਗੀ। ਜਾਗਰੂਕਤਾ ਪ੍ਰੋਗਰਾਮ ਦੇ ਅੰਤ ਵਿੱਚ ਸਿਹਤ ਵਿਭਾਗ ਦੀ ਟੀਮ ਅਤੇ ਸਕੂਲ ਮੁੱਖੀ ਵੱਲੋਂ ਵਿਦਿਆਰਥੀਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆ ਖਿਲਾ ਕੇ ਡੀ ਵਾਰਮਿੰਗ ਦਿਵਸ ਦੀ ਰਸਮੀ ਸ਼ੁਰੂਆਤ ਕੀਤੀ ਗਈ। ਉਪਰੰਤ ਸਕੂਲੀ ਅਧਿਆਪਕਾਂ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਨੂੰ ਗੋਲੀਆਂ ਖਿਲਾਈਆਂ ਗਈਆਂ। ਇਸ ਮੌਕੇ ਐਲ.ਐਚ.ਵੀ. ਕ੍ਰਿਸ਼ਨਾ ਦੇਵੀ, ਏ.ਐਨ.ਐਮ. ਊਸ਼ਾ ਰਾਣੀ ਤੋਂ ਇਲਾਵਾ  ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ। 

LEAVE A REPLY

Please enter your comment!
Please enter your name here