ਪ੍ਰਾਚੀਨ ਪਰੰਪਰਾ ਨਾਲ ਛੇੜਛਾੜ ਕਰਨੇ ਵਾਲਿਆ ਦੇ ਖਿਲਾਫ ਕਾਰਵਾਈ ਦੀ ਮੰਗ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ-ਜਤਿੰਦਰ ਪ੍ਰਿੰਸ। ਵਾਲਮੀਕਿ ਸੰਤ ਸਮਾਜ ਅਤੇ ਸੂਬੇ ਦੀਆਂ ਪ੍ਰਮੁੱਖ ਵਾਲਮੀਕਿ, ਰਵਿਦਾਸੀਆ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੇ ਇੱਕ ਵਫ਼ਦ ਜਿਸ ਵਿੱਚ ਵਾਲਮੀਕਿ ਸੰਤ ਸਮਾਜ ਦੇ ਮੁਖੀ ਸੰਤ ਬਾਬਾ ਸੇਵਕ ਨਾਥ ਜੀ, ਭਗਵਾਨ ਵਾਲਮੀਕਿ ਸ਼ਕਤੀ ਸੇਨਾ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਅਜੇ ਕੁਮਾਰ ਐਡਵੋਕੇਟ ਜੀ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ (ਰਜਿ.) ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸ਼੍ਰੀ ਤਰਲੋਕ ਸਹੋਤਾ ਜੀ, ਸ਼੍ਰੀ ਗੁਰੂ ਰਵਿਦਾਸ ਸੈਨਾ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਦਿਲਵਾਰ ਸਿੰਘ ਜੀ, ਰਾਏ ਸਿੱਖ ਅਜ਼ਾਦ ਸੈਨਾ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਜੀ ਅਤੇ ਸ਼ੇਰੇ ਪੰਜਾਬ ਯੂਥ ਫੈਡਰੇਸ਼ਨ (ਰਜਿ.) ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਨੂਪਿੰਦਰ ਸਿੰਘ ਲਾਲੀ ਜੀ ਸ਼ਾਮਿਲ ਸਨ, ਵਲੋਂ ਡੀ.ਜੀ.ਪੀ ਲਾਅ ਐਂਡ ਆਰਡਰ ਐਚ.ਐਸ.ਢਿੱਲੋਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਉਪਰੰਤ ਗੱਲਬਾਤ ਕਰਦਿਆਂ ਇਹਨਾਂ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਜਿਵੇਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਦੁਸ਼ਹਿਰੇ ਦਾ ਤਿਉਹਾਰ ਪੂਰੇ ਵਿਸ਼ਵ ਵਿੱਚ ਅਧਰਮ ਉੱਤੇ ਧਰਮ, ਝੂਠ ਉੱਤੇ ਸੱਚ ਅਤੇ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

Advertisements

ਇਸ ਮੌਕੇ ਤੇ ਸਦੀਆਂ ਤੋਂ ਹੀ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸੜਦੇ ਆ ਰਹੇ ਹਨ। ਆਪਣੇ ਪਾਵਨ ਗ੍ਰੰਥ ਰਮਾਇਣ ਦੇ ਜ਼ਰੀਏ ਭਗਵਾਨ ਵਾਲਮੀਕਿ ਜੀ ਨੇ ਰਾਵਣ ਰਾਖਸ਼ਸ਼ ਦਾ ਅੰਤ ਸ਼੍ਰੀ ਰਾਮ ਚੰਦਰ ਜੀ ਦੇ ਹੱਥੋਂ ਕਰਵਾ ਕੇ ਪੂਰੀ ਮਾਨਵਤਾ ਨੂੰ ਇਹ ਹੀ ਉਪਦੇਸ਼ ਦਿੱਤਾ ਹੈ ਕਿ ਅਧਰਮੀ ਜਿਨ•ਾਂ ਵੀ ਮਰਜ਼ੀ ਤਾਕਤਵਰ ਕਿਉਂ ਨਾ ਹੋਵੇ ਅੰਤ ਵਿੱਚ ਜਿੱਤ ਹਮੇਸ਼ਾ ਹੀ ਧਰਮ ਅਤੇ ਸੱਚ ਦੀ ਹੀ ਹੁੰਦੀ ਹੈ। ਭਗਵਾਨ ਵਾਲਮੀਕਿ ਜੀ ਦੀ ਇਸੇ ਮਹਾਨ ਸਿੱਖਿਆ ਨੂੰ ਜਨ-ਜਨ ਤੱਕ ਪਹੁੰਚਾਉਣਾ ਲਈ ਸਦੀਆਂ ਤੋਂ ਹੀ ਅਧਰਮ ਦੇ ਪ੍ਰਤੀਕ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸੜਦੇ ਆ ਰਹੇ ਹਨ। ਇੱਥੇ ਇਹ ਗੱਲ ਵੀ ਵਿਸ਼ੇਸ਼ ਧਿਆਨ ਦੇਣ ਯੋਗ ਹੈ ਕਿ ਰਾਵਣ ਨੂੰ ਬੁਰਾ ਕੇਵਲ ਭਗਵਾਨ ਵਾਲਮੀਕਿ ਰਚਿਤ ਰਮਾਇਣ ਹੀ ਨਹੀਂ ਦੱਸਦੀ ਬਲਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਵੀ ਅਨੇਕਾਂ ਵਾਰ ਗੁਰੂ ਸਾਹਿਬਾਨਾਂ ਨੇ ਅਤੇ ਹੋਰ ਮਹਾਂਪੁਰਖਾਂ ਨੇ ਰਾਵਣ ਨੂੰ ਮੂਰਖ਼, ਚਰਿੱਤਰਹੀਣ ਅਤੇ ਅਤਿਆਚਾਰੀ ਹੀ ਦੱਸਿਆ ਹੈ।

ਪਰ ਪਿਛਲੇ ਕੁੱਝ ਸਮੇਂ ਤੋਂ ਸਮਾਜ ਦੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪਾਵਨ ਗ੍ਰੰਥ ਰਮਾਇਣ ਦੇ ਖਲਨਾਇਕ ਰਾਵਣ ਨੂੰ ਮਹਾਤਮਾ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਇਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਸਾੜਨ ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਸੱਭ ਸਿੱਧੇ ਤੌਰ ਤੇ ਸਾਡੇ ਗੁਰੂਆਂ, ਮਹਾਂਪੁਰਖਾਂ ਅਤੇ ਉਹਨਾਂ ਦੁਆਰਾ ਰਚਿਤ ਮਹਾਨ ਗ੍ਰੰਥਾਂ ਦਾ ਬਹੁਤ ਵੱਡਾ ਅਪਮਾਨ ਹੈ ਅਤੇ ਇਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੇ ਸ਼ਾਂਤੀਮਈ ਮਾਹੌਲ ਨੂੰ ਭੰਗ ਕਰਨ ਦੀ ਇੱਕ ਘਟੀਆ ਸਾਜ਼ਿਸ਼ ਹੈ ਜਿਸ ਨੂੰ ਸਮੁੱਚਾ ਸਮਾਜ ਹਰਗਿਜ਼ ਵੀ ਬਰਦਾਸ਼ਤ ਨਹੀਂ ਕਰੇਗਾ। ਅੱਜ ਪੂਰਾ ਸਮਾਜ ਆਪਣੇ ਸੰਤਾਂ ਦੀ ਰਹਿਨੁਮਾਈ ਹੇਠ ਇਸ ਮਹਾਨ ਪਰੰਪਰਾ ਦੇ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਸਾੜਨ ਦਾ ਪੁਰਜ਼ੋਰ ਸਮਰਥਨ ਕਰਦਾ ਹੈ ਅਤੇ ਜੋ ਵੀ ਵਿਅਕਤੀ ਇਸ ਮਹਾਨ ਪਰੰਪਰਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰੇਗਾ ਉਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

ਅੰਤ ਵਿੱਚ ਉਹਨਾਂ ਕਿਹਾ ਕਿ ਉਹ ਸਰਕਾਰ ਤੋਂ ਇਹ ਮੰਗ ਕਰਦੇ ਹਨ ਕਿ ਭਗਵਾਨ ਵਾਲਮੀਕਿ ਜੀ ਅਤੇ ਉਹਨਾਂ ਦੇ ਮਹਾਨ ਗ੍ਰੰਥ ਰਮਾਇਣ ਦੇ ਵਾਰੇ ਝੂਠਾ ਅਤੇ ਗਲਤ ਪ੍ਰਚਾਰ ਕਰਨ ਵਾਲੇ ਸੰਗਠਨਾਂ ਉੱਤੇ ਪੂਰੀ ਤਰਾਂ ਨਾਲ ਰੋਕ ਲਗਾਈ ਜਾਵੇ ਅਤੇ ਜੋ ਵੀ ਸ਼ਰਾਰਤੀ ਅਨਸਰ ਇਹ ਘਟੀਆ ਹਰਕਤਾਂ ਕਰ ਰਹੇ ਹਨ ਉਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਪਰ ਜੇਕਰ ਹੁਣ ਵੀ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ ਸਮਾਜ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ ਅਤੇ ਫਿਰ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੀ ਹੋਵੇਗੀ। ਇਸ ਮੌਕੇ ਤੇ ਸੰਨੀ ਥਿੰਦ, ਲਵ ਕੁਮਾਰ, ਬਾਬਾ ਬਲਵੀਰ ਨਾਥ ਜੀ, ਬਾਬਾ ਨਿਰਮਲ ਨਾਥ ਜੀ, ਬਾਬਾ ਭਜਨ ਨਾਥ ਜੀ, ਗੁਰਵੀਰ ਸਿੰਘ, ਮੋਹਪ੍ਰੀਤ ਸਿੰਘ, ਸ਼ਰਨਜੀਤ ਸਿੰਘ ਪੱਤੜ ਆਦਿ ਵੀ ਮੁੱਖ ਤੌਰ ਤੇ ਸ਼ਾਮਿਲ ਹੋਏ।

LEAVE A REPLY

Please enter your comment!
Please enter your name here