ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਦਿੱਤੀ ਜਾਣਕਾਰੀ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਜਿਲਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਕੇ.ਵੀ.ਕੇ. ਕੈਂਪਸ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਸਹਾਇਕ ਕਮਿਸ਼ਨਰ ਅਮਿਤ ਸਰੀਨ ਨੇ ਸ਼ਿਰਕਤ ਕੀਤੀ ਅਤੇ ਕਿਸਾਨ ਮੇਲੇ ਦੀ ਪ੍ਰਧਾਨਗੀ ਵਧੀਕ ਨਿਰਦੇਸ਼ ਪਸਾਰ ਸਿੱਖਿਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਡਾ.ਗੁਰਮੀਤ ਸਿੰਘ ਬੁੱਟਰ ਨੇ ਕੀਤੀ। ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਫੈਸਰ (ਰਿਟਾ:) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਡਾ. ਭੁਪਿੰਦਰ ਸਿੰਘ ਬਸਰਾ ਸ਼ਾਮਲ ਹੋਏ।
ਵਧੀਕ ਸਹਾਇਕ ਕਮਿਸ਼ਨਰ ਅਮਿਤ ਸਰੀਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਖੇਤ ਵਿੱਚ ਹੀ ਮਿਲਾਉਣ, ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਵੇ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋਵੇ।

Advertisements


ਡਾ. ਗੁਰਮੀਤ ਸਿੰਘ ਬੁੱਟਰ ਨੇ ਸੰਬੋਧਨ ਕਰਦਿਆਂ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਣਪੱਖੀ ਤਕਨੀਕਾਂ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਕੇ.ਵੀ.ਕੇ. ਵਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਮੁਹਿੰਮ ਦੇ ਰੂਪ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।

ਡਿਪਟੀ ਡਾਇਰੈਕਟਰ ਕੇ.ਵੀ.ਕੇ. ਡਾ. ਮਨਿੰਦਰ ਸਿੰਘ ਬੌਂਸ ਵਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਡਾ. ਭੁਪਿੰਦਰ ਸਿੰਘ ਬਸਰਾ, ਡਿਪਟੀ ਡਾਇਰੈਕਟਰ ਬਾਗਬਾਨ ਵਿਭਾਗ ਡਾ. ਨਰੇਸ਼ ਕੁਮਾਰ, ਖੇਤੀ ਵਿਕਾਸ ਅਫ਼ਸਰ ਗੜ•ਸ਼ੰਕਰ ਡਾ. ਸੁਭਾਸ਼ ਚੰਦਰ, ਜ਼ਿਲਾ ਵਿਕਾਸ ਅਫ਼ਸਰ (ਨਾਬਾਰਡ) ਸ੍ਰੀਮਤੀ ਇੰਦਰਜੀਤ ਕੌਰ, ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮਨਜੀਤ ਸਿੰਘ, ਇੰਚਾਰਜ ਸੈਂਟਰ ਫ਼ਾਰ ਐਕਸੀਲੈਂਸ (ਨਿੰਬੂ ਜਾਤੀ) ਖਨੌੜਾ ਡਾ. ਬਲਵਿੰਦਰ ਸਿੰਘ, ਕੇ.ਵੀ.ਕੇ. ਬਾਹੋਵਾਲ ਦੇ ਵਿਗਿਆਨੀਆਂ ਡਾ. ਅਰੁਣ ਵੀਰ ਸਿੰਘ, ਡਾ. ਸੁਖਵਿੰਦਰ ਸਿੰਘ ਔਲਖ ਅਤੇ ਡਾ. ਪ੍ਰਿੰਸੀ ਨੇ ਵੀ ਕਿਸਾਨਾਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ।

– ਅਗਾਂਹਵਧੂ ਕਿਸਾਨਾਂ ਅਤੇ ਫਾਰਮ ਮਸ਼ੀਨਰੀ ਬੈਂਕ ਮਾਲਕਾਂ ਦਾ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨ

ਕਿਸਾਨਾਂ ਦੀ ਤਕਨੀਕੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਕਿਸਾਨਾਂ ਨਾਲ ਰੂ-ਬ-ਰੂ ਹੋਏ। ਗੁਰਸੇਵਾ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ ਪਨਾਮ, ਗੜਸ਼ੰਕਰ ਦੇ ਵਿਦਿਆਰਥੀਆਂ ਵਲੋਂ ਕਿਸਾਨਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕਿੱਟ ਪੇਸ਼ ਕੀਤੀ ਗਈ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ।
ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਅਤੇ ਫਾਰਮ ਮਸ਼ੀਨਰੀ ਬੈਂਕ ਮਾਲਕਾਂ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ। ਕਿਸਾਨਾਂ ਦੀ ਸਹੂਲਤ ਲਈ ਕਣਕ, ਗੋਭੀ ਸਰੋਂ, ਰਾਇਆ, ਤਾਰਾਮੀਰਾ, ਛੋਲੇ, ਮਸਰ, ਪਿਆਜ਼, ਦਾਲਾਂ ਤੇ ਤੇਲਬੀਜ ਕਿੱਟ, ਮਟਰਾਂ ਤੇ ਕਣਕ ਲਈ ਜੀਵਾਣੂ ਖਾਦ, ਸਬਜੀਆਂ ਦੀਆਂ ਕਿੱਟਾਂ, ਫੁੱਲਾਂ ਦੇ ਬੀਜ, ਫਲਦਾਰ ਬੂਟੇ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਫਲ ਦੀ ਮੱਖੀ ਲਈ ਟ੍ਰੈਪ ਅਤੇ ਖੇਤੀ ਸਾਹਿਤ ਵੀ ਉਪਲਬੱਧ ਕਰਵਾਇਆ ਗਿਆ। ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਅਤੇ ਪ੍ਰਾਈਵੇਟ ਅਦਾਰਿਆਂ ਵਲੋਂ ਆਪਣੇ ਪਦਾਰਥਾਂ ਅਤੇ ਖੇਤੀਬਾੜੀ ਸਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।

LEAVE A REPLY

Please enter your comment!
Please enter your name here