ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ 12 ਨਵੰਬਰ ਤੋਂ ਸ਼ੁਰੂ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਪੰਜਾਬ ਸਰਕਾਰ ਪਸ਼ੂ ਪਾਲਣ ਨਾਲ ਜੁੜੇ ਅਗਾਂਹਵਧੂ ਕਿਸਾਨਾਂ ਲਈ 12 ਨਵੰਬਰ ਤੋਂ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ  ਦੀ ਅਗਵਾਈ ਹੇਠ ਕੌਮੀ ਪਸ਼ੂਧਨ ਮੁਕਾਬਲਾ-2019 ਅਗਲੇ ਸਾਲ ਜਨਵਰੀ ਮਹੀਨੇ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚੋਣ ਵਾਸਤੇ ਜ਼ਿਲਾ ਹੁਸ਼ਿਆਰਪੁਰ ਦੇ 10 ਬਲਾਕਾਂ ਵਿਖੇ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ 12 ਨਵੰਬਰ ਤੋਂ ਸ਼ੁਰੂ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਨਵੰਬਰ ਤੋਂ ਹਰੇਕ ਮਹੀਨੇ ਦੇ ਦੂਸਰੇ ਸੋਮਵਾਰ ਕਰਵਾਏ ਜਾਣ ਵਾਲੇ ਇਹਨਾਂ ਮੁਕਾਬਲਿਆਂ ਵਿੱਚ ਮੁਰਹਾ ਅਤੇ ਮੁਰਹਾ ਗ੍ਰੇਡਿਡ ਨਸਲ ਦੀਆਂ ਮੱਝਾਂ (16 ਕਿਲੋ ਅਤੇ ਉਸ ਤੋਂ ਵੱਧ), ਨੀਲੀ ਰਾਵੀ ਅਤੇ ਨੀਲੀ ਰਾਵੀ ਗ੍ਰੇਡਿਡ ਨਸਲ ਦੀਆਂ ਮੱਝਾਂ (14 ਕਿਲੋ ਅਤੇ ਉਸ ਤੋਂ ਵੱਧ), ਸਾਹੀਵਾਲ ਅਤੇ ਹੋਰ ਦੇਸੀ ਨਸਲ ਦੀਆਂ ਗਾਵਾਂ (12 ਕਿਲੋ ਅਤੇ ਉਸ ਤੋਂ ਵੱਧ), ਐਚ.ਐਫ. ਅਤੇ ਐਚ.ਐਫ. ਕਰਾਸ ਗਾਵਾਂ (30 ਕਿਲੋ ਅਤੇ ਉਸ ਤੋਂ ਵੱਧ), ਜਰਸੀ ਅਤੇ ਜਰਸੀ ਕਰਾਸ ਗਾਵਾਂ (16 ਕਿਲੋ ਅਤੇ ਉਸ ਤੋਂ ਵੱਧ) ਅਤੇ ਕਿਸੇ ਵੀ ਨਸਲ ਦੀਆਂ ਬੱਕਰੀਆਂ (2.5 ਕਿਲੋ ਅਤੇ ਉਸ ਤੋਂ ਵੱਧ) ਦੇ ਮੁਕਾਬਲੇ ਕਰਵਾਏ ਜਾਣਗੇ।

Advertisements

ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਚਾਹਵਾਨ ਕਿਸਾਨਾਂ ਜਾਂ ਪਸ਼ੂ ਪਾਲਣ ਆਪਣੀਆਂ ਮੱਝਾਂ, ਦੇਸੀ ਤੇ ਵਲੈਤੀ ਗਾਵਾਂ ਤੇ ਬੱਕਰੀਆਂ ਦੀ ਰਜਿਸਟਰੇਸ਼ਨ ਲਈ ਨੇੜੇ ਦੀ ਪਸ਼ੂ ਸੰਸਥਾ ਜਾਂ ਆਪਣੇ ਜ਼ਿਲੇ ਦੇ ਡਿਪਟੀ ਡਾਇਰੈਕਟਰ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਉਚੇਚੇ ਤੌਰ ‘ਤੇ ਦੱਸਿਆ ਕਿ ਬਲਾਕ ਪੱਧਰ ਦੇ ਜੇਤੂ ਪਸ਼ੂ ਹੀ ਕੌਮੀ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਲਈ ਯੋਗ ਸਮਝੇ ਜਾਣਗੇ। ਇਸ ਲਈ ਚਾਹਵਾਨ ਕਿਸਾਨ ਜਲਦੀ ਤੋਂ ਜਲਦੀ ਆਪਣੇ ਪਸ਼ੂਆਂ ਦੀ ਰਜਿਸਟਰੇਸ਼ਨ ਪਸ਼ੂ ਪਾਲਣ ਵਿਭਾਗ ਕੋਲ ਕਰਵਾਉਣ। ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਹੁਸ਼ਿਆਰਪੁਰ ਜ਼ਿਲੇ ਦੇ ਡਿਪਟੀ ਡਾਇਰੈਕਟਰ ਨਾਲ ਮੋਬਾਇਲ ਨੰਬਰ 98887-12208 ਜਾਂ ਟੈਲੀਫੋਨ ਨੰ: 01882-253574 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਸ਼ੂ ਪਾਲਣ ਦੇ ਧੰਦੇ ਨੂੰ ਸੂਬੇ ਵਿੱਚ ਵਿਕਸਿਤ ਕਰਨ ਲਈ ਵੱਡੀ ਪੱਧਰ ‘ਤੇ ਫੈਸਲੇ ਲਏ ਜਾ ਰਹੇ ਹਨ, ਕਿਉਂਕਿ ਜੋ ਖੇਤੀਬਾੜੀ ਖੇਤਰ ਵਿੱਚ ਮੌਜੂਦਾ ਸਮੇਂ ਖੜੋਤ ਹੋਣ ਕਰਕੇ ਪਸ਼ੂ ਪਾਲਣ ਦੇ ਨਾਲ ਸਬੰਧਤ ਕਿੱਤਿਆਂ (ਡੇਅਰੀ, ਮੂਰਗੀ ਪਾਲਣ, ਸੂਰ ਪਾਲਣ, ਬੱਕਰੀ/ਭੇਡ ਪਾਲਣ ਆਦਿ) ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਇਸੇ ਤਹਿਤ ਨਾਭਾ ਤੇ ਰੋਪੜ ਵਿਖੇ ਚੱਲ ਰਹੇ ਦੋ ਬੁੱਲ ਸਟੇਸ਼ਨ ਕਮ ਫਰੋਜ਼ਨ ਸੀਮਨ ਬੈਂਕ ਦਾ ਵਿਆਪਕ ਪੱਧਰ ‘ਤੇ ਆਧੁਨਿਕੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਸ਼ੂ ਪਾਲਣ ਦੇ ਖੇਤਰ ਨਾਲ ਜੋੜਨ ਲਈ ਅਤੇ ਵੈਟਰਨਰੀ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਮੰਤਵ ਨਾਲ ਰਾਮਪੁਰਾ ਫੂਲ, ਬਠਿੰਡਾ ਵਿਖੇ ਪੰਜਾਬ ਸਰਕਾਰ ਵਲੋਂ 92.14 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਵੈਟਰਨਰੀ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਤਰਾਂ ਸਰਕਾਰ ਵਲੋਂ ਸੂਬੇ ਵਿੱਚ ਡੇਅਰੀ ਵਿਭਾਗ ਵਲੋਂ ਕਿਸਾਨਾਂ ਨੂੰ ਪ੍ਰੇਰਿਤ ਕਰਕੇ 3322 ਨਵੇਂ ਡੇਅਰੀ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here