ਖੇਤੀਬਾੜੀ ਵਿਭਾਗ ਵਲੋਂ ਮੱਕੀ ਦੇ ਬੀਜ ‘ਤੇ ਸਬਸਿਡੀ ਉਪਲਬੱਧ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਮੱਕੀ ਦੇ ਬੀਜ ‘ਤੇ ਸਬਸਿਡੀ ਦੇਣ ਸਬੰਧੀ ਖੇਤੀਬਾੜੀ ਵਿਭਾਗ ਵਲੋਂ ਤਿਆਰ ਕੀਤੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਦਲਬੀਰ ਸਿੰਘ ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਮੱਕੀ ਦੇ ਬੀਜ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਿਸਾਨ ਮੱਕੀ ਦਾ ਬੀਜ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਤੋਂ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੀ ਨੀਤੀ ਅਨੁਸਾਰ ਆਪਣਾ ਬਿਨੈ ਪੱਤਰ ਦੇ ਕੇ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਇਹ ਬੀਜ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਉਪਲਬੱਧ ਕਰਵਾਇਆ ਜਾ ਰਿਹਾ ਹੈ।

Advertisements

ਡਾ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਇਕ ਕਿਲੋ ‘ਤੇ 90 ਰੁਪਏ ਸਬਸਿਡੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਮੱਕੀ ਦੇ ਬੀਜ ‘ਤੇ ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਮੱਕੀ ਦੀਆਂ ਸਿਫਾਰਿਸ ਕਿਸਮਾਂ (ਪੀ.ਐਲ 801, ਪੀ.ਐਲ 901, ਟੀ.ਐਕਸ 369, ਲਕਸ਼ਮੀ 333, ਪੀ. 3369, ਪੀ. 3401, ਡਿਕਾਲਬ 9164, ਐਲ.ਜੀ 3405, ਪੀ.ਏ.ਸੀ 751, ਐਡਵਾਂਟਾ 9293, ਐਨ.ਕੇ 7750, ਐਨ.ਕੇ. 7720, ਪੀ.ਐਮ.ਐਚ-2255, ਆਰ.ਐਮ.ਐਚ-9999, ਜੇ.ਕੇ.ਐਮ.ਐਚ-502 ਅਤੇ ਪੀ.ਐਮ.ਐਚ-1) ‘ਤੇ ਇਕ ਜਿਮੀਂਦਾਰ ਨੂੰ ਵੱਧ ਤੋਂ ਵੱਧ 5 ਏਕੜ ਤੱਕ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਨਾਂ ਕਲੱਸਟਰ ਪ੍ਰਦਰਸ਼ਨੀਆਂ ਦਾ ਬੀਜ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਰਾਹੀਂ ਨੈਸ਼ਨਲ ਰੇਟ ‘ਤੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਅਤੇ ਬੀਜ ਦੀ ਬਣਦੀ ਸਬਸਿਡੀ ਕਿਸਾਨ ਦੇ ਦਿੱਤੇ ਬੈਂਕ ਖਾਤੇ ਵਿੱਚ ਆਰ.ਟੀ.ਜੀ.ਐਸ. ਰਾਹੀਂ ਟਰਾਂਸਫਰ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬੀਜ ਲੈਣ ਵਾਲੇ ਕਿਸਾਨ ਨੂੰ ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਜਿੰਕ ਸਲਫੇਟ ‘ਤੇ ਵੀ ਸਬਸਿਡੀ ਦਿੱਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਵੀ ਜਿਮੀਂਦਾਰ ਇਸ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਹ ਆਪਣਾ ਬਿਨੈ ਪੱਤਰ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾ ਕੇ ਅਤੇ ਖਰੀਦ ਕੀਤੇ ਨਦੀਨ ਨਾਸ਼ਕ/ਕੀਟ ਨਾਸ਼ਕ/ਜਿੰਕ ਸਲਫੇਟ ਦਾ ਬਿੱਲ, ਬੈਂਕ ਖਾਤੇ ਦੀ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਬਿਨੈ ਪੱਤਰ ਨਾਲ ਨੱਥੀ ਕਰਕੇ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ/ਖੇਤੀਬਾੜੀ ਵਿਕਾਸ ਅਫ਼ਸਰ ਨੂੰ ਜਮਾਂ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਆਧਾਰ ਨੰਬਰ ਤੋਂ ਬਿਨਾਂ ਕਿਸੇ ਵੀ ਜਿਮੀਂਦਾਰ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਿਮੀਂਦਾਰ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here