ਕੁਪੋਸ਼ਣ ਬਿਮਾਰੀਆਂ ਦੀ ਜੜ੍ਹ ਹੈ: ਰਮਨਦੀਪ ਕੌਰ

1(1)
ਹੁਸ਼ਿਆਰਪੁਰ 8 ਸਤੰਬਰ: ਕੌਮੀ ਖੁਰਾਕ ਹਫਤੇ ਅਧੀਨ ਸਿਹਤਮੰਦ ਜੀਵਨ ਲਈ ਖੁਰਾਕ ਸੁਰੱਖਿਆ ਵਿਸ਼ੇ ਤੇ ਸਿਹਤ ਸਿੱਖਿਆ ਫੋਕਸ ਗਰੁੱਪ ਡਿਸਕਸ਼ਨ ਦਾ ਆਯੋਜਨ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰ: ਪੀ.ਐਚ.ਸੀ. ਚੱਕੋਵਾਲ ਜੀ ਦੇ ਨਿਰਦੇਸ਼ਾਂ ਅਨੁਸਾਰ ਗੁਜਰਾਂ ਦੇ ਡੇਰੇ ਪਿੰਡ ਚੱਕੋਵਾਲ ਵਿਖੇ ਕੀਤਾ ਗਿਆ। ਜਿਸ ਵਿੱਚ ਰਮਨਦੀਪ ਕੌਰ ਬੀ.ਈ.ਈ., ਸੁਰਿੰਦਰ ਕੌਰ ਐਲ.ਐਚ.ਵੀ. ਅਤੇ ਮਨਜੀਤ ਸਿੰਘ ਹੈਲਥ ਇੰਸਪੈਕਟਰ ਵੱਲੋਂ ਡਿਸਕਸ਼ਨ ਦੌਰਾਨ ਸ਼ਾਮਿਲ ਹੋਈਆਂ ਔਰਤਾਂ ਅਤੇ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ। ਸਿਹਤ ਸਿੱਖਿਆ ਸਬੰਧੀ ਇਸ ਡਿਸਕਸ਼ਨ ਦੌਰਾਨ ਜਾਣਕਾਰੀ ਦਿੰਦੇ ਰਮਨਦੀਪ ਕੌਰ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਆਪਣੇ ਖਾਣੇ ਦੀਆਂ ਆਦਤਾਂ ਵਿੱਚ ਸੁਧਾਰ ਕਰਨ ਦੀ ਬਹੁਤ ਲੋੜ ਹੈ। ਕਿਊਂਕਿ ਛੌਟੇ ਬੱਚਿਆਂ ਵਿੱਚ ਕੁਪੋਸ਼ਣ ਜਿਆਦਾ ਚਿੰਤਾ ਦਾ ਵਿਸ਼ਾ ਹੈ। ਖਾਣੇ ਨਾਲ ਪੇਟ ਭਰਨਾ ਹੀ ਜਰੂਰੀ ਨਹੀਂ ਬਲਕਿ ਪੋਸ਼ਟਿਕ ਖੁਰਾਕੀ ਤੱਤਾਂ ਦਾ ਹੋਣਾ ਵੀ ਜਰੂਰੀ ਹੈ ਜਿਸਦੇ ਲਈ ਖੁਰਾਕ ਸੁਰੱਖਿਆ ਦੀ ਲੋੜ ਹੈ ਤਾਂਕਿ ਅਗਲੀ ਪੀੜੀ ਨੂੰ ਕੁਪੋਸ਼ਣ ਤੋਂ ਬਚਾਇਆ ਜਾ ਸਕੇ। ਕੁਪੋਸ਼ਣ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ, ਪਰ ਇਹ ਕਈ ਬਿਮਾਰੀਆਂ ਦੀ ਜੜ੍ਹ ਹੈ। ਇਸ ਲਈ ਸਾਨੂੰ ਆਪਣੇ ਆਹਾਰ ਵਿੱਚ ਦੁੱਧ, ਦਹੀ, ਲੱਸੀ, ਦਾਲਾਂ, ਮੌਸਮੀ ਫਲ ਅਤੇ ਹਰੀਆਂ ਸਬਜ਼ੀਆਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੱਚਿਆਂ ਦਾ ਰੁਝਾਨ ਜੰਕ ਫੂਡ, ਫਾਸਟ ਫੂਡ ਅਤੇ ਕੋਲਡਰਿੰਕਸ ਵੱਲ ਵੱਧ ਰਿਹਾ ਹੈ। ਇਸਦਾ ਇੱਕ ਕਾਰਣ ਮਾਪਿਆਂ ਕੋਲ ਸਮੇਂ ਦੀ ਘਾਟ ਹੋਣਾ ਵੀ ਹੈ। ਸਿਹਤਮੰਦ ਜੀਵਨ ਜੀਣ ਲਈ ਜਰੂਰੀ ਹੈ ਕਿ ਬੱਚੇ ਘਰ ਦਾ ਖਾਣਾ ਹੀ ਖਾਣ। ਨਾਸ਼ਤਾ ਜਰੂਰ ਕਰਨ ਅਤੇ ਦੁਪਹਿਰ ਤੇ ਰਾਤ ਦਾ ਖਾਣਾ ਵੀ ਨਿਯਮਿਤ ਸਮੇਂ ਸਿਰ ਹੀ ਕਰਨ। ਇਸਦੇ ਨਾਲ ਨਾਲ ਬੱਚਿਆਂ ਨੂੰ ਕਸਰਤ ਵੀ ਨਿਯਮਿਤ ਕਰਨੀ ਚਾਹੀਦੀ ਹੈ। ਸੁਰਿੰਦਰ ਕੌਰ ਨੇ ਗਰਭ ਦੌਰਾਨ ਪੋਸ਼ਟਿਕ ਖੁਰਾਕ ਅਤੇ ਜਰੂਰੀ ਦੇਖਭਾਲ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਜਨਮ ਸਮੇਂ 2.5 ਕਿਲੋਗ੍ਰਾਮ ਤੋਂ ਘੱਟ ਵਜਨ ਵਾਲੇ ਬੱਚਿਆਂ ਨੂੰ ਕੁਪੋਸ਼ਣ ਹੋਣ ਦੀਆਂ ਸੰਭਾਵਨਾਵਾਂ ਜਿਆਦਾ ਹੁੰਦੀਆਂ ਹਨ, ਜਿਸ ਕਰਕੇ ਸਰੀਰਕ ਕਮਜੋਰੀ ਅਤੇ ਪੂਰਣ ਵਿਕਾਸ ਰੂਕ ਜਾਂਦਾ ਹੈ ਅਤੇ ਬੱਚਾ ਬਾਰ ਬਾਰ ਬਿਮਾਰ ਰਹਿੰਦਾ ਹੈ। ਨਿਯਮਤ ਕਸਰਤ ਅਤੇ ਸਹੀ ਖਾਣ ਪੀਣ ਨਾਲ ਲੰਬੀ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਇਹ ਜਰੂਰੀ ਨਹੀਂ ਕਿ ਮਹਿੰਗੀਆਂ ਅਤੇ ਦੁਰਲੱਭ ਚੀਜ਼ਾਂ ਹੀ ਵਰਤੀਆਂ ਜਾਣ ਬਲਕਿ ਮੋਸਮੀ ਫਲ ਤੇ ਸਬਜ਼ੀਆਂ ਅਤੇ ਆਸਾਨੀ ਨਾਲ ਮਿਲਣ ਵਾਲੀਆਂ ਚੀਜ਼ਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਪੋਸ਼ਟਿਕ ਆਹਾਰ ਸਬੰਧੀ ਜਾਗਰੂਕਤਾ ਹੀ ਸਿਹਤਮੰਦ ਦੇਸ਼ ਦੀ ਕੂੰਜੀ ਹੈ। ਮਨਜੀਤ ਸਿੰਘ ਨੇ ਡਿਸਕਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਜੋ ਖਾਂਦੇ ਹਾਂ ਸਰੀਰ ਤੇ ਉਸ ਦਾ ਪ੍ਰਭਾਵ ਉਸੇ ਤਰ੍ਹਾਂ ਦਾ ਹੀ ਪੈਂਦਾ ਹੈ। ਇਸ ਲਈ ਡਾਕਟਰ ਅਤੇ ਭੋਜਨ ਮਾਹਰ ਵੱਧਦੀਆਂ ਹੋਈਆਂ ਬੀਮਾਰੀਆਂ ਨੂੰ ਰੋਕ ਪਾਉਣ ਲਈ ਖਾਣ ਪੀਣ ਦੀਆਂ ਤੰਦਰੁਸਤ ਆਦਾਤਾਂ ਪਾਉਣ ਦੀ ਸਲਾਹ ਦਿੰਦੇ ਹਨ। ਮਸਾਲੇਦਾਰ ਅਤੇ ਚੱਟਪੱਟੇ ਖਾਣਾ ਖਾਣ ਨਾਲ ਮੂੰਹ ਦਾ ਸੁਆਦ ਕੁੱਝ ਪਲਾਂ ਲਈ ਹੀ ਬਦਲਦਾ ਹੈ ਪਰ ਲੰਬੇ ਸਮੇਂ ਤੱਕ ਇਸਦਾ ਨੁਕਸਾਨ ਭੁਗਤਣਾ ਪੈਂਦਾ ਹੈ। ਇਸਲਈ ਤੰਦਰੁਸਤ ਰਹਿਣ ਲਈ ਖਾਣ ਪੀਣ ਦੀਆਂ ਤੰਦਰੁਸਤ ਆਦਤਾਂ ਅਪਣਾਉਣਾ ਬਹੁਤ ਹੀ ਜਰੂਰੀ ਹੈ।

Advertisements

LEAVE A REPLY

Please enter your comment!
Please enter your name here