ਦੁਕਾਨਦਾਰਾਂ ਅਤੇ ਆਮ ਜਨਤਾ ਲਈ ਫਾਇਦੇਮੰਦ ਸਾਬਤ ਹੋ ਰਿਹਾ ਹੈ ਕੋਵਾ ਐਪ: ਅਪਨੀਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਇਨਾਂ ਸਹੂਲਤਾਂ ਵਿੱਚ ਤਿਆਰ ਕੀਤਾ ਗਿਆ ਕੋਵਾ ਐਪ ਆਮ ਜਨਤਾ ਅਤੇ ਦੁਕਾਨਦਾਰਾਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਰਿਹਾ ਹੈ। ਇਸ ਐਪ ਰਾਹੀਂ ਦੁਕਾਨਦਾਰਾਂ ਵਲੋਂ ਆਰਡਰ ਪ੍ਰਾਪਤ ਕਰਕੇ ਘਰਾਂ ਵਿੱਚ ਹੀ ਹੋਮ ਡਿਲੀਵਰੀ ਰਾਹੀਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੋਵਾ ਐਪ ਦੇ ਮਾਧਿਅਮ ਨਾਲ ਕਨੈਕਟ-ਟੂ-ਡਾਕਟਰ ਨਾਮ ਤੋਂ ਵਿਸ਼ੇਸ਼ ਹੈਲਪਲਾਈਨ ਨੰਬਰ 1800-180-4104 ਵੀ ਜਾਰੀ ਕੀਤਾ ਗਿਆ ਹੈ।

Advertisements

-ਜ਼ਿਲੇ ਦੇ ਭਾਰੀ ਗਿਣਤੀ ‘ਚ ਦੁਕਾਨਦਾਰਾਂ ਨੇ ਕਰਵਾਈ ਰਜਿਸਟਰੇਸ਼ਨ, ਐਪ ਰਾਹੀਂ ਆਰਡਰ ਪ੍ਰਾਪਤ ਕਰਕੇ ਜਨਤਾ ਨੂੰ ਮੁਹੱਈਆ ਕਰਵਾ ਰਹੇ ਹਨ ਜ਼ਰੂਰੀ ਵਸਤਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਰੂਰੀ ਵਸਤਾਂ ਦੀ ਘਰ ਵਿੱਚ ਪਹੁੰਚ ਯਕੀਨੀ ਬਣਾਉਣ ਲਈ ਕੋਵਾ ਐਪ ਵਿੱਚ ਇਕ ਨਵਾਂ ਮੋਡਿਊਲ ਤਿਆਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮੋਡਿਊਲ ਨੂੰ ਵਰਤਣ ਲਈ ਐਪ ਨੂੰ ਡਾਊਨਲੋਡ ਕਰਨਾ ਲਾਜ਼ਮੀ ਹੈ, ਜੋ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਵਿੱਚ ਮੁਫ਼ਤ ਉਪਲਬੱਧ ਹੈ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲੇ ਵਿੱਚ ਭਾਰੀ ਗਿਣਤੀ ਵਿੱਚ ਦੁਕਾਨਦਾਰਾਂ ਵਲੋਂ ਇਸ ਐਪ ਵਿੱਚ ਰਜਿਸਟਰੇਸ਼ਨ ਕਰਵਾ ਕੇ ਜਨਤਾ ਨੂੰ ਹੋਮ ਡਿਲੀਵਰੀ ਰਾਹੀਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ।

-ਦੁਕਾਨਦਾਰ ਅਤੇ ਜ਼ਿਲਾ ਵਾਸੀ ਕੋਵਾ ਐਪ ਦਾ ਵੱਧ ਤੋਂ ਵੱਧ ਲਾਭ ਉਠਾਉਣ: ਡਿਪਟੀ ਕਮਿਸ਼ਨਰ

ਉਹਨਾਂ ਕਿਹਾ ਕਿ ਜ਼ਿਲੇ ਦੇ 100 ਤੋਂ ਵੱਧ ਕਰਿਆਨੇ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰ ਇਸ ਐਪ ਰਾਹੀਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਦੁਕਾਨਦਾਰ ਅਤੇ ਜ਼ਿਲਾ ਵਾਸੀ ਵੱਧ ਤੋਂ ਵੱਧ ਕੋਵਾ ਐਪ ਦਾ ਲਾਭ ਉਠਾਉਣ। ਅਪਨੀਤ ਰਿਆਤ ਨੇ ਦੱਸਿਆ ਕਿ ਕੋਵਾ ਐਪ ਦੇ ਮੈਨਯੂ ਵਿੱਚ ਰਿਕੁਐਸਟ ਗਰੋਸਰੀ ਟਾਈਪ ‘ਤੇ ਕਲਿੱਕ ਕਰਕੇ ਇਹ ਮੋਡਿਊਲ ਖੁੱਲ ਜਾਵੇਗਾ। ਉਹਨਾਂ ਦੱਸਿਆ ਕਿ ਇਸ ਉਪਰੰਤ ਕੋਈ ਵੀ ਵਿਅਕਤੀ ਆਪਣੀ ਲੋਕੇਸ਼ਨ ਸੈਟ ਕਰਕੇ ਆਪਣੇ ਨੇੜਲੇ ਦੁਕਾਨਦਾਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਮੋਡਿਊਲ ਰਾਹੀਂ ਕਿਸੇ ਵੀ ਵਿਅਕਤੀ ਵਲੋਂ ਫ਼ਲ-ਸਬਜ਼ੀਆਂ, ਦਵਾਈਆਂ, ਦੁੱਧ ਉਤਪਾਦ ਅਤੇ ਕਰਿਆਨੇ ਦੇ ਸਮਾਨ ਨੂੰ ਘਰ ਬੈਠੇ ਮੰਗਵਾਇਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਰਜਿਸਟਰਡ ਦੁਕਾਨਦਾਰ ਆਪਣੇ ਸਮਾਨ ਦੀ ਸਪਲਾਈ ਲਈ ਇਸ ਮੋਡਿਊਲ ਰਾਹੀਂ ਰਜਿਸਟਰੇਸ਼ਨ ਕਰ ਸਕਦਾ ਹੈ। ਉਨ•ਾਂ ਦੱਸਿਆ ਕਿ ਰਜਿਸਟਰੇਸ਼ਨ ਤੋਂ ਪਹਿਲਾਂ ਦੁਕਾਨਦਾਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਕਿਸੇ ਵੀ ਵਸਤੂ ਦਾ ਵੇਚ ਮੁੱਲ ਐਮ.ਆਰ.ਪੀ. ਰੇਟਾਂ ਤੋਂ ਵੱਧ ਨਾ ਹੋਵੇ ਅਤੇ ਦੁਕਾਨਦਾਰ ਕੋਲ ਸਮਾਨ ਘਰ ਪਹੁੰਚਾਉਣ ਦੀ ਆਪਣੇ ਪੱਧਰ ‘ਤੇ ਸੁਵਿਧਾ ਹੋਵੇ। ਉਹਨਾਂ ਦੱਸਿਆ ਕਿ ਅਜਿਹਾ ਨਾ ਹੋਣ ‘ਤੇ ਉਸ ਦੀ ਅਰਜ਼ੀ ਰੱਦ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਦੁਕਾਨਦਾਰ ਨੂੰ ਸਭ ਤੋਂ ਪਹਿਲਾਂ ਕੋਵਾ ਐਪ ਡਾਊਨਲੋਡ ਕਰਨਾ ਹੋਵੇਗਾ ਅਤੇ ਰਿਕੁਐਸਟ ਗਰੋਸਰੀ ਟਾਈਪ ‘ਤੇ ਕਲਿੱਕ ਕਰਨਾ ਹੋਵੇਗਾ।

ਇਸ ਉਪਰੰਤ ਉਹ ਵੈਂਡਰ ਰਜਿਸਟਰੇਸ਼ਨ ‘ਤੇ ਕਲਿੱਕ ਕਰਕੇ ਆਨਰੋਲ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਅਰਜ਼ੀ ਦੇਣ ਲਈ ਜ਼ਿਲੇ ਦਾ ਨਾਮ, ਮੋਬਾਇਲ ਨੰਬਰ ਅਤੇ ਪੂਰਾ ਪਤਾ ਦੱਸਣਾ ਹੋਵੇਗਾ ਅਤੇ ਫ਼ਿਰ ਵੇਚਣ ਵਾਲੀਆਂ ਵਸਤਾਂ ਜਿਵੇਂ ਦੁੱਧ ਉਤਪਾਦ, ਫ਼ਲ, ਸਬਜ਼ੀਆਂ, ਦਵਾਈਆਂ ਅਤੇ ਕਰਿਆਨੇ ਬਾਰੇ ਜਾਣਕਾਰੀ ਦੇਣੀ ਹੋਵੇਗੀ, ਉਪਰੰਤ ਆਖਰ ਵਿੱਚ ਡਿਲੀਵਰੀ ਕਰਤਾ ਬਾਰੇ ਜਾਣਕਾਰੀ ਦੇਣੀ ਪਵੇਗੀ। ਉਹਨਾਂ ਦੱਸਿਆ ਕਿ ਇਸ ਉਪਰੰਤ ਇਹ ਰਜਿਸਟਰੇਸ਼ਨ ਅਰਜ਼ੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਨਲਾਈਨ ਚਲੀ ਜਾਵੇਗੀ।

ਉਹਨਾਂ ਦੱਸਿਆ ਕਿ ਜੇਕਰ ਇਹ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਤਾਂ ਸਬੰਧਤ ਦੁਕਾਨਦਾਰ ਦੇ ਮੋਬਾਇਲ ‘ਤੇ ਇਕ ਆਈ.ਡੀ. ਅਤੇ ਪਾਸਵਰਡ ਭੇਜ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਆਈ.ਡੀ. ਪਾਸਵਰਡ ਵਰਤ ਕੇ ਦੁਕਾਦਨਦਾਰ ਦੁਕਾਨ ਦੇ ਸਟਾਕ ਅਤੇ ਉਹਨਾਂ ਦੀ ਵਿਕਰੀ ਨੂੰ ਅਪਡੇਟ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਨਾਗਰਿਕਾਂ ਵਲੋਂ ਕੀਤੇ ਗਏ ਆਰਡਰ ਦੁਕਾਨਦਾਰ ਆਪਣੀ ਲਾਗਇਨ ਆਈ.ਡੀ. ਵਿੱਚ ਦੇਖ ਸਕਦਾ ਹੈ ਅਤੇ ਸਬੰਧਤ ਨਾਗਰਿਕ ਵਲੋਂ ਦਿੱਤੇ ਗਏ ਪਤੇ ‘ਤੇ ਇਹ ਆਰਡਰ ਪਹੁੰਚਾਉਣੇ ਹੋਣਗੇ। ਉਹਨਾਂ ਦੱਸਿਆ ਕਿ ਜੇਕਰ ਜ਼ਿਲਾ ਪ੍ਰਸ਼ਾਸ਼ਨ ਨੂੰ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਕਿਸੇ ਵੀ ਸਮੇਂ ਕਿਸੇ ਵੀ ਦੁਕਾਨਦਾਰ ਦੀ ਰਜਿਸਟਰੇਸ਼ਨ ਨੂੰ ਰੱਦ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here