ਕੰਬਾਈਨ ਹਾਰਵੈਸਟਰ ਦੇ ਮਾਲਕ ਮਸ਼ੀਮ ਦੀ ਸਾਫ-ਸਫਾਈ ਦਾ ਰੱਖਣ ਖਾਸ ਖਿਆਲ: ਡਾ. ਅਮਰੀਕ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ (ਕੋਵਿਡ-19) ਦੇ ਸੰਕਟ ਦੇ ਚੱਲਦਿਆਂ ਬਲਾਕ ਪਠਾਨਕੋਟ ਅੰਦਰ ਚੱਲਣ ਵਾਲੀਆ ਸਮੂਹ ਕੰਬਾਈਨ ਹਾਰਵੈਸਟਰ ਮਸ਼ੀਨਾਂ ਨੂੰ ਕਟਾਣੂ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ੇ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਸਮੂਹ ਕੰਬਾਈਨ ਹਾਸਵੈਸਟਰ, ਰੀਪਰ ਅਤੇ ਥਰੈਸ਼ਰਾਂ ਮਸ਼ੀਨਾਂ ਨੂੰ ਕਣਕ ਦੀ ਕਟਾਈ ਕਰਦਿਆਂ ਸੋਡੀਅਮ ਹਾਈਪੋਕਲੋਰਾਈਟ/ਸੈਨੇਟਾਈਜ਼ਰ ਦਾ ਛਿੜਕਾਅ ਕਰਕੇ ਕੀਟਾਣੂ ਮੁਕਤ ਕੀਤਾ ਜਾ ਰਿਹਾ,ਇਸ ਮਕਸਦ ਲਈ ਸੋਡੀਅਮ ਹਾਈਪੋਕਲੋਰਾਈਟ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੈ। ਬਲਾਕ ਪਠਾਨਕੋਟ ਵਿੱਚ ਚੱਲ ਰਹੀ ਖੇਤੀ ਮਸ਼ੀਨਰੀ ਦੀ ਸਾਫ ਸਫਾਈ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪਿੰਡਾਂ ਵਿੱਚ ਜਾ ਕੇ ਜਾਇਜ਼ਾ ਲਿਆ। ਇਸ ਟੀਮ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ ਅਤੇ ਨਿਰਪਜੀਤ ਖੇਤੀ ਉਪ ਨਿਰੀਖਕ ਸ਼ਾਮਿਲ ਸਨ।

Advertisements

ਪਿੰਡ ਰਛਪਾਲਵਾਂ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਬਲਾਕ ਪਠਾਨਕੋਟ ਸਮੇਤ ਘਰੋਟਾ ਅਤੇ ਸੁਜਾਨਪੁਰ ਵਿੱਚ ਕੁੱਲ 56 ਕੰਬਾਈਨ ਹਾਰਵੈਸਟਰ, 102 ਰੀਪਰ ਅਤੇ 49 ਥਰੈਸ਼ਰ ਮਸ਼ੀਨਾਂ ਕਣਕ ਦੀ ਕਟਾਈ ਅਤੇ ਤੂੜੀ ਬਨਾਉਣ ਦਾ ਕੰਮ ਅਗਲੇ ਕੁਝ ਦਿਨਾਂ ਦੌਰਾਨ ਪੂਰਾ ਕਰ ਲੈਣਗੀਆਂ। ਉਨਾਂ ਦੱਸਿਆ ਕਿ ਉਪਰੋਕਤ ਖੇਤੀ ਮਸ਼ੀਨਰੀ ਨੂੰ ਕਰਫਿਊ ਪਾਸ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾਂ ਆਵੇ। ਉਹਨਾਂ ਦੱਸਿਆ ਕਿ ਕੰਬਾਈਨ ਹਾਰਵੈਸਟਰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਕਣਕ ਦੀ ਕਟਾਈ ਦਾ ਕੰਮ ਕਰ ਰਹੀਆਂ ਹਨ।

ਉਹਨਾਂ ਦੱਸਿਆ ਕਿ ਹਰੇਕ ਮਸ਼ੀਨ ਨਾਲ ਮਾਲਕ,ਡਰਾਈਵਰ ਅਤੇ ਹੈਲਪਰ/ਮਕੈਨਿਕ ਆਪਣੀ ਅਤੇ ਕੰਬਾਈਨ ਦੀ ਸਾਫ ਸਫਾਈ ਦਾ ਪੂਰਾ ਖਿਆਲ ਰੱਖਣ ਨੂੰ ਯਕੀਨੀ ਬਨਾਉਣਗੇ। ਉਹਨਾਂ ਕਿਹਾ ਕਿ ਖੇਤੀ ਮਸ਼ੀਨਰੀ ਖਾਸ ਕਰਕੇ ਕੰਬਾਈਨ ਹਾਰਵੈਸਟਰ ਜੋ ਹੋਰਨਾਂ ਜ਼ਿਲਿਆਂ ਤੋਂ ਪਠਾਨਕੋਟ ਵਿੱਚ ਆ ਰਹੀਆ ਹਨ,ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਕਿਹਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮਸ਼ੀਨ ਤੇ ਕੰਮ ਕਰਨ ਵਾਲੇ ਵਿਅਕਤੀ ਆਪਸ ਵਿੱਚ 1.5 ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣ ਅਤੇ ਸਮੇਂ-ਸਮੇਂ ਤੇ ਹੱਥਾਂ ਨੂੰ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਨ ਨੂੰ ਯਕੀਨੀ ਬਨਾਉਣ। ਉਨਾਂ ਕਿਹਾ ਕਿ ਹਰੇਕ ਕੰਬਾਈਨ ਮਾਲਿਕ ਮਸ਼ੀਨ ਦੇ ਨਾਲ ਉਚਿਤ ਮਾਤਰਾ ਵਿੱਚ ਸੈਨੇਟਾਈਜ਼ਰ ਰੱਖਣ ਤਾਂ ਜੋ ਸਵੇਰੇ ਮਸ਼ੀਨ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਸਮਾਪਤੀ ਉਪਰੰਤ ਕੰਬਾਈਨ ਨੂੰ ਕੀਟਾਣੂ ਮੁਕਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜੇਕਰ ਕੋਈ ਕਾਮਾ, ਖੰਗ, ਜੁਕਾਮ, ਬੁਖਾਰ ਅਤੇ ਸਾਹ ਲੈਣ ਤੋਂ ਪੀੜਤ ਜਾਂ ਢਿੱਲਾ ਮੱਠਾ ਹੈ ਤਾਂ ਉਸਦਾ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਚੈੱਕ ਕਰਵਾਇਆ ਜਾਵੇ ਅਤੇ ਅਜਿਹੇ ਕਾਮੇ ਨੂੰ ਕੰਬਾਈਨ ਤੇ ਕੰਮ ਕਰਨ ਤੋਂ ਰੋਕ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਕੰਬਾਈਨ ਚਾਲਕਾਂ ਅਤੇ ਕਾਮਿਆਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਆਮ ਕਰਕੇ ਕੰਬਾਈਨ ਚਾਲਕ ਅਤੇ ਕਾਮੇ ਪਿੰਡੋ ਪਿੰਡੀ ਕੰਮ ਕਰਨਗੇ, ਇਸ ਲਈ ਇਨਾਂ ਕਾਮਿਆਂ ਦੇ ਠਹਿਰਣ ਦਾ ਪ੍ਰਬੰਧ ਪਿੰਡ ਤੋਂ ਬਾਹਰ ਕੀਤਾ ਜਾਵੇ। ਉਨਾਂ ਕਿਹਾ ਕਿ ਖੇਤੀ ਮਸ਼ਨਿਰੀ ਦੀ ਵਰਤੋਂ ਕਰ ਰਹੇ ਕਿਸਾਨ ਆਪਣੇ ਮੋਬਾਇਲ ਵਿੱਚ ਕੋਵਾ-ਪੰਜਾਬ ਮੋਬਾਇਲ ਐਪ ਲਾਉਨਲੋਡ ਕਰਕੇ ਰੱਖਣ ਤਾਂ ਜੋ ਕੋਵਿਡ-19 ਬਾਰੇ ਸਹੀ ਜਾਣਕਾਰੀ ਮਿਲ ਸਕੇ।

LEAVE A REPLY

Please enter your comment!
Please enter your name here