ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ 5 ਏਕੜ ਲੈਮਨ ਗ੍ਰਾਸ ਦੀ ਫਸਲ ਸੜ ਕੇ ਰਾਖ

ਪਠਾਨਕੋਟ(ਦ ਸਟੈਲਰ ਨਿਊਜ਼)। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਖੁੱਲੇ ਵਿੱਚ ਸਾੜਣ ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲਾ ਪਠਾਨਕੋਟ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਣ ਤੇ ਪਾਬੰਦੀ ਲਗਾਈ ਗਈ ਹੈ, ਪਰ ਇਸ ਦੇ ਬਾਵਜੂਦ ਕੁਝ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਹਵਾ ਨੂੰ ਪ੍ਰਦੂਸ਼ਤ ਕੀਤਾ ਹੀ ਨਹੀਂ ਜਾ ਰਿਹਾ ਹੈ ਸਗੋਂ ਦੂਜੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਵੀ ਕਰ ਰਹੇ ਹਨ।ਅਜਿਹੇ ਹੀ ਇੱਕ ਕਿਸਾਨ ਨੇ ਬਲਾਕ ਪਠਾਨਕੋਟ ਦੇ ਪਿੰਡ ਚੌਹਾਨ ਵਿੱਚ ਆਪਣੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਨੌਜਵਾਨ ਕਿਸਾਨ ਰਾਜੇਸ਼ ਕੁਮਾਰ ਸਲਾਰੀਆ ਪੁੱਤਰ ਸ਼ਕਤੀ ਸਿੰਘ ਵੱਲੋਂ ਪੰਜ ਏਕੜ ਰਕਬੇ ਵਿੱਚ ਕਾਸਤ ਕੀਤੀ ਸੁਗੰਧੀ ਵਾਲੀ ਫਸਲ ਲੈਮਨ ਗ੍ਰਾਸ ਨੂੰ ਵੀ ਸਾੜ ਦਿੱਤਾ ਗਿਆ ਹੈ ਜਿਸ ਨਾਲ ਰਾਜੇਸ਼ ਸਿੰਘ ਦਾ ਤਕਰੀਬਨ ਪੰਜ ਲੱਖ ਦਾ ਨੁਕਸਾਨ ਹੋ ਗਿਆ ਹੈ। ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਮੌਕੇ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ ਖੇਤਾਂ ਦਾ ਦੌਰਾ ਕੀਤਾ ਗਿਆ।ਇਸ ਟੀਮ ਵਿੱਚ ਸ਼੍ਰੀ ਸੁਭਾਸ਼ ਚੰਦਰ,ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸ਼ਾਮਿਲ ਸਨ।

Advertisements

ਇਸ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਫਸਲੀ ਵਿਭਿੰਤਾ ਯੋਜਨਾ ਨੂੰ ਅਪਨਾਉਂਦਿਆਂ ਪਿਛਲੇ ਦੋ ਸਾਲ ਤੋਂ ਪੰਜ ਏਕੜ ਰਕਬੇ ਵਿੱਚ ਸਗੰਧੀ ਵਾਲ ਫਸਲ ਲੈਮਨ ਗ੍ਰਾਸ ਦੀ ਕਾਸ਼ਤ ਕੀਤੀ ਸੀ ਅਤੇ ਤੇਲ ਕੱਢਣ ਲਈ ਪਲਾਂਟ ਵੀ ਲਗਾਇਆ ਸੀ ਜਿਸ ਤੇ 6 ਲੱਖ ਰੁਪਏ ਖਰਚਾ ਆਇਆ ਸੀ।ਉਨਾਂ ਦੱਸਿਆ ਕਿ ਮਿਤੀ 12 ਮਈ 2020 ਨੂੰ ਖੇਤਾਂ ਦੇ ਨਾਲ ਲੱਗਦੇ ਖੇਤਾਂ ਦੇ ਮਾਲਿਕ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਦਿੱਤੀ ਜਿਸ ਨਾਲ ਮੇਰੇ ਪੰਜ ਏਕੜ  ਰਕਬੇ ਵਿੱਚ ਕਾਸਤ ਕੀਤੀ ਲੈਮਨ ਗ੍ਰਾਸ ਦੀ ਫਸਲ ਵੀ ਸੜ ਗਈ ਹੈ।ਉਨਾਂ ਦੱਸਿਆ ਕਿ ਇਸ ਨਾਲ ਮੇਰਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ ।ਉਨਾਂ ਦੱਸਿਆ ਕਿ ਪੰਜ ਏਕੜ ਲੈਮਨ ਗ੍ਰਾਸ ਦੀ ਫਸਲ ਸੜਣ ਨਾਲ ਤੇਲ ਕੱਢਣ ਵਾਲਾ ਪਲ਼ਾਂਟ ਵੀ ਫਿਲਹਾਲ ਬੇਕਾਰ ਹੋ ਗਿਆ ਹੈ ਉਨਾਂ ਜ਼ਿਲਾ ਪ੍ਰਸ਼ਾਸ਼ਣ ਤੋਂ ਸੰਬੰਧਤ ਕਿਸਾਨ ਖਿਲਾਫ ਬਣਦੀ ਕਾਨੂੰਨੀ ਕਰਨ ਅਤੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਪ੍ਰਾਪਤ ਹੋ ਗਈ ਹੈ,ਜਿਸ ਨੂੰ ਅਗਲੇਰੀ ਕਾਰਵਾਈ ਲਈ ਥਾਣਾ ਮੁਖੀ,ਸਦਰ ਪਠਾਨਕੋਟ ਨੂੰ ਭੇਜ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕਰੋਨਾ ਵਾਇਰਸ ਦੇ ਖਤਰੇ ਕਾਰਨ ਪੈਦਾ ਹੋਏ ਹਾਲਾਤਾਂ ਵਿੱਚ ,ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਸਕਦਾ ਹੈ ਜਿਸ ਕਾਰਨ ਸਿਹਤ ਸੰਬੰਧੀ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ,ਇਸ ਲਈ ਕਣਕ ਦੇ ਨਾੜ ਨੂੰ ਸਾੜਣ ਦੀ ਬਿਜਾਏ ਖੇਤਾਂ ਵਿੱਚ ਵਾਹ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here