ਲੌਕਡਾਊਨ ਦੌਰਾਨ ਕਰੀਬ 500 ਵਿਅਕਤੀਆਂ ਦੀ ਕੀਤੀ ਪਲੇਸਮੈਂਟ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਮਹਾਂਮਾਰੀ ਨੇ ਜਿੱਥੇ ਪੂਰੇ ਵਿਸ਼ਵ ਨੂੰ ਆਰਥਿਕ ਤੌਰ ਤੇ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਪੰਜਾਬ ਸਰਕਾਰ ਨੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿਵਾ ਕੇ ਮੁਰਝਾਏ ਚਿਹਰਿਆਂ ਤੇ ਰੌਣਕ ਲਿਆ ਦਿੱਤੀ ਹੈ। ਸੂਬਾ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਨੌਜਵਾਨਾਂ ਨੂੰ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ। ਲੌਕਡਾਊਨ ਦੌਰਾਨ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲਾ ਹੁਸ਼ਿਆਰਪੁਰ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿੱਥੇ ਘਰ-ਘਰ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਹੈ, ਉਥੇ ਜ਼ਿਲਿਆਂ ਵਿੱਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੀ ਖੋਲੇ ਗਏ ਹਨ।

Advertisements

ਉਨਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਲੌਕਡਾਊਨ ਦੌਰਾਨ ਬਿਊਰੋ ਵਲੋਂ ਜਾਰੀ ਕੀਤੇ ਆਨਲਾਈਨ ਲਿੰਕ ਜ਼ਰੀਏ ਜ਼ਿਲੇ ਦੇ ਕਰੀਬ 500 ਵਿਅਕਤੀਆਂ ਦੀ ਪਲੇਸਮੈਂਟ ਕੀਤੀ ਗਈ ਹੈ। ਉਨਾਂ ਕਿਹਾ ਕਿ ਕੁੱਲ 1500 ਅਸਾਮੀਆਂ ਪੁਰ ਕਰਵਾਈਆਂ ਜਾਣੀਆਂ ਹਨ, ਜਿਸ ਮੁਤਾਬਕ ਕਰੀਬ 1000 ਹੋਰ ਨੌਕਰੀਆਂ ਵੱਖ-ਵੱਖ ਅਦਾਰਿਆਂ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਮਾਰੀ ਦੇ ਨਾਜੁਕ ਦੌਰ ਵਿੱਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਦੇ ਅਧਿਕਾਰੀਆਂ ਵਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਬਣਾਏ ਜਾ ਰਹੇ ਵੁੱਡ ਪਾਰਕ ਤੋਂ ਇਲਾਵਾ ਰੋਜ਼ਗਾਰ ਦੇ ਹੋਰ ਮੌਕੇ ਵੀ ਪੈਦਾ ਕੀਤੇ ਜਾ ਰਹੇ ਹਨ। ਉਨਾਂ ਜਿੱਥੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਮੁਬਾਰਕਬਾਦ ਦਿੱਤੀ, ਉਥੇ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਵੀ ਕੀਤੀ।

ਉਨਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਅੱਜ ਕੇਵਲ 40 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ, ਜਿਨਾਂ ਵਿੱਚ 23 ਲੜਕੀਆਂ ਅਤੇ 17 ਲੜਕੇ ਸ਼ਾਮਲ ਸਨ। ਉਨਾਂ ਕਿਹਾ ਕਿ ਜਿਹੜੇ ਕਰੀਬ 500 ਵਿਅਕਤੀਆਂ ਦੀ ਪਲੇਸਮੈਂਟ ਕਰਵਾਈ ਗਈ ਹੈ, ਉਨਾਂ ਵਿੱਚ ਤਿੰਨ ਮੈਡੀਕਲ ਅਫ਼ਸਰਾਂ ਤੋਂ ਇਲਾਵਾ, ਡੇਂਗੂ ਜਾਂਚ ਟੀਮ ਦੇ 50 ਵਲੰਟੀਅਰ, 4 ਲੈਬ ਟੈਕਨੀਸ਼ੀਅਨ, ਇਕ ਮਾਈਕਰੋ ਬਾਇਓਲੋਜਿਸਟ, ਕੋਵਿਡ ਸਰਵੇਅਰ 44, ਹਾਕਿੰਗਜ਼ ਚ 122 ਟਰੇਨੀ, ਊਸ਼ਾ ਮਾਰਟਿਨ ਚ 8 ਹੈਲਪਰ, ਕੋਟੈਕ ਲਾਈਫ ਇਨਸ਼ੋਰੈਂਸ ਚ 3 ਏਜੰਸੀ ਐਸੋਸੀਏਟ, ਫਿਊਚਰ ਜਨਰਲ ਲਾਈਫ ਇਨਸ਼ੋਰੈਂਸ ਚ 2 ਇਨਸ਼ੋਰੈਂਸ ਮੈਨੇਜਰ, ਮਾਈਨਿੰਗ ਵਿਭਾਗ ਵਿੱਚ 20 ਡਾਟਾ ਐਂਟਰੀ ਓਪਰੇਟਰ, ਸਿਵਲ ਹਸਪਤਾਲ ਵਿੱਚ 10 ਕੰਪਿਊਟਰ ਓਪਰੇਟਰ ਸ਼ਾਮਿਲ ਹਨ। ਇਨਾਂ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰਕ ਅਦਾਰਿਆਂ ਵਿੱਚ ਯੋਗਤਾ ਮੁਤਾਬਕ ਵੱਖ-ਵੱਖ ਅਹੁਦਿਆਂ ਤੇ ਪਲੇਸਮੈਂਟ ਕਰਵਾਈ ਗਈ ਹੈ। ਉਨਾਂ ਕਿਹਾ ਕਿ ਈ-ਸਵੈ-ਰੋਜ਼ਗਾਰ ਤਹਿਤ ਆਪਣਾ ਕੰਮ-ਧੰਦਾ ਸ਼ੁਰੂ ਕਰਨ ਲਈ ਕਰੀਬ 1800 ਬਿਨੈ ਪੱਤਰ ਪ੍ਰਾਪਤ ਹੋਏ ਹਨ, ਜਿਨਾਂ ਲਈ ਕਰਜ਼ਾ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵਲੋਂ ਜੋ ਉਨਾਂ ਨੂੰ ਪੈਰਾਂ ਸਿਰ ਖੜਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਕਰਮ ਚੰਦ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕਰੀਅਰ ਕੌਂਸਲਰ ਅਦਿੱਤਿਆ ਰਾਣਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here