ਰਜਵਾਹੇ ਚ ਡੇਢ ਸਾਲ ਤੋਂ ਪਾਣੀ ਨਾ ਆਉਣ ਤੇ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਤਲਵਾੜਾ ( ਦ ਸਟੈਲਰ ਨਿਊਜ਼)। ਪਿਛਲੇ ਕਰੀਬ ਡੇਢ ਸਾਲ ਤੋਂ ਰਜਵਾਹੇ ‘ਚ ਪਾਣੀ ਨਾ ਆਉਣ ‘ਤੇ ਹਾਜੀਪੁਰ ਦੇ ਪੀੜਤ ਕਿਸਾਨਾਂ ਨੇ ਨਾਅਰੇਬਾਜੀ ਕੀਤੀ। ਕਿਸਾਨਾਂ ਦੇ ਵਫ਼ਦ ਨੇ ਸ਼ਾਹ ਨਹਿਰ ਵਿਭਾਗ ਦੇ ਉੱਚ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ। ਪ੍ਰਸ਼ਾਸਨ ਨੇ ਬੁੱਧਵਾਰ ਤੱਕ ਪਾਣੀ ਪਹੁੰਚਾਉਣ ਦਾ ਭਰੋਸਾ ਦਿੱਤਾ। ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਸਿੰਬਲੀ, ਗੋਧਾਂ-ਵਜੀਰਾਂ, ਸੰਧਵਾਲ, ਸਿੱਬੋ ਚੱਕ, ਮਰੂਲ਼ਾ, ਕਲੇਰਾਂ, ਸਰਿਆਣਾ ਆਦਿ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਜ਼ਮਹੂਰੀ ਕਿਸਾਨ ਸਭਾ ਦੇ ਬੈਨਰ ਹੇਠਾਂ ਪਿਛਲੇ ਕਰੀਬ ਡੇਢ ਸਾਲ ਤੋਂ ਹਾਜੀਪੁਰ ਡਿਸਟਰੀਬਿਊਟਰੀ ਤੇ ਨੌਸ਼ਹਿਰਾ ਸਿੰਬਲੀ ਹੈੱਡ ਨਹਿਰ ‘ਚ ਪਾਣੀ ਨਾ ਆਉਣ ਦੇ ਵਿਰੋਧ ‘ਚ ਪੰਜਾਬ ਸਰਕਾਰ ਤੇ ਸ਼ਾਹ ਨਹਿਰ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਵਿਪਨ ਠਾਕੁਰ, ਤਰਸੇਮ ਸਿੰਘ, ਬਿਹਾਰੀ ਲਾਲ, ਬਲਵੀਰ ਕੁਮਾਰ ਵਜੀਰਾਂ, ਛੱਜੂ ਰਾਮ, ਅਸ਼ੋਕ ਕੁਮਾਰ ਆਦਿ ਨੇ ਦੱਸਿਆ ਕਿ ਰਜਵਾਹੇ ‘ਚ ਪਾਣੀ ਨਾ ਆਉਣ ਕਾਰਨ ਤਿੰਨ ਹਜ਼ਾਰ ਕਿਲੇ ਦੇ ਕਰੀਬ ਸਿੰਜਾਈ ਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਕਈ ਕਿਸਾਨਾਂ ਨੇ ਕਰਜ਼ਾ ਲੈ ਕੇ ਟਿਊਬਵੈਲੱ ਲਗਾਏ ਹਨ, ਪਰ ਮੀਂਹ ਘੱਟ ਪੈਣ ਅਤੇ ਡੀਜ਼ਲ ਦੇ ਭਾਅ ਵਧਣ ਕਾਰਨ ਟਿਊਬਵੈੱਲ ਦੇ ਖਰਚੇ ਤੋਂ ਜਮੀਂਦਾਰਾਂ ਦੇ ਹੱਥ ਖੜੇ ਹੋ ਗਏ ਹਨ। ਪਾਣੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਸੁੱਕਣ ਕੰਢੇ ਪਹੁੰਚ ਗਈ ਹੈ।

Advertisements

ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਹਾਜੀਪੁਰ ਦੇ ਆਗੂ ਧਰਮਿੰਦਰ ਸਿੰਘ ਨੇ ਸਰਕਾਰ ਅਤੇ ਨਹਿਰ ਵਿਭਾਗ ਦੇ ਅਧਿਕਾਰੀਆਂ ‘ਤੇ ਮਿਲੀਭੁਗਤ ਦੇ ਚੱਲਦਿਆਂ ਲੋਕਾਂ ਦੇ ਪੈਸੇ ਨਾਲ  ਖ਼ੇਤਰ ‘ਚ ਉਸਾਰੇ ਨਹਿਰੀਂ ਢਾਂਚੇ ਨੂੰ ਢਹਿ ਢੇਰੀ ਕਰਨ ਦੇ ਦੋਸ਼ ਲਗਾਏ। ਉਨਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਟੇਲਾਂ ਤੱਕ ਪਾਣੀ ਨਾ ਭੇਜ ਕੇ ਖ਼ੇਤਰ ‘ਚ ਫ਼ੈਲੇ ਖਣਨ ਮਾਫੀਆ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਉਨਾਂ ਹਵਾਲਾ ਦਿੰਦੇ ਹੋਇਆਂ ਕਿਹਾ ਕਿ ਇਸੇ ਕੜੀ ‘ਚ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਖ਼ੇਤਰ ‘ਚ ਸਿੰਜਾਈ ਲਈ ਲਗਾਏ ਡੇਢ ਸੌ ਦੇ ਕਰੀਬ ਡੂੰਘੇ ਟਿਊਬਵੈੱਲਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਨਹਿਰਾਂ ਦੀ ਪਟੜੀਆਂ ‘ਤੇ ਖਣਨ ਮਾਫੀਆ ਦੀਆਂ ਗਤੀਵਿਧੀਆਂ ਅਤੇ ਪਿਛਲੇ ਲੰਮੇ ਅਰਸੇ ਤੋਂ ਮੁਰੰਮਤ ਨਾ ਹੋਣ ਕਾਰਨ ਰਜਵਾਹਿਆਂ ਦੀ ਹਾਲਤ ਖ਼ਸਤਾ ਬਣੀ ਹੋਈ ਹੈ। ਨਹਿਰ ਦਾ ਪਾਣੀ ਟੇਲਾਂ ਤੱਕ ਨਹੀਂ ਪਹੁੰਚ ਰਿਹਾ। ਕਿਸਾਨਾਂ ਨੇ ਕਰਜ਼ੇ ਲੈ ਕੇ ਉਨਾਂ ਟਿਊਬਵੈਲੱ ਕਢਵਾਏ। ਪਰ ਮਹਿੰਗੇ ਡੀਜ਼ਲ ਨੇ ਉਨਾਂ ਦੇ ਸਾਹ ਸੂਤ ਲਏ ਹਨ। ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੂੰ ਆਪਣੀ ਜ਼ਮੀਨ ਖਣਨ ਮਾਫੀਆ ਕੋਲ਼ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜ਼ਮਹੂਰੀ ਕਿਸਾਨ ਸਭਾ,ਹਾਜੀਪੁਰ ਦਾ ਵਫ਼ਦ ਰਜਵਾਹਿਆਂ ‘ਚ ਪਾਣੀ ਛੱਡਣ ਲਈ ਸ਼ਾਹ ਨਹਿਰ ਵਿਭਾਗ ਦੇ ਤਲਵਾੜਾਸਥਿਤ ਦਫ਼ਤਰ ‘ਚ ਐਕਸਿਅਨ ਹਰਪਾਲ ਸਿੰਘ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਵਫ਼ਦ ਆਗੂ ਧਰਮਿੰਦਰ ਸਿੰਘ ਨੇ ਦੱਸਿਆ ਕਿ ਐਕਸਿਅਨ ਹਰਪਾਲ ਸਿੰਘ ਨੇ ਵਫ਼ਦ ਮੈਂਬਰਾਂ ਨੂੰ 48 ਘੰਟਿਆਂ ‘ਚ ਪਾਣੀ ਟੇਲਾਂ ਤੱਕ ਪਹੁੰਚਾਉਣ ਦਾ ਸਮਾਂ ਦਿੱਤਾ ਹੈ।

LEAVE A REPLY

Please enter your comment!
Please enter your name here