ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਕੀਤਾ ਪਿੰਡਾਂ ਦਾ ਦੌਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਸਰਕਲ ਮਲਿਕਪੁਰ ਦੇ ਵੱਖ ਵੱਖ ਪਿੰਡਾਂ ਰਛਪਾਲਵਾਂ, ਕਟਾਰੂਚੱਕ, ਮਾਹੀਚੱਕ, ਡਿਬਕੂ ਅਤੇ ਧਲੌਰੀਆਂ ਦਾ ਦੌਰਾ ਕਰਕੇ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਜਾਗਰੁਕ ਵੀ ਕੀਤਾ। ਇਸ ਟੀਮ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਕੁਮਾਰ ਖੇਤੀ ਉਪ ਨਿਰੀਖਕ ਅਤੇ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ( ਆਤਮਾ) ਸ਼ਾਮਿਲ ਸਨ। ਇਸ ਮੋਕੇ ਤੇ ਟੀਮ ਵੱਲੋਂ ਕਿਸਾਨਾਂ ਨੂੰ ਮਿਸ਼ਨ ਫਤਿਹ ਦੀਆਂ ਹਦਾਇਤਾਂ ਤੋਂ ਜਾਣੂ ਵੀ ਕਰਵਾਇਆ।

Advertisements

ਪਿੰਡ ਕਟਾਰੂਚੱਕ ਦੇ ਨੌਜਵਾਨ ਕਿਸਾਨ ਮੁਨੀਸ਼ ਕੁਮਾਰ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਕੋਵਿਡ 19 ਦੇ ਅਗਾਂਹ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਦੀਆ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਝੋਨੇ ਦੀ ਜੋ ਫਸਲ ਨਿੱਸਰ ਗਈ ਹੈ,ਉਸ ਉਪੱਰ ਝੂਠੀ ਕਾਂਗਿਆਰੀ ਨਾਮਕ ਬਿਮਾਰੀ ਨੇ ਕੁਝ ਜਗਾ ਤੇ ਹਮਲਾ ਕੀਤਾ ਹੈ । ਉਨਾਂ ਕਿਹਾ ਕਿ ਜਿੰਨਾਂ ਕਿਸਾਨਾਂ ਨੇ ਝੋਨੇ ਦੀਆ ਦੋਗਲੀਆਂ ਕਿਸਮਾਂ ਪ੍ਰਭਾਵਿਤ ਹੋਈਆਂ ਹਨ।

ਉਨਾਂ ਕਿਹਾ ਕਿ ਜੇਕਰ ਫਸਲ ਦੇ ਨਿਸਰਣ ਸਮੇਂ ਮੀਂਹ, ਬੱਦਲਵਾਈ ਅਤੇ ਵਧੇਰੇ ਸਿੱਲ ਰਹੇ ਤਾਂ ਝੂਠੀ ਕਾਂਗਿਆਰੀ (ਹਲਦੀ ਰੋਗ) ਬਿਮਾਰੀ ਜ਼ਿਆਦਾ ਲੱਗਦੀ ਹੈ। ਉਨਾਂ ਕਿਹਾ ਕਿ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਝੂਠੀ ਕਾਂਗਿਆਰੀ (ਹਲਦੀ ਰੋਗ) ਬਿਮਾਰੀ ਨੇ ਝੋਨੇ ਦੀ ਫਸਲ ਉੱਪਰ ਹਮਲਾ ਕੀਤਾ ਸੀ, ਉਨਾਂ ਖੇਤਾਂ ਵਿੱਚ ਫਸਲ ਦੇ ਗੱਭ ਭਰਨ ਦੀ ਅਵਸਥਾ ਆਉਣ ਤੇ ਸਿਫਾਰਸ਼ ਕੀਤੀਆਂ ਉੱਲੀਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ ਕਰ ਦੇਣਾ ਚਾਹੀਦਾ। ਉਨਾਂ ਕਿਹਾ ਕਿ ਝੂਠੀ ਕਾਂਗਿਆਰੀ ਦੀ ਬਿਮਾਰੀ ਕਾਰਨ ਦਾਣਿਆਂ ਦੀ ਜਗਾ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਤੋਂ ਵਧੇਰੇ ਕੀਤੀ ਹੋਵੇ, ਉਥੇ ਵੀ ਇਸ ਬਿਮਾਰੀ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ। ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਜਿਸ ਦਾ ਹੁਣ ਕੋਈ ਫਾਇਦਾ ਨਹੀਂ।

ਉਨਾਂ ਕਿਹਾ ਕਿ ਝੋਨਾ ਅਤੇ ਬਾਸਮਤੀ ਦੀ ਫਸਲ ਦੇ ਨਿਸਰਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਛਿੜਕਾਅ ਨਹੀਂ ਕਰਨਾ ਚਾਹੀਦਾ ਤਾਂ ਜੋ ਦਾਣੇ ਬਨਣ ਦੀ ਪ੍ਰੀਕਿ੍ਰਆ ਪ੍ਰਭਾਵਤ ਨਾਂ ਹੋ ਸਕੇ। ਉਨਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਫਸਲ ਦੇ ਗੱਭ ਭਰਨ ਸਮੇਂ 500 ਗ੍ਰਾਮ ਕਾਪਰ ਹਾਈਡਰੋਅਕਸਾਈਡ 46 ਡੀ ਐਫ ਜਾਂ 400 ਮਿਲੀ ਲਿਟਰ ਪਿਕੋਕਸੀਸਟ੍ਰੋਬਿਨ+ਪ੍ਰੋਪੀਕੋਨਾਜ਼ੋਲ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਰੂਰਤ ਤੋਂ ਬਗੈਰ ਕਿਸੇ ਦੇ ਕਹੇ ਤੇ ਜਾਂ ਦੇਖਾ ਦੇਖੀ ਕਿਸੇ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਾ ਛਿੜਕਾਅ ਨਾਂ ਕਰਨ। ਸ਼. ਗੁਰਦਿੱਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ 9 ਕੀਟਨਾਸ਼ਕਾਂ ਐਸੀਫੇਟ, ਟਰਾਈਜੋਫਾਸ, ਥਾਈਮੈਥਾਕਸਮ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਬੂਪਰੋਫੀਜਨ, ਪ੍ਰੋਪੀਕੋਨਾਜ਼ੋਲ, ਕਾਰਬੋਫਿਊਰਾਨ ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉੱਪਰ ਕਰਨ ਤੇ ਪਾਬੰਦੀ ਲਗਾਈ ਗਈ ਹੈ,ਇਸ ਲਈ ਇਨਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਝੋਨੇ ਜਾਂ ਬਾਸਮਤੀ ਦੀ ਫਸਲ ਤੇ ਛਿੜਕਾਅ ਨਾਂ ਕੀਤਾ ਜਾਵੇ। ਉਨਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਬਾਰੇ ਵੀ ਪ੍ਰੇਰਿਤ ਕੀਤਾ।


LEAVE A REPLY

Please enter your comment!
Please enter your name here