ਪਾਵਰਕਾਮ ਦੇ ਹਰ ਕਰਮਚਾਰੀ ਦੇ ਲਈ ਪ੍ਰੇਰਣਾਸਰੋਤ ਰਹਿਣਗੇ ਸਾਥੀ ਸਵ. ਸਤੀਸ਼ ਚੰਦਰ: ਕਾਮ. ਗੁਰਮੀਤ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਥੀ ਸਤੀਸ਼ ਚੰਦਰ ਬਜਵਾੜਾ ਜਿਹੜੇ 29 ਸਿਤੰਬਰ 2020 ਨੂੰ  ਸਾਨੂੰ ਸਦੀਵੀਂ ਵਿਛੋੜਾ ਦੇ ਗਏ। ਮਿਹਨਤਕਸ਼ ਆਵਾਮ ਦੀ ਲਾਮਬੰਦੀ ਲਈ ਸੰਘਰਸ਼ਸ਼ੀਲ ਸਾਥੀ ਸਤੀਸ਼ ਚੰਦਰ ਜੀ ਦਾ ਜਨਮ 6 ਅਪ੍ਰੈਲ 1954 ਨੂੰ ਪੂਜਨੀਕ ਮਾਤਾ ਕ੍ਰਿਸ਼ਨਾ ਰਾਣੀ ਜੀ ਦੀ ਕੁਖੋ ਅਤੇ ਸਵ. ਪਿਤਾ ਈਸ਼ਰ ਦਾਸ ਦੇ ਘਰ ਬਲਾਚੌਰ, ਜ਼ਿਲਾ ਨਵਾਂਸ਼ਹਿਰ ਵਿਖੇ ਹੋਇਆ। ਉਹ 5 ਸਾਲ ਦੀ ਉਮਰ ਵਿੱਚ ਹੀ ਆਪਣੇ ਨਾਨਕੇ ਘਰ ਪਿੰਡ ਬਜਵਾੜਾ, ਜਿਲਾ ਹੁਸ਼ਿਆਰਪੁਰ ਵਿਖੇ ਆ ਗਏ। ਜਿੱਥੇ ਉਹਨਾਂ ਦੇ ਮਾਮਾ ਕਿਸ਼ੋਰੀ ਲਾਲ ਪੂੰਨੀ ਅਤੇ ਮਾਮੀ ਸੁਰਕਸ਼ਾ ਰਾਣੀ ਦੀ ਦੇਖ-ਰੇਖ ਹੇਠ ਪਾਲਣ ਪੋਸ਼ਣ ਹੋਇਆ। ਉਹਨਾਂ ਦਸਵੀਂ ਤੱਕ ਦੀ ਪੜਾਈ ਐਸਬੀਏਸੀ ਹਾਈ ਸਕੂਲ ਬਜਵਾੜੇ ਤੋਂ ਪ੍ਰਾਪਤ ਕੀਤੀ।

Advertisements

ਜਿੱਥੇ ਉਹ ਲੋਕਾਂ ਪ੍ਰਤੀ ਸਮਰਪਤ ਸਨ ਉਥੇ ਉਹਨਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀ ਤਨਦੇਹੀ ਨਾਲ ਨਿਭਾਈਆਂ। ਉਹਨਾਂ ਦੀ ਪਤਨੀ ਪ੍ਰਵੀਨ ਕੁਮਾਰੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੋਂ ਬਤੌਰੇ ਐਲਡੀਸੀ ਸੇਵਾ ਮੁਕਤ ਹੋਏ ਸਨ। ਉਹਨਾਂ ਦੇ ਦੋ ਸਪੁੱਤਰ ਸੁਨੀਤ ਕੁਮਾਰ, ਪੁਨੀਤ ਕੁਮਾਰ, ਇਕ ਸਪੁੱਤਰੀ ਮੋਨਿਕਾ ਸਭ ਵਿਆਹੇ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਹਨ। ਸਤੀਸ਼ ਚੰਦਰ ਕੁਝ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਸਮੂਹ ਪਰਿਵਾਰ ਮੈਂਬਰਾਂ ਨੇ ਉਹਨਾਂ ਦੀ ਇਸ ਬਿਮਾਰੀ ਦੌਰਾਨ ਬਹੁਤ ਦੇਖਭਾਲ ਕੀਤੀ। ਵਿਹਲੇ ਸਮੇਂ ਸਤੀਸ਼ ਚੰਦਰ ਆਪਣੇ ਪੋਤਰੇ ਹਰਸ਼ਿਤ, ਪਨਵ, ਪੋਤਰੀ ਅਨਾਇਆ ਨਾਲ ਹੱਸ ਖੇਡ ਕੇ ਸਮਾਂ ਬਤੀਤ ਕਰਦੇ ਸਨ।

ਸਤੀਸ਼ ਚੰਦਰ ਸਾਲ 1975 ਵਿੱਚ ਬਤੌਰ ਸਹਾਇਕ ਲਾਇਨਮੈਨ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਭਰਤੀ ਹੋਏ, ਨੌਕਰੀ ਦੇ ਦੌਰਾਨ ਸਤੀਸ਼ ਚੰਦਰ ਨੇ ਸੰਘਰਸ਼ਾਂ ਨੂੰ  ਪ੍ਰਨਾਈ ਹੋਈ ਗੌਰਵਮਈ ਇਤਿਹਾਸ ਦੀ ਵਾਰਿਸ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਟੀ.ਐਸ.ਯੂ. ਜਿਸ ਦੀ ਸਥਾਪਨਾ ਆਜ਼ਾਦੀ ਦੇ ਪਹਿਲਾਂ 1942 ਵਿੱਚ ਕੀਤੀ ਗਈ ਸੀ ਤੇ ਉਸ ਦਾ ਮੁੱਖ ਦਫਤਰ ਅਮ੍ਰਿਤਸਰ ਵਿੱਚ ਸੀ। ਜੱਥੇਬੰਦੀ ਦੇ ਅੰਦਰ ਸਾਥੀ ਜੀ ਨੇ ਲੰਬਾ ਸਮਾਂ ਮੁਲਾਜ਼ਮ ਸਾਥੀਆਂ ਦੀਆਂ ਮੰਗਾਂ, ਜੱਥੇਬੰਦੀ ਦੀ ਮਜ਼ਬੂਤੀ ਅਤੇ ਲੋਕ ਲਹਿਰਾਂ ਅੰਦਰ ਆਪਣੇ ਵਿਤ ਅਨੁਸਾਰ ਯੋਗਦਾਨ ਪਾਇਆ ਉਹ ਮੰਡਲ ਸਕੱਤਰ, ਸਰਕਲ ਸਕੱਤਰ ਅਤੇ ਸੂਬਾ ਕਮੇਟੀ ਦੇ ਖਜਾਨਚੀ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਬਿਜਲੀ ਬੋਰਡ ਵਿੱਚ ਕੰਮ ਕਰਦਿਆਂ ਵਿਛੜ ਗਏ ਸਾਥੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਲਈ ਅਤੇ ਬਿਮਾਰੀ ਦੀ ਹਾਲਤ ‘ਚ ਦਿਲ, ਗੁਰਦੇ, ਕੈਂਸਰ, ਰੀੜ ਦੀ ਹੱਡੀ, ਅਧਰੰਗ, ਟੀ.ਬੀ. ਦੇ ਬਿਮਾਰਾਂ ਨੂੰ ਸਹਾਹਿਤਾ ਲਈ ਬਣਾਈ ਹੋਈ ਬਿਨੋਵੀਲੈਂਟ ਫੰਡ ਕਮੇਟੀ ਦੇ ਵੀ ਖਜਾਨਚੀ ਸਨ। ਇਸ ਫੰਡ ਵਿਚੋਂ ਇਹਨਾਂ ਦੇ ਸਮੇਂ ਕਾਲ ਤੱਕ 4.5 ਕਰੋੜ ਰੁਪਿਆ ਪੀੜਤ ਸਾਥੀਆਂ ਨੂੰ ਵੰਡਿਆ ਜਾ ਚੁੱਕਾ ਸੀ। ਉਹਨਾਂ ਦੇ ਇਹਨਾਂ ਫਰਜ਼ਾਂ ਦੌਰਾਨ ਕਦੀ ਕਿਸੇ ਨੇ ਉਹਨਾਂ ਦੀ ਇਮਾਨਦਾਰੀ ਤੇ ਉਂਗਲ ਨਹੀਂ ਉਠਾਈ।

ਸਤੀਸ਼ ਚੰਦਰ ਟਰੇਡ ਯੂਨੀਅਨ ਅੰਦਰ ਕਾਮਰੇਡ ਮਲਕੀਤ ਸਿੰਘ ਅਤੇ ਕਾਮ: ਹਰਬੰਸ ਸਿੰਘ ਬਲਗਣ ਦੀ ਸਰਪਰਸਤੀ ਹੇਠ ਸਾਥੀ ਪੋਲੋਰਾਮ, ਸੰਤੋਖ ਸਿੰਘ, ਗਿਆਨ ਚੰਦ ਅਤੇ ਪ੍ਰਵੇਸ਼ ਕੁਮਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਬਿਜਲੀ ਕਾਮਿਆ ਦੇ ਹੱਕਾਂ ਲਈ ਲੜੇ ਜਾਂਦੇ ਹਰ ਸੰਘਰਸ਼ਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਰਹੇ। ਉਹਨਾਂ ਪੰਜਾਬ ਦੀ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਭਾਰਤ ਪੱਧਰ ਬਿਜਲੀ ਕਾਮਿਆ ਦੀ ਜੱਥੇਬੰਦੀ ਇਲੈਕਟ੍ਰਿਕਸਿਟੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦਾ ਹਰ ਸੱਦਾ ਚਾਹੇ ਉਹ  ਚੰਡੀਗੜ ਜਾਂ ਦਿੱਲੀ ਹੋਏ ਨੂੰ ਹੱਸਦਿਆਂ ਸਫਲ ਕਰਨ ਵਿੱਚ ਪੂਰਾ ਯੋਗਦਾਨ ਪਾਇਆ। ਜਦੋਂ ਰਾਜਸਥਾਨ ਬਿਜਲੀ ਬੋਰਡ ਸਰਕਾਰ ਵਲੋਂ ਤੋੜਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਸਮਰਥਨ ਵਿੱਚ ਜੈਪੁਰ ਵਿਧਾਨ ਸਭਾ ਅੱਗੇ ਲਾਏ ਧਰਨੇ ਵਿੱਚ ਇਕ ਵੀਹਕਲ ਹੁਸ਼ਿਆਰਪੁਰ ਤੋਂ ਲੈ ਕੇ ਹਿੱਸਾ ਲਿਆ ਸੀ।

ਸਰਕਲ ਹੁਸ਼ਿਆਰਪੁਰ ਅੰਦਰ ਸਾਲ 1995 ਜਦੋਂ ਇਕ ਰਾਜਸੀ ਪਾਰਟੀ ਦੇ ਆਗੂ ਨੇ ਰਾਜਸੀ ਪ੍ਰਾਪਤੀ ਲਈ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਗੂਆਂ ਨੂੰ ਵਿਕਟੇਮਾਇਜ਼ ਕੀਤਾ ਤਾਂ ਉਸ ਵਿਰੁੱਧ ਤੇ ਬੋਰਡ ਦੀ ਮੈਨੇਜਮੈਂਟ ਵਿਰੁੱਧ ਚਲੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਇਆ। ਉਹਨਾਂ ਦੀ ਸੇਵਾ ਮੁਕਤੀ ਵਾਲੇ ਸਮੇਂ ਪਾਵਰਕਾਮ ਨੇ ਪ੍ਰਬੰਧ ਸੁਧਾਰ ਕਰਨ ਦੇ ਨਾਮ ਹੇਠ ਹੁਸ਼ਿਆਰਪੁਰ ਸਰਕਲ ਦੇ 400 ਤੋਂ ਵੱਧ ਕਾਮਿਆਂ ਦੀਆਂ ਬਦਲੀਆਂ ਕਰਨ ਦੇ ਯਤਨਾਂ ਨੂੰ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਬਦਲੀ ਲਈ ਤਿਆਰ ਕੀਤੀਆਂ ਲਿਸਟਾਂ ਰੱਦ ਕਰਵਾਈਆਂ ਸਨ। ਪਾਵਰ ਕਾਮ ਵਿਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਬਿਜਲੀ ਕਾਮੇ ਵੱਡੀ ਗਿਣਤੀ ਵਿੱਚ ਸਾਥੀ ਆਪਣੀ ਸਰਵਿਸ ਸਬੰਧੀ ਸੇਧ ਲੈਣ ਆਉਂਦੇ ਰਹੇ। ਅਪ੍ਰੈਲ-2012 ਨੂੰ ਫੋਰਮੈਨ ਅਹੁੱਦੇ ਤੋਂ ਸਾਥੀ ਸਤੀਸ਼ ਚੰਦਰ ਜੀ ਆਪਣੀ ਸੇਵਾ ਮੁਕਤੀ ਤੋਂ ਬਾਅਦ ਕਿਰਤੀ ਜਮਾਤ ਦੀ ਖੁਲੇ ਤੌਰ ਤੇ ਸੇਵਾ ਕਰਨ ਦਾ ਰਾਹ ਅਖਤਿਆਰ ਕਰ ਲਿਆ। ਉਹਨਾਂ  ਦੀ ਲਗਨ ਅਤੇ ਮਾਰਕਸਵਾਦੀ ਪ੍ਰਪੱਕਤਾ ਨੂੰ ਦੇਖਦਿਆਂ ਪਾਰਟੀ ਨੇ ਤਹਿਸੀਲ ਕਮੇਟੀ ਹੁਸ਼ਿਆਰਪੁਰ ਦਾ ਸਕੱਤਰ ਚੁਣ ਲਿਆ ਅਤੇ ਉਹ ਆਖਰੀ ਸਵਾਸਾਂ ਤੱਕ ਹਿੰਦ-ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜ਼ਿਲਾ ਹੁਸ਼ਿਆਰਪੁਰ ਦੇ ਮੈਂਬਰ ਸਨ।

LEAVE A REPLY

Please enter your comment!
Please enter your name here