70 ਲੱਖ ਦੀ ਲਾਗਤ ਨਾਲ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ, ਕੁਝ ਦਿਨਾਂ ‘ਚ ਹੋਵੇਗਾ ਮੁਕੰਮਲ: ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਬੱਸੀ ਜਾਨਾ ਚੌਕ ਤੋਂ ਦੁਸਹਿਰਾ ਗਰਾਊਂਡ ਹੁੰਦੇ ਹੋਏ ਨਗਰ ਨਿਗਮ ਕੰਪਲੈਕਸ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਆਉਂਦੇ ਕੁਝ ਦਿਨਾਂ ‘ਚ ਇਹ ਸੜਕ ਪੂਰੀ ਤਰਾਂ ਤਿਆਰ ਹੋ ਜਾਵੇਗੀ ਜਿਸ ਨਾਲ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾ ਰਹੇ ਇਸ ਪ੍ਰੋਜੈਕਟ ਸਬੰਧੀ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਚਿਰੋਕਲੀ ਮੰਗ ਸੀ ਕਿ ਇਸ ਖੇਤਰ ਵਿੱਚ ਸੀਵਰੇਜ਼ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਜਿਸ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸੀਵਰੇਜ਼ ਪਾਉਣ ਉਪਰੰਤ ਹੁਣ ਇਸ ਸੜਕ ਦੀ ਮੁਰੰਮਤ ਦਾ ਕੰਮ ਆਉਂਦੇ ਦੋ-ਚਾਰ ਦਿਨਾਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ ਜਿਸ ਲਈ ਸਬੰਧਤ ਵਿਭਾਗ ਵਲੋਂ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।

Advertisements

ਇਸ ਮੌਕੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਅਰੋੜਾ ਨੇ ਕਿਹਾ ਕਿ ਵਿਕਾਸ ਕਾਰਜ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਲਈ ਹਮੇਸ਼ਾਂ ਤਰਜ਼ੀਹ ਰਹੇ ਹਨ ਅਤੇ ਮੌਜੂਦਾ ਸਮੇਂ ਕੋਵਿਡ ਸੰਕਟ ਦੇ ਬਾਵਜੂਦ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਅਤਿ ਲੋੜੀਂਦੇ ਕੰਮ ਨੇਪਰੇ ਚਾੜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਸਮੇਂ-ਸਮੇਂ ਸਿਰ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਇਨਾਂ ਕਾਰਜਾਂ ‘ਚ ਕਿਸੇ ਕਿਸਮ ਦੀ ਖੜੋਤ ਨਾ ਆਵੇ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨ ਨਾ ਸਿਰਫ਼ ਪੰਜਾਬ ਸਗੋਂ ਕਿਸਾਨ ਅਤੇ ਮਜ਼ਦੂਰ ਮਾਰੂ ਹਨ ਅਤੇ ਇਨਾਂ ਕਾਲੇ ਕਾਨੂੰਨਾਂ ‘ਤੇ 19 ਅਕਤੂਬਰ ਨੂੰ ਪੰਜਾਬ ਸਰਕਾਰ ਵਲੋਂ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵਿਸਥਾਰਤ ਵਿਚਾਰ-ਚਰਚਾ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ। ਵਿਰੋਧੀ ਆਗੂਆਂ ਵਲੋਂ ਇਕ ਦਿਨ ਦੀ ਥਾਂ ਸੈਸ਼ਨ ਦਾ ਸਮਾਂ ਹੋਰ ਵਧਾਉਣ ਸਬੰਧੀ ਦਿੱਤੇ ਜਾ ਰਹੇ ਬਿਆਨਾਂ ਬਾਰੇ ਪੁੱਛੇ ਜਾਣ ‘ਤੇ ਉਦਯੋਗ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦਿਸ਼ਾਹੀਣ ਅਤੇ ਮੁੱਦਾਹੀਣ ਹੋ ਚੁੱਕੀਆਂ ਹਨ ਅਤੇ ਉਹ ਹਰ ਮੁੱਦੇ ‘ਤੇ ਸਿਆਸਤ ਕਰਨ ਦੇ ਆਦੀ ਹੋ ਗਏ ਹਨ।

ਘਰ-ਘਰ ਰੋਜ਼ਗਾਰ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਸੁੰਦਰ ਸ਼ਾਮ ਅਰੋੜਾ ਨੇ  ਕਿਹਾ ਕਿ ਪੰਜਾਬ ਸਰਕਾਰ ਵਲੋਂ ਇਕ ਸਾਲ ਵਿੱਚ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸਲਾਹੁਤਾਯੋਗ ਉਪਰਾਲਾ ਹੈ ਜਿਸ ਨਾਲ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਹੋਵੇਗਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸਦਕਾ ਸਰਕਾਰੀ ਨੌਕਰੀਆਂ ਵਿੱਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਨਾਲ ਮਹਿਲਾ ਸਸ਼ਕਤੀਕਰਨ ਨੂੰ ਹੋਰ ਬਲ ਮਿਲੇਗਾ। ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਪ੍ਰਦੀਪ ਕੁਮਾਰ, ਲਵਕੇਸ਼ ਓਹਰੀ, ਕੁਲਵਿੰਦਰ ਸਿੰਘ, ਰਾਮਪਾਲ ਸਹਿਗਲ, ਗੋਪਾਲ ਵਰਮਾ, ਦੀਪਕ ਪੂਰੀ, ਸ਼ਿਵ ਜੈਨ, ਅੰਕੂਰ ਤੁਲਸੀ, ਅਨਿਲ ਬਸੀ, ਅਰੁਣ ਕੁਮਾਰ ਗੁਪਤਾ, ਨਰੇਸ਼ ਕੁਮਾਰ ਅਤੇ ਦੀਪ ਓਹਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here