ਨਿਗਮ ਵਲੋਂ ਅਣਅਧਿਕਾਰਤ ਕਾਲੋਨੀਆਂ ਖਿਲਾਫ਼ ਵੱਡੀ ਕਾਰਵਾਈ ਦੀ ਤਿਆਰੀ, ਰਜ਼ਿਸਟਰੀਆਂ ਤੇ ਰੋਕ ਲਾਉਣ ਸਬੰਧੀ ਤਹਿਸੀਲਦਾਰ ਨੂੰ ਦਿੱਤੇ ਆਦੇਸ਼

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਉੱਘੇ ਸਮਾਜ ਸੇਵੀ ਵੱਖ-ਵੱਖ ਘੁਟਾਲਿਆਂ ਦੇ ਵਿਸਲ ਬਲੋਅਰ ਅਤੇ ਚੇਅਰਮੈਨ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ ਪੰਜਾਬ ਰਾਜੀਵ ਵਸ਼ਿਸ਼ਟ ਦੇ ਭੂ ਅਤੇ ਮਾਈਨਿੰਗ ਮਾਫ਼ੀਆ ਖਿਲਾਫ਼ ਲਗਾਤਾਰ ਯਤਨਾਂ ਸਦਕਾ ਹੁਣ ਜ਼ਿਲਾ ਪ੍ਰਸ਼ਾਸਨ ਆਪਣੀ ਕੁੰਭ ਕਰਨੀ ਨੀਂਦ ਤੋਂ ਕੁੱਝ ਹੱਦ ਤੱਕ ਜਾਗ ਗਿਆ ਜਾਪਦਾ ਹੈ। ਪਿਛਲੇ ਦਿਨੀਂ ਪਾਪਰਾ ਐਕਟ-1995 ਅਤੇ ਪੰਜਾਬ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਨੋਟੀਫਿਕੇਸ਼ਨ ਨੰ.:12/01/2017-5hg2/1806; ਮਿਤੀ: 18.10.2018 ਤਹਿਤ ਅਣ ਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਨਗਰ ਨਿਗਮ ਹੁਸ਼ਿਆਰਪੁਰ ਅਧੀਨ ਬਣੀ ਕਮੇਟੀ ਦੀ ਹੋਈ ਇੱਕ ਹੰਗਾਮੀ ਅਤੇ ਪਲੇਠੀ ਮੀਟਿੰਗ ਵਿੱਚ ਨਗਰ ਨਿਗਮ ਹੁਸ਼ਿਆਰਪੁਰ ਤਹਿਤ ਨਿਯਮਿਤ ਹੋਣ ਹਿੱਤ ਆਈਆ ਸੱਤ ਕਾਲੋਨੀਆਂ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਇੱਕ ਅਹਿਮ ਫੈਸਲਾ ਲੈਂਦਿਆਂ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਇਨਾਂ ਕਾਲੋਨੀਆਂ ਦੇ ਕਿਸੇ ਵੀ ਪਲਾਟ ਦੀ ਹੋਣ ਵਾਲ਼ੀ ਰਜ਼ਿਸਟਰੀ ‘ਤੇ ਤੁਰੰਤ ਰੋਕ ਲਾਉਣ ਦਾ ਸਖ਼ਤ ਆਦੇਸ਼ ਦਿੱਤਾ ਹੈ।

Advertisements

ਗੌਰ ਤਲਬ ਹੈ ਕਿ ਇਸ ਕਮੇਟੀ ਦੇ ਚੇਅਰਮੈਨ ਕਮਿਸ਼ਨਰ (ਨਗਰ ਨਿਗਮ, ਹੁਸ਼ਿਆਰਪੁਰ) ਅਤੇ ਮੈਂਬਰ-ਸੀਨੀਅਰ ਟਾਊਨ ਪਲੈਨਰ (ਜਲੰਧਰ ਰੀਜ਼ਨ), ਨਿਗਰਾਨ ਇੰਜੀਨੀਅਰ (ਨਗਰ ਨਿਗਮ, ਹੁਸ਼ਿਆਰਪੁਰ), ਸਬ ਰਜ਼ਿਸਟਰਾਰ/ਤਹਿਸੀਲਦਾਰ (ਤਹਿਸੀਲ ਹੁਸ਼ਿਆਰਪੁਰ), ਸਹਾਇਕ ਟਾਊਨ ਪਲੈਨਰ (ਨਗਰ ਨਿਗਮ, ਹੁਸ਼ਿਆਰਪੁਰ), ਸਟੇਸ਼ਨ ਫ਼ਾਇਰ ਅਫ਼ਸਰ (ਨਗਰ ਨਿਗਮ, ਹੁਸ਼ਿਆਰਪੁਰ) ਹਨ। ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਜ਼ਿਲਾ ਹੁਸ਼ਿਆਰਪੁਰ ਦੇ ਨਗਰ ਨਿਗਮ/ ਨਗਰ ਪਾਲਕਾ ਦੇ ਘੇਰੇ ਅੰਦਰਲੇ (ਸ਼ਹਿਰੀ ਖ਼ੇਤਰ) ਅਤੇ ਬਾਹਰੀ (ਪੇਂਡੂ) ਇਲਾਕਿਆਂ ਵਿੱਚ ਪਿਛਲੇ ਲੰਬੇ ਅਰਸੇ ਤੋਂ ਭੂ ਅਤੇ ਰੇਤ ਮਾਈਨਿੰਗ ਮਾਫ਼ੀਆ ਦੁਆਰਾ ਆਪਣੇ ਅਸਰ ਰਸੂਖ ਨਾਲ਼ ਭਾਰੀ ਸੰਖਿਆ ਵਿੱਚ ਅਣ ਅਧਿਕਾਰਤ ਕਾਲੋਨੀਆਂ ਦੀ ਸਥਾਪਨਾ ਦਾ ਧੰਦਾ ਬਿਨਾਂ ਕਿਸੇ ਰੋਕ ਟੋਕ ਦੇ ਨਿਰੰਤਰ ਕੀਤਾ ਜਾ ਰਿਹਾ ਹੈ। ਇਸ ਕਾਰਜ ਵਿੱਚ ਇਨਾਂ ‘ਤੇ ਕਥਿਤ ਰੂਪ ਨਾਲ ਕਿਸੇ ਵੱਡੀ ਰਾਜਸੀ ਅਤੇ ਪ੍ਰਸ਼ਾਸਨਿਕ ਪੁਸ਼ਤ ਪਨਾਹੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਨਗਰ ਨਿਗਮ ਹੁਸ਼ਿਆਰਪੁਰ ਦੇ ਘੇਰੇ ਵਿੱਚ ਭਾਰੀ ਸੰਖਿਆ ਵਿੱਚ ਅਣ ਅਧਿਕਾਰਤ ਕਾਲੋਨੀਆਂ ਦੀ ਸਥਾਪਨਾ ਹੋਣ ਦੇ ਬਾਵਜੂਦ ਪਿਛਲੇ ਦੋ ਕੁ ਸਾਲਾਂ ਤੋਂ ਮਾਤਰ ਸੱਤ ਕਾਲੋਨੀਆਂ ਹੀਂ ਨਿਯਮਿਤ ਹੋਣ ਹਿੱਤ ਆਉਣੀਆਂ ਭੂ ਅਤੇ ਰੇਤ ਮਾਈਨਿੰਗ ਮਾਫ਼ੀਆ ਦੀ ਵੱਡੀ ਪੈਂਠ ਦੀ ਗਵਾਹੀ ਭਰਦੀਆਂ ਹਨ। ਇਨਾਂ ਸੱਤ ਕਾਲੋਨਾਈਜ਼ਰਾਂ ਨੇ ਵੀ ਜਿੱਥੇ ਬਿਨਾਂ ਕਾਲੋਨੀਆਂ ਦੇ ਨਿਯਮਿਤ ਹੋਇਆਂ ਹੀ ਭਾਰੀ ਸੰਖਿਆ ਵਿੱਚ ਪਲਾਟ ਵੇਚ ਕੇ ਉਪਭੋਗਤਾਵਾਂ ਨਾਲ਼ ਵੱਡੀ ਧੋਖਾ ਧੜੀ ਕੀਤੀ ਹੈ ਉੱਥੇ ਹੀ ਸਬੰਧਿਤ ਅਧਿਕਾਰੀਆਂ ਦਾ ਪਿਛਲੇ ਲਗਭਗ ਦੋ ਸਾਲਾਂ ਤੋਂ ਇਨਾਂ ਖਿਲਾਫ਼ ਕੋਈ ਵੀ ਕਾਰਵਾਈ ਅਮਲ ਵਿੱਚ ਲਿਆਉਣ ਸਬੰਧੀ ਵਿਖਾਇਆ ਅਵੇਸਲ਼ਾਪਣ ਕਥਿਤ ਰੂਪ ਨਾਲ ਕਿਸੇ ਵੱਡੀ ਮਿਲੀ ਭੁਗਤ ਵੱਲ ਇਸ਼ਾਰਾ ਕਰਦਾ ਹੈ।

ਗੌਰ ਤਲਬ ਹੈ ਕਿ ਰੋਜ਼ਾਨਾ ਭਾਰੀ ਸੰਖਿਆ ਵਿੱਚ ਪ੍ਰੈਸ ਨੋਟ/ਪਬਲਿਕ ਨੋਟਿਸ ਜਾਰੀ ਕਰਨ ਵਾਲ਼ੇ ਕਿਸੇ ਵੀ ਸਰਕਾਰੀ ਵਿਭਾਗ ਨੇ ਸ਼ਾਇਦ ਹੀ ਆਮ ਜਨਤਾ ਨੂੰ ਜਾਗਰੂਕ ਕਰਨ ਸਬੰਧੀ ਕਦੇ ਵੀ ਕੋਈ ਪ੍ਰੈਸ ਨੋਟ/ਪਬਲਿਕ ਨੋਟਿਸ ਜਾਰੀ ਕੀਤਾ ਹੋਵੇ। ਪਿਛਲੇ ਦਿਨੀਂ ਸੂਚਨਾ ਦੇ ਅਧਿਕਾਰ ਰਾਹੀਂ ਦਸਤਾਵੇਜ਼ਾਂ ਦੇ ਆਧਾਰ ‘ਤੇ ਪ੍ਰਾਪਤ ਜਾਣਕਾਰੀ ਰਾਹੀਂ ਉਪਰੋਕਤ ਤੱਥਾਂ ਦਾ ਖ਼ੁਲਾਸਾ ਕਰਦਿਆਂ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ, ਪੰਜਾਬ ਦੀ ਵਾਈਸ ਚੇਅਰਪਰਸਨ ਸਾਕਸ਼ੀ ਵਸ਼ਿਸ਼ਟ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਇਹ ਸੱਤ ਕਾਲੋਨੀਆਂ-ਰੀਹਿਲ ਕਾਲੋਨੀ (ਖ਼ਵਾਸਪੁਰ ਪਿੱਪਲਾਂਵਾਲਾ), ਸਰਵਨ ਇਨਕਲੇਵ (ਨੇੜੇ ਟੀ.ਬੀ. ਸੋਨਾਟੋਰੀਅਮ ਫ਼ਤਿਹ ਗੜ, ਰੈਵਨਿਊ ਅਸਟੇਟ ਪਿੰਡ ਸੁਤੈਹਰੀ), ਨਈ ਆਬਾਦੀ (ਪੁਰਹੀਰਾਂ), ਰਾਮ ਨਗਰ (ਬਹਾਦੁਰਪੁਰ), ਸੁਖੀਆ ਇਨਕਲੇਵ (ਸੁਖੀਆਬਾਦ), ਗੁਰੂ ਨਾਨਕ ਕਾਲੋਨੀ (ਆਦਮਵਾਲ਼ ਰੋਡ, ਬਹਾਦੁਰਪੁਰ) ਅਤੇ ਸੈਂਟਰਲ ਗਰੀਨ ਕਾਲੋਨੀ (ਬੱਸੀ ਰੋਡ, ਬਹਾਦੁਰਪੁਰ) ਹਨ। ਜ਼ਿਕਰ ਯੋਗ ਹੈ ਕਿ ਇਨਾਂ ‘ਚੋਂ ਗੁਰੂ ਨਾਨਕ ਕਾਲੋਨੀ, ਆਦਮਵਾਲ਼ ਰੋਡ, ਬਹਾਦੁਰਪੁਰ, ਹੁਸ਼ਿਆਰਪੁਰ ਉਹੀ ਕਾਲੋਨੀ ਹੈ ਜਿਸਦਾ ਮਾਲਕ ਅਵਤਾਰ ਸਿੰਘ ਪੁੱਤਰ ਸ਼ਾਮ ਸਿੰਘ ਨਿਵਾਸੀ ਬਰਿਆਣਾ, ਥਾਣਾ ਹਰਿਆਣਾ ਹੁਸ਼ਿਆਰਪੁਰ ਹੈ ਤੇ ਜਿਸਦੇ ਪੋਤੇ ਅਤੇ ਦੋਹਤਿਆਂ, ਪੁੱਤਰਾਨ ਨਿਵਾਸੀ ਹੁਸ਼ਿਆਰਪੁਰ ਨੇ ਚੇਅਰਮੈਨ ਰਾਜੀਵ ਵਸ਼ਿਸ਼ਟ ਦੇ ਭੂ ਅਤੇ ਰੇਤ ਮਾਈਨਿੰਗ ਮਾਫ਼ੀਆ ਖਿਲਾਫ਼ ਕੀਤੇ ਜਾ ਰਹੇ ਯਤਨਾਂ ਨੂੰ ਰੋਕਣ ਹਿੱਤ ਆਪਣੀ ਕਥਿਤ ਰਾਜਸੀ, ਪ੍ਰਸ਼ਾਸਨਿਕ ਪਹੁੰਚ ਅਤੇ ਜ਼ਿਲਾ ਹੁਸ਼ਿਆਰਪੁਰ ਦੇ ਭੂ ਅਤੇ ਰੇਤ ਮਾਈਨਿੰਗ ਮਾਫ਼ੀਆ ਦੇ ਸਹਿਯੋਗ ਨਾਲ਼ ਮਿਤੀ: 02.07.2020 ਨੂੰ ਝੂਠੀ ਅਤੇ ਬੇ ਬੁਨਿਆਦ ਸ਼ਿਕਾਇਤ ਦੇ ਆਧਾਰ ‘ਤੇ ਇੱਕ ਸਾਜ਼ਿਸ਼ੀ ਐਫ਼.ਆਈ.ਆਰ. ਨੰ.: 98 ਥਾਣਾ ਸਦਰ ਹੁਸ਼ਿਆਰਪੁਰ ਵਿਖੇ ਦਰਜ਼ ਕਰਵਾ ਦਿੱਤੀ ਸੀ।

ਪਰੰਤੂ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ, ਪੰਜਾਬ ਦੇ ਲਗਾਤਾਰ ਯਤਨਾਂ ਅਤੇ ਜ਼ਿਲਾ ਹੁਸ਼ਿਆਰਪੁਰ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ. ਪੀ.ਪੀ.ਐਸ. ਦੀ ਪਹਿਲਕਦਮੀ ਸਦਕਾ ਅਵਤਾਰ ਸਿੰਘ ਵਿਰੁੱਧ ਮਿਤੀ: 24.09.2020 ਨੂੰ ਪਾਪਰਾ ਐਕਟ-1995 ਤਹਿਤ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਐਫ਼.ਆਈ.ਆਰ. ਨੰ.: 148 ਤਹਿਤ ਮਾਮਲਾ ਦਰਜ ਹੋ ਚੁੱਕਾ ਹੈ। ਦੂਜੇ ਪਾਸੇ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸੁਖੀਆ ਇਨਕਲੇਵ ਸੁਖੀਆਬਾਦ, ਹੁਸ਼ਿਆਰਪੁਰ ਜਿਸਦੇ ਮਾਲਕ ਤੇ ਨਈ ਆਬਾਦੀ ਪੁਰਹੀਰਾਂ ਦੇ ਮਾਲਕ ਵਿਰੁੱਧ ਪਾਪਰਾ ਐਕਟ-1995 ਤਹਿਤ ਐਫ਼.ਆਈ.ਆਰ. ਦਰਜ਼ ਕਰਵਾਉਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਇਨਾਂ ਦੋਨਾਂ ਕਾਲੋਨੀਆਂ ਵਿਚ ਹੋਈ ਉਸਾਰੀ ਨੂੰ ਡੈਮੋਲਿਸ਼ ਕਰਨ ਦੀ ਕਾਰਵਾਈ ਵੀ ਅਰੰਭੀ ਜਾਣ ਦਾ ਫ਼ੈਸਲਾ ਹੋਇਆ ਹੈ। ਇਸਤੋਂ ਇਲਾਵਾ ਇਨਾਂ ਸਾਰੀਆਂ ਕਾਲੋਨੀਆਂ ਵਿਚਲੇ ਕਿਸੇ ਵੀ ਪਲਾਟ ਦੀ ਵੇਚ/ ਖ਼ਰੀਦ ਹਿੱਤ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਕੋਈ ਵੀ ਰਜ਼ਿਸਟਰੀ ਨਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

ਗੌਰ ਤਲਬ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ ਵੀ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਅਣ ਅਧਿਕਾਰਤ ਕਾਲੋਨੀਆਂ ਦੀਆਂ ਰਜ਼ਿਸਟਰੀਆਂ ਨਾ ਕਰਨ ਅਤੇ ਬਤੌਰ ਕਮੇਟੀ ਮੈਂਬਰ ਪੂਰਨ ਜਾਣਕਾਰ ਹੋਣ ਦੇ ਬਾਵਜੂਦ ਵੀ ਉਸ ਵੱਲੋਂ ਇਨਾਂ ਕਾਲੋਨੀਆਂ ਅਧੀਨ ਪਹਿਲਾਂ ਹੀ ਕਥਿਤ ਰੂਪ ਨਾਲ ਭਾਰੀ ਸੰਖਿਆ ਵਿੱਚ ਰਜ਼ਿਸਟਰੀਆਂ ਕਰ ਦਿੱਤੀਆਂ ਗਈਆਂ ਹਨ। ਜੇਕਰ ਸਰਕਾਰ ਉੱਚ ਪੱਧਰੀ ਜਾਂਚ ਕਰਵਾਏ ਤਾਂ ਤਹਿਸੀਲਦਾਰ ਹੁਸ਼ਿਆਰਪੁਰ ਵੱਲੋਂ ਕਥਿਤ ਰੂਪ ਨਾਲ ਨਗਰ ਨਿਗਮ ਦੇ ਘੇਰੇ ਅਧੀਨ ਸ਼ਹਿਰੀ ਖ਼ੇਤਰਾਂ ਅਤੇ ਇਸਦੇ ਘੇਰੇ ਤੋਂ ਬਾਹਰ ਪੇਂਡੂ ਇਲਾਕਿਆਂ ਵਿੱਚ ਵੀ ਸਥਿਤ ਅਨੇਕਾਂ ਅਣ ਅਧਿਕਾਰਤ ਕਾਲੋਨੀਆਂ ਵਿਚਲੇ ਪਲਾਟਾਂ ਦੀਆਂ ਹੋਈਆਂ ਬੇਸ਼ੁਮਾਰ ਰਜ਼ਿਸਟਰੀਆਂ ਦਾ ਖ਼ੁਲਾਸਾ ਆਮ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਇਸ ਵਰਤਾਰੇ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਕਸ਼ੀ ਵਸ਼ਿਸ਼ਟ ਨੇ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਐਸ.ਐਸ.ਪੀ. ਹੁਸ਼ਿਆਰਪੁਰ, ਐਸ.ਡੀ.ਐਮ. ਹੁਸ਼ਿਆਰਪੁਰ, ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਅਤੇ ਮੁੱਖ ਪ੍ਰਸ਼ਾਸਕ ਜਲੰਧਰ ਡਵੈਲਪਮੈਂਟ ਅਥਾਰਟੀ ਜਲੰਧਰ ਨੂੰ ਜ਼ਿਲਾ ਹੁਸ਼ਿਆਰਪੁਰ ਵਿੱਚ ਭੂ ਅਤੇ ਰੇਤ ਮਾਈਨਿੰਗ ਮਾਫ਼ੀਆ ਵੱਲੋਂ ਕਥਿਤ ਰੂਪ ਨਾਲ ਆਪਣੇ ਰਾਜਸੀ-ਪ੍ਰਸ਼ਾਸਨਿਕ ਆਕਾਵਾਂ ਦੀ ਪੁਸ਼ਤ ਪਨਾਹੀ ਨਾਲ਼ ਭੋਲੇ-ਭਾਲ਼ੇ ਲੋਕਾਂ ਨੂੰ ਅਣ ਅਧਿਕਾਰਤ ਕਾਲੋਨੀਆਂ ਦੇ ਜਾਲ਼ ਵਿੱਚ ਫਸਾ ਕੇ ਪਿਛਲੇ ਲੰਬੇ ਅਰਸੇ ਤੋਂ ਕੀਤੀ ਜਾ ਰਹੀ ਧੋਖਾਧੜੀ ਖਿਲਾਫ਼ ਇੱਕ ਵਿਸਤ੍ਰਿਤ ਪੜਤਾਲ ਅਮਲ ਵਿੱਚ ਲਿਆਉਣ ਦੀ ਮੰਗ ਕਰਦਿਆਂ ਲੋਕ ਸੰਪਰਕ ਵਿਭਾਗ ਪੰਜਾਬ ਰਾਹੀਂ ਇਸ ਮੁੱਦੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ ਹੈ। ਉਹਨਾਂ ਆਮ ਜਨਤਾ ਨੂੰ ਵੀ ਇਸ ਮਾਫ਼ੀਆ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਇਨਾਂ ਖਿਲਾਫ਼ ਆਰ.ਟੀ.ਆਈ. ਅਵੇਅਰਨੈੱਸ ਫ਼ੋਰਮ ਪੰਜਾਬ ਅਤੇ ਇਸਦੀ ਹਮ ਖਿਆਲੀ ਸੰਸਥਾਵਾਂ/ਵਿਅਕਤੀਆਂ ਵੱਲੋਂ ਵਿੱਢੀ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਹੈ। ਸਾਕਸ਼ੀ ਵਸ਼ਿਸ਼ਟ ਨੇ ਜਲਦ ਹੀ ਜ਼ਿਲਾ ਹੁਸ਼ਿਆਰਪੁਰ ਵਿਖੇ ਚਲ ਰਹੇ ਇਸ ਗੋਰਖ ਧੰਦੇ ਸਬੰਧੀ ਵੱਡੇ ਖ਼ੁਲਾਸੇ ਕਰਨ ਦਾ ਪ੍ਰਣ ਵੀ ਦੁਹਰਾਇਆ ਹੈ।

LEAVE A REPLY

Please enter your comment!
Please enter your name here