ਵਿਧਾਇਕ ਸੁਸ਼ੀਲ ਰਿੰਕੂ ਅਤੇ ਡੀਸੀ ਵੱਲੋਂ 16 ਹੈਲਥ ਐਂਡ ਵੈੱਲਨੈੱਸ ਸੈਂਟਰ ਲੋਕਾਂ ਨੂੰ ਸਮਰਪਿਤ

ਜਲੰਧਰ (ਦ ਸਟੈਲਰ ਨਿਊਜ਼)। ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜਲੰਧਰ ਪੱਛਮੀ ਤੋਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ਨੀਵਾਰ ਨੂੰ ਜਲੰਧਰ ਵਿਖੇ 16 ਹੈਲਥ ਐਂਡ ਵੈੱਲਨੈੱਸ ਸੈਂਟਰ (ਤੰਦਰੁਸਤ ਪੰਜਾਬ ਸਿਹਤ ਕੇਂਦਰ) ਲੋਕਾਂ ਨੂੰ ਸਮਰਪਿਤ ਕੀਤੇ। ਜਲੰਧਰ ਵਿੱਚ ਹੁਣ 172 ਅਪਗ੍ਰੇਡ ਕੀਤੇ ਸਬ ਹੈਲਥ ਸੈਂਟਰਾਂ, 8 ਸ਼ਹਿਰੀ ਅਤੇ 28 ਪੇਂਡੂ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਨਾਲ 208 ਹੈਲਥ ਐਂਡ ਵੈੱਲਨੈੱਸ ਸੈਂਟਰ ਹੋਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 107 ਹੈਲਥ ਐਂਡ ਵੈੱਲਨੈੱਸ ਸੈਂਟਰਾਂ ਦੇ ਰਾਜ ਪੱਧਰੀ ਵਰਚੂਅਲ ਉਦਘਾਟਨ ਸਮਾਰੋਹ ਵਿਚ ਹਿੱਸਾ ਲੈਂਦਿਆਂ ਜਲੰਧਰ ਪੱਛਮੀ ਤੋਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸੈਂਟਰ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਚਲਾਏ ਜਾਣਗੇ ਅਤੇ ਕੈਂਸਰ ਸਮੇਤ ਵੱਖ-ਵੱਖ ਗੈਰ-ਸੰਚਾਰੀ ਰੋਗਾਂ ਜਿਵੇਂ ਸ਼ੂਗਰ, ਦਿਲ ਦੇ ਰੋਗ ਅਤੇ ਹੋਰ ਬੀਮਾਰੀਆਂ ਦਾ ਇਲਾਜ ਮੁਹੱਈਆ ਕਰਨਗੇ।

Advertisements

ਉਹਨਾਂ ਦੱਸਿਆ ਕਿ ਇਹਨਾਂ ਸੈਂਟਰਾਂ ਨੂੰ ਚਲਾਉਣ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਬ੍ਰਿਜ ਪ੍ਰੋਗਰਾਮ ਤਹਿਤ ਨਰਸਿੰਗ ਅਫਸਰਾਂ (ਸਟਾਫ ਨਰਸਾਂ) ਨੂੰ ਸਿਖਲਾਈ ਦਿੱਤੀ ਗਈ ਹੈ। ਇਹ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਤੋਂ ਕਮਿਊਨਿਟੀ ਹੈਲਥ ਅਫ਼ਸਰ ਦੀ 6 ਮਹੀਨੇ ਦੀ ਸਿਖਲਾਈ ਹਾਸਲ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਕੋਰਸ ਦੌਰਾਨ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਸਿਧਾਂਤਕ ਦੇ ਨਾਲ-ਨਾਲ ਵਿਵਹਾਰਕ ਸਿਖਲਾਈ ਵੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਸੈਂਟਰ ਪਹਿਲੇ ਪੜਾਅ ‘ਤੇ ਹੀ ਸ਼ੱਕੀ ਮਾਮਲਿਆਂ ਦਾ ਜਲਦੀ ਪਤਾ ਲਗਾਉਣ ਨੂੰ ਯਕੀਨੀ ਬਣਾ ਕੇ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿਚ ਸਹਾਇਕ ਸਾਬਤ ਹੋਣਗੇ। ਉਹਨਾਂ ਕਿਹਾ ਕਿ ਜ਼ੁਕਾਮ ਵਰਗੇ ਲੱਛਣਾਂ ਵਾਲੇ ਸ਼ੱਕੀ ਮਾਮਲਿਆਂ ਦੀ ਜਲਦੀ ਟੈਸਟਿੰਗ ਨਾਲ ਇਸ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਸ ਨਾਲ ਵਾਇਰਸ ਦੀ ਚੇਨ ਨੂੰ ਜਲਦੀ ਤੋੜਨ ਵਿੱਚ ਮਦਦ ਮਿਲੇਗੀ।

ਉਹਨਾਂ ਕਿਹਾ ਕਿ ਇਹ ਸੈਂਟਰ ਸਿਵਲ ਹਸਪਤਾਲ ਦੇ ਡਾਕਟਰਾਂ ਉਤੇ ਕੰਮ ਦਾ ਭਾਰ ਵੀ ਘਟਾਉਣਗੇ। ਉਹਨਾਂ ਦਾਅਵਾ ਕੀਤਾ ਕਿ ਇਹ ਸਰਕਾਰ ਵੱਲੋਂ ਦੇਸ਼ ਵਿੱਚ ਨਿਵੇਕਲੀ ਕਿਸਮ ਦੀ ਪਹਿਲਕਦਮੀ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਇਹ ਸੈਂਟਰ ਜ਼ਿਲੇ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਹਰੇਕ ਨਿਵਾਸੀ ਨੂੰ ਉਹਨਾਂ ਦੇ ਦਰਵਾਜ਼ੇ ‘ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ। ਉਹਨਾਂ ਕੋਵਿਡ ਵਿਰੁੱਧ ਇਸ ਜੰਗ ਵਿਚ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ‘ਵਰਦੀ ਤੋਂ ਬਿਨਾਂ ਸਿਪਾਹੀ’ ਕਰਾਰ ਦਿੱਤਾ। ਇਸ ਮੌਕੇ ਸਟਾਫ ਨਰਸ ਕਮਲਜੀਤ ਕੌਰ, ਜੋ ਕਿ ਮਾਰਚ 2020 ਤੋਂ ਕੋਵਿਡ ਡਿਊਟੀ ਨਿਭਾ ਰਹੀ ਹੈ, ਨੇ ਵਰਚੂਅਲ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ.ਡੀ.ਐਮ ਡਾ. ਜੈ ਇੰਦਰ ਸਿੰਘ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਡੀ.ਐੱਮ.ਸੀ. ਡਾ. ਜੋਤੀ ਸ਼ਰਮਾ, ਐਨ.ਐਚ.ਐਮ. ਡੀ.ਪੀ.ਐਮ ਵਿਨੈ ਮਲਹਨ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here