ਪੂਰਾ ਦੇਸ਼ ਹਥਿਆਬੰਦ ਸੈਨਾਵਾਂ ਦਾ ਹਮੇਸ਼ਾਂ ਦੇਣਦਾਰ : ਅਪਨੀਤ ਰਿਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ਅੱਜ ਇਥੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਤੇ ਮਜ਼ਬੂਤ ਰੱਖਣ ਲਈ ਪੂਰਾ ਦੇਸ਼ ਹਥਿਆਰਬੰਦ ਸੈਨਾਵਾਂ ਦਾ ਹਮੇਸ਼ਾਂ ਦੇਣਦਾਰ ਹੈ ਜੋ ਦੇਸ਼ ਵਾਸੀਆਂ ਦੇ ਕੱਲ ਲਈ ਆਪਣਾ ਅੱਜ ਨਿਸ਼ਾਵਰ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੀਆਂ ਹਨ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਸੂਰਬੀਰ ਸੈਨਿਕਾਂ ‘ਤੇ ਮਾਣ ਹੋਣਾ ਚਾਹੀਦਾ ਹੈ ਜਿਹੜੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਸਨੀਕ ਹੋਣ ਦੇ ਨਾਲ-ਨਾਲ ਵੱਖ-ਵੱਖ ਭਾਸ਼ਾਵਾਂ ਬੋਲਣ ਦੇ ਬਾਵਜੂਦ ਇਕਜੁੱਟ ਹੋ ਕੇ ਦੇਸ਼ ਦੀ ਰਾਖੀ ਲਈ ਮਰ-ਮਿਟਣ ਨੂੰ ਤਿਆਰ ਰਹਿੰਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨੋਲਜੀ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਨੂੰ ਝੰਡਾ ਫੰਡ ਇਕੱਤਰ ਕਰਨ ਲਈ ਰਵਾਨਾ ਕਰਨ ਤੋਂ ਪਹਿਲਾਂ ਡੀਨ ਅਕੈਡਮਿਕ ਪ੍ਰੋ: (ਡਾ.) ਪਰਮਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਝੰਡਾ ਟੋਕਨ ਲਗਾਇਆ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਝੰਡਾ ਦਿਵਸ ਫੰਡ ਲਈ ਦਿਲ ਖੋਲ ਕੇ ਦਾਨ ਦੇਣ ਜੋ ਬੇਵਕਤੇ ਸਮੇਂ ਵਿੱਚ ਫੌਜੀਆਂ, ਸਾਬਕਾ ਫੌਜੀਆਂ, ਵੀਰ ਨਾਰੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਦੀ ਵੱਧ ਤੋਂ ਵੱਧ ਮਦਦ ਵਿੱਚ ਕੰਮ ਆ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਦੇ ਵੀ ਝੰਡਾ ਟੋਕਨ ਲਗਾਇਆ ਗਿਆ।

Advertisements

ਇਸ ਤੋਂ ਪਹਿਲਾਂ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਕੰਪਲੈਕਸ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਉਪ ਪ੍ਰਧਾਨ ਜ਼ਿਲਾ ਸੈਨਿਕ ਬੋਰਡ ਕਰਨਲ ਮਲੂਕ ਸਿੰਘ ਅਤੇ ਜ਼ਿਲੇ ਦੇ ਸਾਬਕਾ ਅਫ਼ਸਰ ਸਾਹਿਬਾਨ, ਜ਼ਿਲੇ ਦੀ ਸਾਬਕਾ ਸੈਨਿਕ ਐਸੋਸੀਏਸ਼ਨ, ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਵਲੋਂ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਕੇ ਕੀਤੀ ਗਈ। ਜਿਲਾ ਰੱੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਦੇਸ਼ ਦੇ ਬਹਾਦਰ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਭੇਟ ਕਰਨ ਦਾ ਇਕ ਸੁਨਹਿਰੀ ਮੌਕਾ ਹੈ। ਉਹਨਾਂ ਕਿਹਾ ਕਿ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਨੂੰ ਜ਼ਿਲਾ ਪ੍ਰਸ਼ਾਸਨ ਅਤੇ ਸਾਬਕਾ ਸੈਨਿਕ ਵਰਗ ਵਲੋਂ ਭਾਰੀ ਯੋਗਦਾਨ ਪ੍ਰਾਪਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲੇ ਵਿੱਚ ਕੁੱਲ 577 ਸ਼ਹੀਦ, 457 ਪੁਰਸਕਾਰ ਜੇਤੂ ਅਤੇ 60 ਹਜ਼ਾਰ ਕੇ ਕਰੀਬ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਦੀ ਗਿਣਤੀ ਹੈ।

ਉਹਨਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਲਈ 4 ਲੱਖ ਦੇ ਕਰੀਬ ਸਟਿੱਕਰ ਪੂਰੇ ਜ਼ਿਲੇ ਵਿੱਚ ਵੰੰਡੇ ਗਏ ਹਨ। ਉਹਨਾਂ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਫ਼ੰਡ ਵਿੱਚ ਵੱਧ ਤੋਂ ਵਿੱਤੀ ਯੋਗਦਾਨ ਇਕੱਠਾ ਕਰਕੇ ਦੇਸ਼ ਦੇ ਸੈਨਿਕਾਂ, ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਸੈਨਿਕਾਂ ਦੇ ਵਾਰਸਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਫ: ਜਨਰਲ ਜੇ.ਐਸ.ਢਿਲੋਂ, ਕਰਨਲ ਪੀ.ਐਸ. ਮਿਨਹਾਸ, ਕਰਨਲ ਗੁਰਚਰਨ ਸਿੰਘ, ਰਸ਼ਪਾਲ ਸਿੰਘ, ਰਾਜ ਕੁਮਾਰੀ, ਮਨਜੀਤ ਸਿੰਘ, ਸੂਬੇਦਾਰ ਮੇਜਰ ਹਰਬੰਸ ਸਿੰਘ, ਸੂਬੇਦਾਰ ਮੇਜਰ ਜਸਵਿੰਦਰ ਸਿੰਘ ਧਾਮੀ, ਗੁਰਮੀਤ ਸਿੰਘ, ਸੂਬੇਦਾਰ ਚੰਨਣ ਸਿੰਘ ਤੋਂ ਇਲਾਵਾ ਸਾਬਕਾ ਸੈਨਿਕ ਅਤੇ ਵੀਰ ਨਾਰੀਆਂ ਮੌਜੂਦ ਸਨ।

ਹਥਿਆਰਬੰਦ ਸੈਨਾ ਦਿਵਸ: ਸ਼ਹੀਦਾਂ ਦੀ ਬਹਾਦਰੀ ਨੂੰ ਸਤਿਕਾਰ ਦੇਣ, ਸਾਬਕਾ ਸੈਨਿਕਾਂ ਨੂੰ ਮਾਣ-ਸਨਮਾਨ ਦੇਣ ਅਤੇ ਸੁਰੱਖਿਆ ਸੈਨਾਵਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਇਹ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਸੁਰੱਖਿਆ ਸੈਨਾਵਾਂ ਵਲੋਂ ਦੇਸ਼ ਲਈ ਕੀਤੀਆਂ ਅਥਾਹ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਦਿਨ ਪੂਰਾ ਰਾਸ਼ਟਰ ਝੰਡਾ ਦਿਵਸ ਫੰਡ ਲਈ ਦਾਨ ਦੇ ਕੇ ਸੁਰੱਖਿਆ ਸੈਨਾਵਾਂ ਪ੍ਰਤੀ ਆਪਣੀ ਸਾਂਝ ਪ੍ਰਗਟਾਉਂਦਾ ਹੈ।

LEAVE A REPLY

Please enter your comment!
Please enter your name here