ਪਠਾਨਕੋਟ: ਵਿਦਿਆਰਥੀਆਂ ਨੂੰ ਸਾਲਾਨਾ ਇਮਤਿਹਾਨਾਂ ਲਈ ਤਿਆਰ ਕਰਨ ਹਿੱਤ ਵਾਧੂ ਕਲਾਸਾਂ ਸ਼ੁਰੂ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘਰੇਲੂ ਪ੍ਰੀਖਿਆਵਾਂ ਵਿੱਚ ਕਾਰਗੁਜ਼ਾਰੀ ਨੂੰ ਆਧਾਰ ਮੰਨਦਿਆਂ ਸਰਕਾਰੀ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਨਤੀਜਿਆਂ ਦਾ ਮਾਈਕਰੋ ਵਿਸ਼ਲੇਸ਼ਣ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਕੂਲ ਮੁਖੀਆਂ ਨੇ ਵਿਦਿਆਰਥੀਆਂ ਦੁਆਰਾ ਦਿੱਤੇ ਦਸੰਬਰ ਮਹੀਨੇ ਦੇ ਘਰੇਲੂ ਇਮਤਿਹਾਨਾਂ ਦਾ ਮੁਲਾਂਕਣ ਕਰਨ ਲਈ ਸਕੂਲ ਪੱਧਰ ‘ਤੇ ਤਿਆਰ ਸਾਫ਼ਟਵੇਅਰ ਨੂੰ ਵਰਤਦਿਆਂ ਵਿਦਿਆਰਥੀਆਂ ਦੇ ਮਜ਼ਬੂਤ ਅਤੇ ਕਮਜ਼ੋਰ ਪੱਖਾਂ ਨੂੰ ਜਾਣ ਕੇ ਅਗਲੇਰੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ।

Advertisements

ਇਸ ਲੜੀ ਤਹਿਤ ਹੀ ਜ਼ਿਲ੍ਹੇ ਦੇ ਸਕੂਲ ਮੁਖੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਐਫਸੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿੱਖੇ ਆਪਣੀ ਪੀਪੀਟੀ ਪੇਸ਼ ਕੀਤੀ। ਜਿਸਦਾ ਵਿਸ਼ਲੇਸ਼ਣ ਜ਼ਿਲ੍ਹਾ ਟੀਮ ਨੇ ਕੀਤਾ। ਇਸ ਮੌਕੇ ਤੇ ਸਮੂਹ ਸਕੂਲ ਮੁਖੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਮਿਸ਼ਨ ਸ਼ਤ-ਪ੍ਰਤੀਸ਼ਤ ਦੀਆਂ ਤਿਆਰੀਆਂ ਸਬੰਧੀ ਆਪਣੀ ਆਪਣੀ ਮਾਇਕਰੋ ਪਲਾਨਿੰਗ ਦੱਸੀ। ਵਰਕਸ਼ਾਪ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਰਿੰਦਰ ਪਰਾਸ਼ਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਵੱਲੋਂ ਕੀਤਾ ਗਿਆ।ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਵਰਿੰਦਰ ਪਰਾਸ਼ਰ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਸਕੂਲ ਮੁਖੀਆਂ ਨੇ ਆਪਣੇ ਆਪਣੇ ਸਕੂਲ ਦੀ ਪੀਪੀਟੀ ਤਿਆਰ ਕਰਕੇ ਸਕੂਲ ਦੇ ਨਤੀਜੇ ਨੂੰ ਸ਼ਤ-ਪ੍ਰਤੀਸ਼ਤ ਬਣਾਉਣ ਲਈ ਸਕੂਲ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਆਪਣੀ ਆਪਣੀ ਯੋਜਨਾਬੰਦੀ ਦੱਸੀ। 

ਡੀ.ਈ.ਓ. (ਸੈ.) ਨੇ ਦੱਸਿਆ ਕਿ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਮਾਪਿਆਂ ਦੀ ਸਹਿਮਤੀ ਨਾਲ ਵਿਦਿਆਰਥੀ ਪੜ੍ਹਣ ਲਈ ਸਕੂਲ ਆ ਰਹੇ ਹਨ ਅਤੇ ਆਫਲਾਈਨ ਇਮਤਿਹਾਨ ਦੇ ਰਹੇ ਹਨ। ਇਸ ਨਾਲ ਜਿੱਥੇ ਬੱਚਿਆਂ ਦੀ ਸਲਾਨਾ ਪ੍ਰੀਖਿਆਵਾਂ ਲਈ ਤਿਆਰੀ ਹੋ ਰਹੀ ਹੈ ਉੱਥੇ ਅਧਿਆਪਕ ਬੱਚਿਆਂ ਦੀ ਵਧੀਆ ਤਿਆਰੀ ਲਈ ਵਾਧੂ ਜਮਾਤਾਂ ਵੀ ਲਗਾਉਣ ਲੱਗੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਕੂਲ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਹਨਾਂ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ ਅਤੇ ਜੇਕਰ ਕਿਸੇ ਸਕੂਲ ਨੂੰ ਕਿਸੇ ਕਿਸਮ ਦੀ ਗ੍ਰਾਂਟ ਦੀ ਹੋਰ ਲੋੜ ਹੈ ਤਾਂ ਉਹ ਲਿਖਿਤ ਤੌਰ ਤੇ ਦਫ਼ਤਰ ਨੂੰ ਭੇਜੇ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੋਵਿਡ ਕਾਰਨ ਹੋਏ ਲਾਕਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਸਮੂਹ ਵਿਦਿਆਰਥੀਆਂ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਘਰ ਬੈਠੇ ਸਿੱਖਿਆ ਮੁਹਿੰਮ ਦੌਰਾਨ ਆਨਲਾਈਨ ਸਿੱਖਿਆ ਦੇਣ ਲਈ ਟੈਲੀਵੀਜ਼ਨ ਰਾਹੀਂ ਜਮਾਤਾਂ, ਰੇਡੀਓ ਕਲਾਸਰੂਮ, ਸੋਸ਼ਲ਼ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਵਰਤ ਕੇ ਬੱਚਿਆਂ ਨੂੰ ਰੋਜ਼ਾਨਾ ਵੀਡੀਓ ਕਲਾਸਾਂ ਰਾਹੀ ਪੜ੍ਹਾਈ ਕਰਵਾਈ ਗਈ ਅਤੇ ਹੁਣ ਵੀ ਜਾਰੀ ਹੈ।

ਇਸਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਐਜੂਕੇਅਰ ਐਪ ਵੀ ਤਿਆਰ ਕੀਤਾ ਗਿਆ ਜਿਸ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ, ਪਾਠਕ੍ਰਮ, ਮਾਡਲ ਟੈਸਟ ਪੇਪਰ ਅਤੇ ਈ-ਕੰਟੈਂਟ ਉਪਲਬਧ ਕਰਵਾਇਆ ਗਿਆ ਹੈ। ਇਸ ਮੌਕੇ ਤੇ ਸੰਜੀਵ ਸ਼ਰਮਾਂ ਡੀਐਮ ਸਾਇੰਸ, ਸੁਮੀਰ ਸ਼ਰਮਾਂ ਡੀਐਮ ਇੰਗਲਿਸ਼, ਅਮਿਤ ਵਸ਼ਿਸ਼ਟ ਡੀਐਮ ਗਣਿਤ, ਵਿਕਾਸ ਰਾਏ ਡੀਐਮ ਕੰਪਿਊਟਰ, ਰਮੇਸ਼ ਕੁਮਾਰ ਡੀਐਮ ਹਿੰਦੀ, ਵਿਨੋਦ ਅੱਤਰੀ ਡੀਐਮ ਪੰਜਾਬੀ, ਬਲਕਾਰ ਅੱਤਰੀ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ, ਸਮੂਹ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਅਤੇ ਸਮੂਹ ਪ੍ਰਿੰਸੀਪਲ ਸਾਹਿਬਾਨ ਹਾਜ਼ਰ ਸਨ।

LEAVE A REPLY

Please enter your comment!
Please enter your name here