ਜਲੰਧਰ: ਜਲ ਸਪਲਾਈ ਵਿਭਾਗ ਦੇ ਪਾਈਲਟ ਪ੍ਰੋਜੈਕਟਾਂ ਤੋਂ ਜਲੰਧਰ ਦੇ 2 ਪਿੰਡਾਂ ਨੂੰ ਮਿਲਣ ਲੱਗਾ ਪੂਰਾ ਲਾਭ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਜਲ ਸਪਲਾਈ ਦੀਆਂ ਨਿਰਵਿਘਨ ਤੇ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਮੰਤਵ ਤਹਿਤ ਜਲ ਸਪਲਾਈ ਵਿਭਾਗ ਵਲੋਂ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਦੋ ਪਿੰਡਾਂ ਵਿੱਚ ਸੂਰਜੀ ਊਰਜਾ ’ਤੇ ਅਧਾਰਿਤ ਜਲ ਸਪਲਾਈ ਪ੍ਰੋਜੈਕਟਾਂ ਦੀ ਪਿਛਲੇ ਸਾਲ ਸ਼ੁਰੂਆਤ ਕੀਤੀ ਗਈ , ਜਿਨਾਂ ਦੇ ਸ਼ੁਰੂ ਹੋਣ ਨਾਲ ਪਿੰਡਾਂ ਦੀ ਪੰਚਾਇਤਾਂ ਨੂੰ ਪੂਰਾ ਲਾਭ ਮਿਲਣਾ ਲੱਗ ਪਿਆ ਹੈ ਅਤੇ ਹੁਣ ਇਨਾਂ ਪੰਚਾਇਤਾਂ ਨੂੰ ਜਲ ਸਪਲਾਈ ਪ੍ਰੋਜੈਕਟ ’ਤੇ ਬਿਜਲੀ ਦਾ ਕੋਈ ਬਿਲ ਨਹੀਂ ਮਿਲ ਰਿਹਾ ਅਤੇ ਇਸ ਪੈਸੇ ਨੂੰ ਪਿੰਡ ਦੇ ਹੋਰ ਵਿਕਾਸ ਕਾਰਜਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ।

Advertisements

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪੰਜਾਬ ਵਿੱਚ ਪਹਿਲੀ ਵਾਰ 31.78 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਨੂੰ ਜਲੰਧਰ ਦੇ ਪਿੰਡ ਜਗਰਾਵਾਂ ਅਤੇ ਮੁਰਾਦਪੁਰ ਵਿਖੇ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨਾਲ ਪਿੰਡਾਂ ਦੇ ਘਰਾਂ ਵਿੱਚ ਸਿੱਧੇ ਤੌਰ ’ਤੇ ਪੀਣ ਯੋਗ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੁਪਰਡੰਟ ਇੰਜੀਨੀਅਰ ਐਨ.ਪੀ. ਸਿੰਘ ਜਿਨਾਂ ਵਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਪੀਣ ਯੋਗ ਸਾਫ਼ ਸੁਥਰੇ ਪਾਣੀ ਲਈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਪੀਣ ਵਾਲੇ ਪਾਣੀ ਲਈ ਨਲਕਿਆਂ ’ਤੇ ਨਿਰਭਰ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ 150 ਮੀਟਰ ਡੂੰਘਾ ਟਿਊਬਵੈਲ , 25000 ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ, ਸੂਰਜੀ ਊਰਜਾ ਅਧਾਰਿਤ ਇਸ ਪ੍ਰੋਜੈਕਟ ਤਹਿਤ ਹਰ ਘਰ ਪਾਣੀ ਦਾ ਕੁਨੈਕਸ਼ਨ ਦੇਣ ਲਈ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਸ਼ੁਰੂ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਸਿਸਟਮ ਰਾਹੀਂ ਬਿਜਲੀ ਪੈਦਾ ਹੁੰਦੀ ਹੈ ਜਿਸ ਨੂੰ ਪੰਪ ਚਲਾਉਣ ਅਤੇ ਪਿੰਡ ਵਾਸੀਆਂ ਦੇ ਘਰਾਂ ਤੱਕ ਪਾਣੀ ਦੀ ਸਪਲਾਈ ਲਈ ਵਰਤਿਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਹੁਣ ਇਕ ਸਾਲ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਦਾ ਬਿਜਲੀ ਬਿੱਲ ਜ਼ੀਰੋ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਪੈਸੇ ਬਚਾਅ ਕੇ ਪੰਚਾਇਤਾਂ ਵਲੋਂ ਇਨਾਂ ਨੂੰ ਦੂਸਰੇ ਵਿਕਾਸ ਕਾਰਜਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨਾਲ ਗਰਾਮ ਪੰਚਾਇਤ ਦੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਮਾਲੀਏ ਵਿੱਚ ਵੀ ਵਾਧਾ ਹੋਇਆ ਹੈ। ਸੁਪਰਡੰਟ ਇੰਜੀਨੀਅਰ ਨੇ ਦੱਸਿਆ ਕਿ ਪਿੰਡਾਂ ਦੇ 143 ਘਰਾਂ ਵਿੱਚ 24 ਘੰਟੇ ਸਾਫ਼ ਤੇ ਸੁੱਧ ਪਾਣੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਰਜੀ ਊਰਜਾ ਅਧਾਰਤਿ ਜਲ ਸਲਪਾਈ ਪ੍ਰੋਜੈਕਟਾਂ ਨੂੰ ਜ਼ਿਲ੍ਹੇ ਵਿੱਚ ਪੜ੍ਹਾਅ ਵਾਰ ਲਗਾਇਆ ਜਾਵੇਗਾ। ਉਨ੍ਹਾਂ ਇਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਇਕ ਵੀ ਬੂੰਦ ਨੂੰ ਬਰਬਾਦ ਨਾ ਕੀਤਾ ਜਾਵੇ ਅਤੇ ਇਸ ਦੀ ਪੂਰੀ ਸਿਆਣਪ ਨਾਲ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਸੁਪਰਡੰਟ ਇੰਜੀਨੀਅਰ ਵਲੋਂ ਸੂਰਜੀ ਊਰਜਾ ਅਧਾਰਿਤ ਪ੍ਰੋਜੈਕਟ ਦੀ ਕਾਰਜ ਪ੍ਰਣਾਲੀ ਦਾ ਪਿੰਡ ਵਾਸੀਆਂ ਪਾਸੋਂ ਜਾਣਕਾਰੀ  ਵੀ ਲਈ ਗਈ , ਜਿਨਾਂ ਨੇ ਦੱਸਿਆ ਕਿ ਉਹ ਇਸ ਪ੍ਰੋਜੈਕਟ ਦੇ ਕੰਮ ਕਰਨ ਦੀ ਸਮਰੱਥਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਨਾਂ ਨੂੰ 24 ਘੰਟੇ ਨਿਰਵਿਘਨ ਪਾਣੀ ਮਿਲ ਰਿਹਾ ਹੈ। ਸੂਰਜੀ ਊਰਜਾ ਅਧਾਰਿਤ ਜਲ ਸਪਲਾਈ ਪ੍ਰੋਜੈਕਟ ਜਲੰਧਰ ਜ਼ਿਲ੍ਹੇ ਦੇ ਪਿੰਡ ਸੱਤੋਵਾਲੀ ਵਿਖੇ ਵੀ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਜੇ.ਈ. ਵਿਜੈ ਸਿੰਘ, ਜਸਪ੍ਰੀਤ ਕੌਰ, ਜਸਲੀਨ ਕੌਰ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here