ਬਰਡ ਫਲੂ ਸਬੰਧੀ ਨਿਗਰਾਨੀ ਵਧਾਉਣ ਲਈ ਆਰ.ਡੀ.ਡੀ.ਐਲ. ਵਿਖੇ ਕੋਵਿਡ-19 ਟੈਸਟਿੰਗ ਆਰਜ਼ੀ ਤੌਰ ’ਤੇ ਮੁਲਤਵੀ: ਸਿੱਧੂ

ਚੰਡੀਗੜ(ਦ ਸਟੈਲਰ ਨਿਊਜ਼)। ਏਵੀਅਨ ਇਨਫਲੂਐਨਜ਼ਾ (ਬਰਡ ਫਲੂ) ਸਬੰਧੀ ਨਿਗਰਾਨੀ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਜਿਹੇ ਸ਼ੱਕੀ ਮਾਮਲਿਆਂ ਦੀ ਜਾਂਚ, ਪਸ਼ੂ ਪਾਲਣ ਵਿਭਾਗ ਦੀ ਰੀਜ਼ਨਲ ਡਿਸੀਜ਼ ਡਾਇਗਨੌਸਟਿਕ ਲੈਬਾਟਰੀ (ਆਰ.ਡੀ.ਡੀ.ਐਲ.), ਜਲੰਧਰ ਵਿਖੇ ਕਰਨ ਦਾ ਫੈਸਲਾ ਲਿਆ ਹੈ ਜਿੱਥੇ ਪਹਿਲਾਂ  ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ  ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਰਡ ਫਲੂ ਲਈ ਟੈਸਟਿੰਗ ਵਧਾਉਣ ਵਾਸਤੇ ਆਰ.ਡੀ.ਡੀ.ਐੱਲ ਵਿਖੇ ਕੋਵਿਡ-19 ਟੈਸਟਿੰਗ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਜੋ ਇੱਕ ਘੰਟੇ ਦੀ ਦੂਰੀ ’ਤੇ ਕੋਵਿਡ-19 ਟੈਸਟਿੰਗ ਦੀ ਢੁੱਕਵੀਂ ਸਮਰੱਥਾ ਉਪਲੱਬਧ ਹੈ।

Advertisements

ਉਨਾਂ ਦੱਸਿਆ ਕਿ ਬਰਡ ਫਲੂ ਦਾ ਖ਼ਤਰਾ ਟਲਣ ਉਪਰੰਤ ਆਰ.ਡੀ.ਡੀ.ਐਲ. ਵਿਖੇ ਕੋਵਿਡ-19 ਟੈਸਟਿੰਗ ਮੁੜ ਸ਼ੁਰੂ ਹੋ ਜਾਵੇਗੀ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਆਰ.ਡੀ.ਡੀ.ਐਲ. ਦੇ ਬੈਕਲਾਗ ਵਿੱਚ ਟੈਸਟਿੰਗ ਲਈ ਇੱਕ ਵੀ ਨਮੂਨਾ ਲੰਬਿਤ ਨਹੀਂ ਹੈ। ਪ੍ਰਮੁੱਖ ਸਕੱਤਰ ਸਿਹਤ, ਹੁਸਨ ਲਾਲ ਨੇ ਕਿਹਾ ਕਿ ਬਰਡ ਫਲੂ ਫੈਲਣ ਦੇ ਮੱਦੇਨਜ਼ਰ ਇਸ ਸਬੰਧੀ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨਾਂ ਦੱਸਿਆ ਕਿ ਸਿਵਲ ਸਰਜਨਾਂ ਨੂੰ ਪੋਲਟਰੀ /ਪਰਵਾਸੀ ਪੰਛੀਆਂ ਆਦਿ ਦੀ ਕਿਸੇ ਵੀ ਅਸਾਧਾਰਣ ਮੌਤ ਦੀ ਜਾਣਕਾਰੀ ਲਈ ਆਪਣੇ ਸਬੰਧਤ ਜ਼ਿਲਿਆਂ ਵਿੱਚ ਪਸ਼ੂ ਪਾਲਣ ਵਿਭਾਗ ਨਾਲ ਬਾਕਾਇਦਾ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਖੇਤਰ ਵਿੱਚ ਵੈੱਟਲੈਂਡਜ਼ ਦੀ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।ਉਨਾਂ ਕਿਹਾ ਕਿ ਜੇ ਕੋਈ ਸ਼ੱਕੀ ਮਨੁੱਖੀ ਕੇਸ ਸਾਹਮਣੇ ਆਉਂਦਾ ਹੈ ਤਾਂ ਹੋਰ ਮਾਮਲਿਆਂ ਦਾ ਪਤਾ ਲਗਾਉਣ ਲਈ ਪ੍ਰਭਾਵਿਤ ਖੇਤਰ ਵਿੱਚ ਮਹਾਂਮਾਰੀ ਐਪੀਡੈਮੀਓਲੌਜੀਕਲ (ਮਹਾਂਮਾਰੀ ਵਿਗਿਆਨ) ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।ਵੱਖ-ਵੱਖ ਲੈਬਾਂ ਵਿਚ ਕੀਤੇ ਜਾ ਰਹੇ ਟੈਸਟਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ, ਫਰੀਦਕੋਟ ਅਤੇ ਪਟਿਆਲਾ ਵਿਖੇ ਕੋਵਿਡ -19 ਟੈਸਟਿੰਗ ਸਮਰੱਥਾ 7000 (ਕੁੱਲ 21000) ਹੈ।

ਗਡਵਾਸੂ, ਪੀ.ਬੀ.ਟੀ.ਆਈ. ਅਤੇ ਐਫ.ਐਸ.ਐਲ. ਦੀ ਟੈਸਟਿੰਗ ਸਮਰੱਥਾ ਕ੍ਰਮਵਾਰ 1600, 1500 ਅਤੇ 1000 ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਕਈ ਨਿੱਜੀ ਲੈਬਾਟਰੀਆਂ ਵੱਲੋਂ ਕੋਵਿਡ-19 ਟੈਸਟਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਰਾਜ ਦੀ ਟੈਸਟਿੰਗ ਸਮਰੱਥਾ 25,000 ਤੋਂ 30,000 ਪ੍ਰਤੀ ਦਿਨ ਹੈ।ਸ੍ਰੀ ਹੁਸਨ ਲਾਲ ਨੇ ਅੱਗੇ ਕਿਹਾ ਕਿ ਫਰੀਦਕੋਟ ਵਿੱਚ ਕੋਵੀਡ-19 ਟੈਸਟਿੰਗ ਸਮਰੱਥਾ ਲੋੜ ਤੋਂ ਵੀ ਜ਼ਿਆਦਾ ਹੈੈ ਅਤੇ ਇੱਥੇ ਕੋਈ ਬੈਕਲਾਗ ਨਹੀਂ ਹੈ। ਆਰ.ਡੀ.ਡੀ.ਐਲ. ਅਤੇ ਫਰੀਦਕੋਟ ਸਮੇਤ ਸਾਰੀਆਂ ਲੈਬਾਂ 24 ਘੰਟਿਆਂ ਅੰਦਰ ਟੈਸਟ ਦੇ ਨਤੀਜੇ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾ ਕੋਵਿਡ -19 ਟੈਸਟਿੰਗ ਲਈ ਆਰ.ਡੀ.ਡੀ.ਐਲ. ਦੇ ਕਾਰਜਸ਼ੀਲ ਹੋਣ ਤੋਂ ਪਹਿਲਾਂ, ਨਮੂਨੇ ਜਲੰਧਰ ਤੋਂ ਫਰੀਦਕੋਟ ਲੈਬ ਵਿਚ ਹੀ ਭੇਜੇ ਜਾਂਦੇ ਸਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਏਵੀਅਨ ਬਰਡ ਫਲੂ ਦੇ ਫੈਲਾਅ ਕਾਰਨ ਸਾਰੇ ਰਾਜ ਨੂੰ ਕੰਟਰੋਲਡ ਏਰੀਆ ਐਲਾਨ ਦਿੱਤਾ ਹੈ ਅਤੇ ਤੁਰੰਤ ਪ੍ਰਭਾਵ ਨਾਲ 15 ਜਨਵਰੀ 2021 ਤੱਕ ਪੰਜਾਬ ਵਿੱਚ ਪੋਲਟਰੀ ਤੇ ਪ੍ਰੋਸੈਸਡ ਨਾ ਕੀਤੇ ਗਏ ਪੋਲਟਰੀ ਮੀਟ ਸਮੇਤ ਜੀਵਤ ਪੰਛੀਆਂ ਦੀ ਦਰਾਮਦ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

LEAVE A REPLY

Please enter your comment!
Please enter your name here