Wednesday, October 21, 2026
Home Chandigarh ਸੜਕ ਦੀ ਮਾੜੀ ਹਾਲਤ ਕਾਰਨ ਸਕੂਲ ਬੱਸ ਹਾਦਸਾਗ੍ਰਸਤ, ਡਰਾਈਵਰ ਜ਼ਖ਼ਮੀ

ਸੜਕ ਦੀ ਮਾੜੀ ਹਾਲਤ ਕਾਰਨ ਸਕੂਲ ਬੱਸ ਹਾਦਸਾਗ੍ਰਸਤ, ਡਰਾਈਵਰ ਜ਼ਖ਼ਮੀ

ਰੂਪਨਗਰ (ਦ ਸਟੈਲਰ ਨਿਊਜ਼)। ਰੂਪਨਗਰ-ਜਲੰਧਰ ਬਾਈਪਾਸ ’ਤੇ ਸੜਕ ਦੀ ਖਸਤਾ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਥਾਂ-ਥਾਂ ਪਏ ਡੂੰਘੇ ਟੋਏ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਇਨ੍ਹਾਂ ਟੋਇਆਂ ਕਾਰਨ ਵਾਹਨਾਂ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਅਜਿਹੇ ਵਿੱਚ ਸੜਕ ਦੀ ਜਲਦ ਮੁਰੰਮਤ ਕਰਵਾਉਣ ਦੀ ਲੋੜ ਹੈ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਅੱਜ ਸੰਤ ਕਰਮ ਸਿੰਘ ਅਕੈਡਮੀ ਦੀ ਬੱਚੇ ਛੱਡ ਕੇ ਵਾਪਸ ਪਰਤ ਰਹੀ ਬੱਸ ਸਥਾਨਕ ਡਰੀਮ ਪੈਲੇਸ ਨੇੜੇ ਸੜਕ ’ਤੇ ਪਏ ਖੱਡੇ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ, ਜਿਸ ਦੌਰਾਨ ਬੱਸ ਚਾਲਕ ਵਿਜੇ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

Advertisements

ਜ਼ਖ਼ਮੀ ਨੂੰ ਹਾਈਵੇਅ ਪੁਲੀਸ ਪੈਟਰੋਲਿੰਗ ਪਾਰਟੀ ਦੇ ਏ.ਐੱਸ.ਆਈ. ਜਸਵਿੰਦਰ ਸਿੰਘ ਦੀ ਟੀਮ ਦੇ ਜਵਾਨਾਂ ਵੱਲੋਂ ਸਿਵਲ ਹਸਪਤਾਲ ਰੂਪਨਗਰ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਾਈਪਾਸ ’ਤੇ ਪਏ ਡੂੰਘੇ ਖੱਡਿਆਂ ਕਾਰਨ ਆਏ ਦਿਨ ਛੋਟੇ-ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਲੰਬੇ ਰੂਟ ’ਤੇ ਜਾਣ ਵਾਲੇ ਕਈ ਵਾਹਨਾਂ ਦੇ ਰਾਤ ਦੇ ਹਨ੍ਹੇਰੇ ਦੌਰਾਨ ਰਿੰਮ ਟੁੱਟ ਚੁੱਕੇ ਹਨ।

LEAVE A REPLY

Please enter your comment!
Please enter your name here