ਨਕੋਦਰ ਵਿਖੇ ਧੀਆਂ ਦੀ ਲੋਹੜੀ ਮਨਾਈ, 51 ਨਵ-ਜੰਮੀਆਂ ਬੱਚੀਆਂ ਨੂੰ ਤੋਹਫੇ ਦਿੱਤੇ

ਨਕੋਦਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਦੇ ਸਹਿਯੋਗ ਨਾਲ ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ‘ਧੀਆਂ ਦੀ ਲੋਹੜੀ-2021’ ਮਨਾਈ ਗਈ। ਇਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੰਯੁਕਤ ਕਮਿਸ਼ਨਰ ਇਨਕਮ ਟੈਕਸ, ਜਲੰਧਰ ਗਗਨ ਕੁੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਐੱਸ.ਡੀ.ਐੱਮ. ਨਕੋਦਰ ਗੌਤਮ ਜੈਨ ਅਤੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਗਗਨ ਕੁੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਧੀਆਂ ਨੂੰ ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾਂ ਆਪਣੇ ਨਿੱਜੀ ਜੀਵਨ ਵਿਚੋਂ ਉਦਾਹਰਣਾ ਦਿੰਦਿਆਂ ਆਰਥਿਕ ਤੌਰ ’ਤੇ ਅਜ਼ਾਦ ਹੋਣ ਲਈ ਲੜਕੀਆਂ ਨੂੰ ਕੁਸ਼ਲ ਬਣਾਉਣ ਲਈ ਪ੍ਰੇਰਿਤ ਕੀਤਾ। ਐੱਸ.ਡੀ.ਐੱਮ. ਨਕੋਦਰ ਗੌਤਮ ਜੈਨ ਨੇ ਕਿਹਾ ਕਿ ਸਾਨੂੰ ਦਾਜ ਪ੍ਰਥਾ, ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਛੁਟਕਾਰਾ ਪਾਉਣ ਲਈ ਯਤਨ ਕਰਨੇ ਚਾਹੀਦੇ ਹਨ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਨੂੰ ਆਪਣੇ ਅਮਲੀ ਜੀਵਨ ਵਿਚ ਅਪਨਾਉਣਾ ਚਾਹੀਦਾ ਹੈ।

Advertisements

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜਲੰਧਰ ਗੁਰਵਿੰਦਰ ਰੰਧਾਵਾ ਨੇ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਕਿਹਾ ਕਿ ਇਹ ਸਮਾਗਮ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰ ’ਤੇ ਮਨਾਉਣਾ ਤਾਂ ਹੀ ਸਫ਼ਲ ਹੈ, ਜੇਕਰ ਸਾਡੇ ਸਮਾਜ ਵਿਚ ਧੀਆਂ ਨੂੰ ਪਰਿਵਾਰ ਅਤੇ ਸਮਾਜ ਦੋਵਾਂ ਵੱਲੋਂ ਲੜਕਿਆਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ। ਸੀ.ਡੀ.ਪੀ.ਓ. ਹਰਵਿੰਦਰ ਕੌਰ ਤੇ ਸੀ.ਡੀ.ਪੀ.ਓ. ਇੰਦਰਜੀਤ ਕੌਰ ਨੇ ਵੀ ਇਸ ਸਮਾਗਮ ਦੀ ਸਫ਼ਲਤਾ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ 51 ਨਵ-ਜੰਮੀਆਂ ਧੀਆਂ ਦੀ ਲੋਹੜੀ ਪਾਈ ਗਈ ਅਤੇ ਉਨ੍ਹਾਂ ਨੂੰ ਤੋਹਫ਼ੇ ਵੀ ਭੇਟ ਕੀਤੇ ਗਏ। ਕਾਲਜ ਦੇ ਮੈਦਾਨ ’ਚ ਧੂਣੀ ਬਾਲ ਕੇ ਲੋਹੜੀ ਦੀਆਂ ਰਸਮਾਂ ਕੀਤੀਆਂ ਗਈਆਂ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਵਿਚ ਅਧਿਆਪਕਾ ਨੀਤੂ ਅਤੇ ਰੀਨਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਟੇਜ ਸੰਚਾਲਕ ਦੀ ਭੁਮਿਕਾ ਹੇਮੰਤ ਸ਼ਰਮਾ ਨੇ ਬਾਖੂਭੀ ਨਿਭਾਈ ਅਤੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here