ਜਲੰਧਰ: ਨੌਜਵਾਨ ਖਿਡਾਰੀਆਂ ਨੂੰ ਸਿਖਲਾਈ ਦੇਣ ਵਿੱਚ ਹਾਕੀ ਸੁਸਾਇਟੀ ਨਿਭਾ ਰਹੀ ਮੋਹਰੀ ਭੂਮਿਕਾ: ਡੀਸੀ

ਜਲੰਧਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਸੁਰਜੀਤ ਹਾਕੀ ਸਟੇਡੀਅਮ ਦਾ ਦੌਰਾ ਕੀਤਾ, ਜਿੱਥੇ ਬਰਲਟਨ ਪਾਰਕ ਵਿਖੇ ਪਿਛਲੇ 125 ਦਿਨਾਂ ਤੋਂ ਕੋਚਿੰਗ ਕੈਂਪ ਲਗਾਇਆ ਜਾ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਤੋਂ ਨੌਜਵਾਨ ਖਿਡਾਰੀਆਂ ਦੀ ਭਾਰੀ ਸ਼ਮੂਲੀਅਤ ਤੋਂ ਪ੍ਰਭਾਵਿਤ ਹੁੰਦਿਆਂ ਡਿਪਟੀ ਕਮਿਸ਼ਨਰ, ਜੋ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਕੈਂਪ ਅਤੇ ਟੂਰਨਾਮੈਂਟ ਆਯੋਜਿਤ ਕਰਨ ਲਈ ਸੁਸਾਇਟੀ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।

Advertisements

ਉਨ੍ਹਾਂ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਨੌਜਵਾਨ ਖਿਡਾਰੀਆਂ ਨੂੰ ਨਿਖਾਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੁਸਾਇਟੀ ਨੇ ਕਈ ਅਜਿਹੇ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਨੂੰ ਸਾਬਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸੁਸਾਇਟੀ ਵੱਲੋਂ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਖ਼ਾਸ ਕਰਕੇ ਖੇਡਾਂ ਦੇ ਖੇਤਰ ਵਿਚ ਲਗਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਥੋਰੀ ਨੇ ਕਿਹਾ ਕਿ ਸੁਸਾਇਟੀ ਵੱਲੋਂ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇ ਕੇ ਕੌਮੀ ਖੇਡ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਇੱਕ ਮਹਾਨ ਕਾਰਜ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਹਾਕੀ ਸੁਸਾਇਟੀ ਵੱਲੋਂ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ਵਿਚ ਜਿਥੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਥੇ ਹੀ ਗਰੀਬ ਅਤੇ ਲੋੜਵੰਦ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦਾ ਵਿਆਹ ਕਰਵਾਉਣ ਵਿੱਚ ਮਦਦ ਕਰਨ ਦੇ ਨਾਲ-ਨਾਲ ਲੋੜਵੰਦ ਖਿਡਾਰੀਆਂ ਨੂੰ ਵਜ਼ੀਫੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਓਲੰਪੀਅਨ ਸੁਰਜੀਤ ਸਿੰਘ ਨੂੰ ਸਤਿਕਾਰ ਵੀ ਭੇਟ ਕੀਤਾ ਅਤੇ ਸੁਸਾਇਟੀ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸੰਧੂ, ਐਲ.ਆਰ. ਨਈਅਰ, ਰਣਬੀਰ ਸਿੰਘ ਟੁੱਟ, ਓਲੰਪੀਅਨ ਰਜਿੰਦਰ ਸਿੰਘ, ਪ੍ਰੋਫੈਸਰ ਕਿਰਪਾਲ ਸਿੰਘ ਮਠਾੜੂ, ਸੁਰਿੰਦਰ ਭਪਾ ਅਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here