ਜਲੰਧਰ: ਜਿਲੇ ‘ਚ 87 ਲੱਖ ਦੀ ਲਾਗਤ ਨਾਲ ਬਣਾਏ ਜਾਣਗੇ 28 ਕਮਿਊਨਟੀ ਸੈਨੇਟਰੀ ਕੰਪਲੈਕਸ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹੇ ਵਿੱਚ ਖੁੱਲ੍ਹੇ ਵਿੱਚ ਪਖ਼ਾਨਾ ਨਾ ਜਾਣ ਦੇ ਪੱਧਰ ਨੂੰ ਬਰਕਰਾਰ ਰੱਖਣ ਅਤੇ ਮੱਲ-ਮੂਤਰ ਦੇ ਸੁਚੱਜੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ 87 ਲੱਖ ਰੁਪਏ ਦੀ ਲਾਗਤ ਨਾਲ 28 ਕਮਿਊਨਿਟੀ ਸੈਨੈਟਰੀ ਕੰਪਲੈਕਸ ਉਸਾਰੇ ਜਾਣਗੇ।

Advertisements

ਇਹ ਕਮਿਊਨਟੀ ਸੈਨੇਟਰੀ ਕੰਪਲੈਕਸ ਨਾ ਸਿਰਫ਼ 24 ਘੰਟੇ ਖੁੱਲ੍ਹੇ ਰਹਿਣਗੇ ਸਗੋਂ ਇਹ ਵੀ ਯਕੀਨੀ ਬਣਾਉਣਗੇ ਕਿ ਪਿੰਡ ਦੇ ਸਾਰੇ ਵਰਗ ਕਿਸੇ ਵੀ ਸਮੇਂ ਸੁਰੱਖਿਅਤ ਸੈਨੇਟਰੀ ਸਹੂਲਤਾਂ ਦੀ ਵਰਤੋਂ ਕਰ ਸਕਣ । ਇਹ ਕਮਿਊਨਟੀ ਸੈਨੇਟਰੀ ਕੰਪਲੈਕਸ ਉਨ੍ਹਾਂ ਪਿੰਡਾਂ ਵਿੱਚ ਉਸਾਰੇ ਜਾ ਰਹੇ ਹਨ, ਜਿਨ੍ਹਾਂ ਪਿੰਡਾਂ ਵਿੱਚ ਲੋਕਾਂ ਪਾਸ ਘਰ ਵਿੱਚ ਪਖ਼ਾਨੇ ਬਣਾਉਣ ਲਈ ਲੋੜੀਂਦੀ ਥਾਂ ਉਪਲਬੱਧ ਨਹੀਂ ਹੈ।

ਪਿੰਡ ਨੰਗਲ ਸਲੇਮਪੁਰ ਦੀ ਸਰਪੰਚ ਹਰਭਜਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਮਿਊਨਟੀ ਸੈਨੇਟਰੀ ਕੰਪਲੈਕਸ ਦੇ ਨਿਰਮਾਣ ਦਾ ਕੰਮ ਇਸ ਹਫ਼ਤੇ ਸ਼ੁਰੂ ਹੋ ਰਿਹਾ ਹੈ ਕਿਉਂਕਿ ਇਸ ਸਬੰਧੀ ਫੰਡਜ਼, ਜ਼ਮੀਨ ਦੀ ਨਿਸ਼ਾਨਦੇਹੀ ਸਮੇਤ ਸਾਰੀਆਂ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਗਰੀਬ ਵਰਗ ਦੇ ਦੋ ਪਰਿਵਾਰ ਹੀ ਹਨ, ਜਿਨ੍ਹਾਂ ਪਾਸ ਆਪਣੇ ਘਰਾਂ ਵਿੱਚ ਪਖ਼ਾਨੇ ਬਣਾਉਣ ਲਈ ਥਾਂ ਉਪਲਬੱਧ ਨਹੀਂ ਹੈ।

ਪਿੰਡ ਸੰਗਲ ਸੋਹਲ ਦੇ ਸਰਪੰਚ ਮੰਗਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਾਰੇ ਲੋਕਾਂ ਵੱਲੋਂ ਇਨ੍ਹਾਂ ਕੰਪਲੈਕਸਾਂ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਰਾਹਗੀਰ ਅਤੇ ਜਨਤਕ ਇਕੱਠਾਂ ਵਿੱਚ ਹਿੱਸਾ ਲੈਣ ਵਾਲੇ ਵੀ ਇਨ੍ਹਾਂ ਦੀ ਵਰਤੋਂ ਕਰ ਸਕਣਗੇ, ਜਿਸ ਨਾਲ ਖੁੱਲ੍ਹੇ ਵਿੱਚ ਪਖ਼ਾਨਾ ਜਾਣ ਨੂੰ ਰੋਕਣ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਉਨ੍ਹਾਂ ਦੱਸਿਆ ਕਿ ਕਮਿਊਨਟੀ ਸੈਨੇਟਰੀ ਕੰਪਲੈਕਸ ਬਣਾਉਣ ਦਾ ਕੰਮ ਪਿੰਡ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਮਾਰਚ-2021 ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਪਿੰਡ ਵਿੱਚ ਕਮਿਊਨਟੀ ਸੈਨੇਟਰੀ ਕੰਪਲੈਕਸ ਬਣਾਉਣ ਲਈ ਸੂਬਾ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ।

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਲੰਧਰ ਪੂਰਬੀ ਮਹੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਿੱਜੀ ਤੌਰ ‘ਤੇ ਸੱਤ ਪਿੰਡਾਂ ਵਿੱਚ ਕਮਿਊਨਟੀ ਸੈਨੇਟਰੀ ਕੰਪਲੈਕਸ ਬਣਾਉਣ ਦੇ ਕੰਮ ਦੀ ਦੇਖ-ਰੇਖ ਕੀਤੀ ਜਾ ਰਹੀ ਹੈ ਤਾਂ ਜੋ ਇਹ ਕੰਪਲੈਕਸ ਜਲਦੀ ਬਣ ਕੇ ਤਿਆਰ ਹੋ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਕਾਰਜਕਾਰੀ ਏਜੰਸੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਹੈ, ਜੋ ਪ੍ਰਾਜੈਕਟ ਨੂੰ ਨੇਪਰੇ ਚੜ੍ਹਾ ਰਹੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਮਿਸ਼ਨ ਅਧੀਨ ਜ਼ਿਲ੍ਹਾ ਜਲੰਧਰ ਦੇ ਪਿੰਡ ਜਲ ਸਿੰਘ, ਖੁਸਰੋਪੁਰ, ਜਮੇਸ਼ਰ, ਬੰਬੀਆਂਵਾਲ, ਮੁਹੱਦੀਪੁਰ, ਬੋਲੀਨਾ, ਚਾਚੋਵਾਲ, ਵਡਾਲਾ/ਰਾਏਪੁਰ, ਚਿੱਟੀ/ਜੋਹਲ, ਮਾਣਕੋ, ਲਟੇਰਾ ਕਲਾਂ, ਇਸਮਾਇਲਪੁਰ, ਸਮਰਾਏ, ਜੇਠਪੁਰ, ਛੋਟਾ ਬੜਾ ਪਿੰਡ, ਦੇਸਲਪੁਰ, ਬਲ, ਭੀਖਾ ਨੰਗਲ, ਮੱਲੀਆਂ, ਸਲੇਮਪੁਰ ਮਸੰਦਾ, ਕਾਸਿਮਪੁਰ, ਰੁੜਕਾ ਕਲਾਂ, ਧਨੀ ਪਿੰਡ ਅਤੇ ਮੰਡੇਰ ਵਿਖੇ ਕਮਿਊਨਟੀ ਸੈਨੇਟਰੀ ਕੰਪਲੈਕਸ ਬਣਾਏ ਜਾ ਰਹੇ ਹਨ।

ਥੋਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਲੋਕਾਂ ਲਈ ਸਾਫ਼ ਸੁਥਰੀ ਅਤੇ ਸਿਹਤਮੰਦ ਸੈਨੇਟਰੀ ਸਹੂਲਤ ਲਈ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here