ਡਾਇਰੈਕਟਰੀ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਸਿੱਧ ਹੋਵੇਗੀ: ਘਨਸ਼ਿਆਮ ਥੋਰੀ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਜ਼ਿਲ੍ਹਾ ਜਲੰਧਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਵੱਲੋਂ ਜ਼ਿਲ੍ਹੇ ਦੇ ਸਮੂਹ ਨਿਯੋਜਕਾਂ/ਉਦਯੋਗਿਕ ਇਕਾਈਆਂ ਦੇ ਸੰਪਰਕ ਵੇਰਵੇ ਵਾਲੀ ਡਾਇਰੈਕਟਰੀ ਤਿਆਰ ਕੀਤੀ ਗਈ ਹੈ, ਜਿਸ ਨੂੰ ਅੱਜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਰੀ ਕੀਤਾ।

Advertisements

ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ. ਡੀਬੀਈਈ ਵਿਸ਼ੇਸ਼ ਸਾਰੰਗਲ ਦੀ ਯੋਗ ਅਗਵਾਈ ਵਿੱਚ ਬਿਊਰੋ ਵੱਲੋਂ ਕੀਤੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਊਰੋ ਵੱਲੋਂ ਕੀਤਾ ਗਿਆ ਇਹ ਉਪਰਾਲਾ ਨੌਜਵਾਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਸਾਬਿਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਡਾਇਰੈਕਟਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਅਤੇ ਸਨਅਤਕਾਰਾਂ ਦਰਮਿਆਨ ਸੰਪਰਕ ਕਾਇਮ ਕਰਨ ਵਿੱਚ ਇਕ ਕੜੀ ਦਾ ਕੰਮ ਕਰੇਗੀ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਸਿੱਧ ਹੋਵੇਗੀ।    

ਉਨ੍ਹਾਂ ਕਿਹਾ ਕਿ ਡਾਇਰੈਕਟਰੀ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ’ ਮਿਸ਼ਨ’ ਨੂੰ ਹੋਰ ਸੁਖਾਲਾ ਬਣਾ ਦੇਵੇਗੀ, ਜਿਸ ਰਾਹੀਂ ਬੇਰੋਜ਼ਗਾਰ ਨੌਜਵਾਨ ਆਪਣੀ ਯੋਗਤਾ/ਹੁਨਰ ਦੇ ਆਧਾਰ ‘ਤੇ ਇਨ੍ਹਾਂ ਇਕਾਈਆਂ ਨਾਲ ਰਾਬਤਾ ਕਾਇਮ ਕਰਦੇ ਹੋਏ ਆਪਣੀ ਪਸੰਦ ਦਾ ਰੋਜ਼ਗਾਰ ਪ੍ਰਾਪਤ ਕਰ ਸਕਣਗੇ। ਦੂਜੇ ਪਾਸੇ ਉਦਯੋਗਾਂ ਨੂੰ ਵੀ ਆਸਾਨੀ ਨਾਲ ਨਿਪੁੰਨ ਕਿਰਤ ਸ਼ਕਤੀ ਦੀ ਪ੍ਰਾਪਤੀ ਸੰਭਵ ਹੋ ਸਕੇਗੀ।

ਉਨ੍ਹਾਂ ਦੱਸਿਆ ਕਿ ਇਸ ਡਾਇਰੈਕਟਰੀ ਵਿੱਚ ਨਿਯੋਜਕਾਂ/ਉਦਯੋਗਿਕ ਇਕਾਈਆਂ ਦੇ ਸੰਪਰਕ ਵੇਰਵੇ, ਸੰਖੇਪ ਪ੍ਰੋਫਾਈਲ, ਈਮੇਲ ਆਈ.ਡੀ., ਵੈੱਬਸਾਈਟ, ਕਿਊ ਆਰ ਕੋਡ ਵਰਗੀ ਲਾਹੇਵੰਦ ਜਾਣਕਾਰੀ ਦਿੱਤੀ ਗਈ ਹੈ, ਜਿਸ ਰਾਹੀਂ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਇਨ੍ਹਾਂ ਉਦਯੋਗਿਕ ਸਿੱਧਾ ਸੰਪਰਕ ਕਰ ਸਕਣਗੇ ਅਤੇ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਪ੍ਰਾਪਤ ਕਰ ਸਕਣਗੇ।

ਇਸ ਮੌਕੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ, ਡੀਬੀਈਈ ਰਣਜੀਤ ਕੌਰ ਅਤੇ ਬਿਊਰੋ ਤੋਂ ਦੀਪਕ ਭੱਲਾ, ਜਸਵੀਰ ਸਿੰਘ, ਪੈਰੀ ਸੈਣੀ, ਹਰਮਨਪ੍ਰੀਤ ਅਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here