ਜਲੰਧਰ: ਸੀਆਈਏ ਸਟਾਫ਼ ਨੇ 3 ਲੁਟੇਰੇ, 2 ਪਿਸਤੌਲ ਅਤੇ 3.40 ਲੱਖ ਦੀ ਰਕਮ ਕੀਤੀ ਬਰਾਮਦ

ਜਲੰਧਰ (ਦ ਸਟੈਲਰ ਨਿਊਜ਼)। ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਪਹਿਲੀ ਫਰਵਰੀ ਨੂੰ ਜੇ.ਪੀ.ਨਗਰ ਦੇ ਵਪਾਰੀ ਵਲੋਂ ਹਥਿਆਰਾਂ ਦੀ ਨੋਕ ’ਤੇ 5.33 ਲੱਖ ਰੁਪਏ ਦੀ ਹੋਈ ਲੁੱਟ ਦਾ ਪਰਦਾਫਾਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਪਾਸੋਂ .32 ਬੋਰ ਪਿਸਟਲ, ਸੱਤ ਜਿੰਦਾ ਅਤੇ ਦੋ ਖਾਲੀ ਕਾਰਤੂਸ ਤੋਂ ਇਲਾਵਾ 3.40 ਲੱਖ ਰੁਪਏ ਦੀ ਲੁੱਟੀ ਹੋਈ ਰਕਮ ਬਰਾਮਦ ਕੀਤੀ ਗਈ ਹੈ।
ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੁਰੀ (21), ਬੌਬੀ (22) ਅਤੇ ਇੰਦਰਜੀਤ ਸਿੰਘ (19) ਮਿੱਠੂ ਬਸਤੀ ਵਜੋਂ ਹੋਈ ਹੈ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ  ਜੇ.ਪੀ.ਨਗਰ ਦੇ ਵਪਾਰੀ ਗਗਨ ਅਰੋੜਾ ਵਲੋਂ ਤਿੰਨ ਮੋਟਰ ਸਾਈਕਲ ਸਵਾਰ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ’ਤੇ ਪਹਿਲੀ ਫਰਵਰੀ ਨੂੰ ਸ਼ਾਮ 7 ਵਜੇ 5.33 ਲੱਖ ਰੁਪਏ ਦੀ ਲੁੱਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਪਾਰੀ ਦੀ ਸ਼ਿਕਾਇਤ ’ਤੇ ਆਈ.ਪੀ.ਸੀ.ਦੀ ਧਾਰਾ 379-ਬੀ ਅਤੇ 25,54 ਅਤੇ 59 ਆਰਮ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸ੍ਰ.ਭੁੱਲਰ ਨੇ ਦੱਸਿਆ ਕਿ ਲੁੱਟ ਦੀ ਸੂਚਨਾ ਮਿਲਦੇ ਹੀ ਅਨੇਕਾਂ ਟੀਮਾਂ ਜਿਸ ਵਿੱਚ ਸੀ.ਆਈ.ਏ. ਸਟਾਫ਼-1, ਸਪੈਸ਼ਲ ਅਪਰੇਸ਼ਨ ਯੂਨਿਟ ਅਤੇ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਸ਼ਾਮਿਲ ਸਨ ਦਾ ਲੁੱਟ-ਖੋਹ ਦਾ ਪਤਾ ਲਗਾਉਣ ਲਈ ਗਠਨ ਕੀਤਾ ਗਿਆ ਅਤੇ ਤਕਨੀਕੀ ਸਹਾਇਤਾ ਦੇ ਨਾਲ ਸੈਂਕੜੇ ਸੀ.ਸੀ.ਟੀ.ਵੀ.ਕੈਮਰਿਆਂ ਦੀ ਜਾਂਚ ਕੀਤੀ ਗਈ।

ਉਨ੍ਹਾਂ ਕਿਹਾ ਕਿ ਜਾਂਚ ਦੇ ਅਧਾਰ ’ਤੇ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੇ ਸੀ.ਆਈ.ਏ.ਸਟਾਫ਼-1 ਵਲੋਂ ਇਨਾਂ ਵਿਚੋਂ ਇਕ ਦੋਸ਼ੀ ਗੁਰਪ੍ਰੀਤ ਗੁਰੀ ਨੂੰ ਜੁਡੀਸ਼ੀਅਲ ਕੰਪਲੈਕਸ ਦੇ ਬਾਹਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਤੋਂ ਬਾਅਦ ਦੂਸਰੀਆਂ ਪੁਲਿਸ ਟੀਮਾਂ ਵਲੋਂ ਬਾਕੀ ਦੋਸ਼ੀਆਂ ਨੂੰ ਫੜਨ ਲਈ ਉਨਾਂ ਦੇ ਘਰਾਂ ਦੇ ਬਾਹਰ ਜਾਲ ਵਿਛਾਇਆ ਗਿਆ।

ਕਮਿਸ਼ਨਰ ਪੁਲਿਸ ਨੇ ਦਸਿਆ ਕਿ ਦੋ ਦੋਸ਼ੀ ਬੌਬੀ ਅਤੇ ਇੰਦਰਜੀਤ ਵਲੋਂ ਐਫ.ਜੈਡ ਬਾਈਕ (ਪੀ.ਬੀ.08-ਸੀ.ਐਫ. ਟੀ -0343 ) ’ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਕਰਮੀਆਂ ਵਲੋਂ ਉਨਾ ਦਾ ਰਸਤਾ ਰੋਕਿਆ ਗਿਆ ਤਾਂ ਅਚਾਨਕ ਬੌਬੀ ਵਲੋਂ ਪੁਲਿਸ ਪਾਰਟੀ ’ਤੇ ਦੋ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਤੋਂ ਕੁਝ ਸਮਾਂ ਬਾਅਦ ਦੋਵਾਂ ਨੂੰ ਪਿੱਛਾ ਕਰਦੇ ਹੋਏ ਨਿਊ ਰਾਜ ਨਗਰ ਦੇ ਕਾਰਡ ਬੋਰਡ ਫੈਕਟਰ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇੰਦਰਜੀਤ ਸਿੰਘ ਨੂੰ ਇਕ ਹੋਰ ਪੁਲਿਸ ਪਾਰਟੀ ਵਲੋਂ ਫੜਿਆ ਗਿਆ।

ਉਨ੍ਹਾਂ ਦੱਸਿਆ ਕਿ ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ ਵਿਖੇ ਦੋਵਾਂ ਖਿਲਾਫ਼ ਕਤਲ ਕਰਨ ਦੀ ਕੋਸ਼ਿਸ਼ ਤਹਿਤ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਭੁੱਲਰ ਨੇ ਦੱਸਿਆ ਕਿ ਗੁਰੀ ਖਿਲਾਫ਼ ਪਹਿਲਾਂ ਹੀ  ਪੁਲਿਸ ਸਟੇਸ਼ਨ ਬਸਤੀ ਬਾਵਾ ਖੇਲ ਵਿਖੇ ਅਪਰਾਧਿਕ ਮਾਮਲਾ ਦਰਜ ਹੈ ਅਤੇ ਉਸ ਦੇ ਘਰ ਤੋਂ 3.40 ਲੱਖ ਰੁਪਏ ਦੀ ਲੁੱਟੀ ਹੋਈ ਰਾਸ਼ੀ ਬਰਾਮਦ ਕੀਤੀ ਗਈ।

ਭੁੱਲਰ ਨੇ ਦੱਸਿਆ ਕਿ ਇਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਪੁਲਿਸ ਕਰਮੀਆਂ ਵਲੋਂ ਨਿਖਿਲ ਕੁਮਾਰ ਪਾਸੋਂ 21 ਅਕਤੂਬਰ 2020 ਨੂੰ ਕਿਸ਼ਨਪੁਰਾ ਦੇ ਮਿਸ਼ਨ ਕੰਪੋਂਡ ਵਿੱਚ 80,000 ਰੁਪਏ ਦੀ ਕੀਤੀ ਗਈ ਲੁੱਟ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਸ ਵਿਚੋਂ ਬਿਹਾਰ ਤੋਂ ਦੋ ਪਿਸਟਲ ਖਰੀਦ ਕਰਨ ’ਤੇ 60000 ਰੁਪਏ ਖਰਚੇ ਜਾ ਚੁੱਕੇ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨਾ ਵਲੋਂ ਪੁਲਿਸ ਕਰਮੀਆਂ ਨੂੰ ਡੀ.ਜੀ.ਪੀ. ਡਿਸਕ ਐਵਾਰਡ ਨਾਲ ਸਨਮਾਨਿਤ ਕਰਨ ਲਈ ਸਿਫ਼ਾਰਸ਼ ਕੀਤੀ ਜਾਵੇਗੀ, ਜਿਨਾ ਨੇ ਇਸ ਲੁੱਟ ਖੋਹ ਦਾ ਪਰਦਾਫਾਸ਼ ਕੀਤਾ ਹੈ।

LEAVE A REPLY

Please enter your comment!
Please enter your name here