ਫਿਰੋਜ਼ਪੁਰ: ਸਿਹਤ ਬੀਮੇ ਦਾ ਲਾਭ ਲੈਣ ਲਈ ਯੋਗ ਲਾਭਪਾਤਰੀ ਜ਼ਰੂਰ ਬਣਵਾਓਣ ਬੀਮਾ ਯੋਜਨਾ ਦੇ ਕਾਰਡ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਐਨਪੈਨਿਲਡ ਹਸਪਤਾਲਾਂ ਵਿਚ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ 28 ਫਰਵਰੀ ਤੱਕ ਵਿਸ਼ੇਸ਼ ਤੌਰ ਤੇ ਟੀਮਾਂ ਲਗਾਈਆਂ ਗਈਆਂ ਹਨ ਅਤੇ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਲਗਭਗ 500 ਕਾਮਨ ਸਰਵਿਸ ਸੈਂਟਰਾਂ, 9 ਮਾਰਕਿਟ ਕਮੇਟੀਆਂ, ਡੀਸੀ ਦਫਤਰ ਦੇ ਸੇਵਾ ਕੇਂਦਰ, ਸਮੂਹ ਸ਼ਹਿਰੀ ਸੇਵਾ ਕੇਂਦਰਾਂ ਵਿਚ ਇਹ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਰਡ ਬਣਾਉਣ ਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ ਅਤੇ ਜਿਹੜੇ ਵਸਨੀਕਾਂ ਕੋਲ ਸਮਾਰਟ ਰਾਸ਼ਨ ਕਾਰਡ, ਕਿਰਤ ਵਿਭਾਗ ਨਾਲ ਰਜਿਸਟਰਡ ਮਜ਼ਦੂਰ, ਜੇ ਫਾਰਮ ਧਾਰਕ ਕਿਸਾਨ, ਐਕਰੀਡੇਟਿਡ/ਪੀਲੇ ਕਾਰਡ ਧਾਰਕ ਪੱਤਰਕਾਰ, ਆਬਕਾਰੀ ਅਤੇ ਟੈਕਸ ਵਿਭਾਗ ਨਾਲ ਰਜਿਸਟਰਡ ਛੋਟ ਵਪਾਰੀ ਆਦਿ ਇਹ ਕਾਰਡ ਬਣਵਾ ਸਕਦੇ ਹਨ।

Advertisements

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਸਬੰਧੀ ਲਾਭਪਾਤਰੀਆਂ ਨੂੰ ਜਾਗਰੂਕ ਕਰਨ/ਜਾਣਕਾਰੀ ਦੇਣ ਲਈ ਵੱਖਰੇ ਤੌਰ ਤੇ ਮੋਬਾਇਲ ਵੈਨਾਂ ਵੀ ਚਲਾਈਆਂ ਗਈਆਂ ਹਨ। ਇਹ ਮੋਬਾਇਲ ਵੈਨਾਂ ਰਾਹੀਂ 25 ਫਰਵਰੀ ਵੀਰਵਾਰ ਨੂੰ ਫਿਰੋਜ਼ਸ਼ਾਹ ਦੇ ਪ੍ਰਤਾਪ ਨਗਰ, ਨਵਾਂ ਪੂਰਬਾ, ਖੂਚਾ ਪਰੀਆਂ, ਬਾਜੀਦਪੁਰ, ਗਜ਼ਨ ਸਿੰਘ ਕਲੋਨੀ, ਆਲੇ ਵਾਲਾ, ਮਲੱਵਾਲ ਜਦੀਦ, ਮਲੱਵਾਲ ਕਦੀਮ ਆਦਿ ਇਲਾਕਿਆਂ ਵਿਚ ਲਾਭਪਾਤਰੀਆਂ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਮੌਕੇ ਤੇ ਉਨ੍ਹਾਂ ਦੇ ਕਾਰਡ ਬਣਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਜਿਹੜੀਆਂ ਥਾਵਾਂ ਦੇ ਰਾਸ਼ਨ ਕਾਰਡ ਸਕੀਮ ਅਧੀਨ ਕਣਕ ਦੀ ਵੰਡ ਕੀਤੀ ਜਾਣੀ ਹੈ ਉਥੇ ਵੀ ਵੱਖਰੇ ਤੌਰ ਤੇ ਟੀਮਾਂ ਲਗਾ ਕੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣਗੇ। ਕਾਰਡ ਬਣਵਾਉਣ ਲਈ ਲਾਭਪਤਾਰੀ ਆਪਣੇ ਨਾਲ ਦਤਸਾਵੇਜ ਜਿਵੇਂ ਕਿ ਆਧਾਰ ਕਾਰਡ, ਰਾਸ਼ਨ ਕਾਰਡ, (ਰਾਸ਼ਨ ਕਾਰਡ ਨਾ ਹੋਣ ਦੀ ਸੂਰਤ ਵਿਚ ਸੈਲਫ ਡੈਕਲਾਰੇਸ਼ਨ ਫੋਰਮ), ਲੇਬਰ ਵਿਭਾਗ ਤੋਂ ਜਾਰੀ ਕਾਰਡ, ਪੈਨ ਕਾਰਡ (ਪਤੱਰਕਾਰ ਪੀਲਾ/ਐਕਰਿਡਿਟੇਡ ਕਾਰਡ)  ਆਦਿ ਨਾਲ ਲੈ ਕੇ ਆਉਣ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here