ਫੇਜ਼-3: ਹੁਣ 60 ਸਾਲ ਤੋਂ ਉੱਪਰ ਦੇ ਸੀਨੀਅਰ ਨਾਗਰਿਕਾਂ ਅਤੇ 45 ਤੋਂ 59 ਸਾਲ ਦੇ ਨਾਗਰਿਕਾਂ ਨੂੰ ਵੀ ਕੀਤਾ ਜਾਵੇਗਾ ਕਵਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਵੈਕਸੀਨ ਫੇਜ਼-3 ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵੈਕਸੀਨੇਸ਼ਨ ਅਧੀਨ ਸੀਨੀਅਰ ਨਾਗਰਿਕ 60 ਸਾਲ ਤੋਂ ਉੱਪਰ ਦੇ ਅਤੇ 45 ਤੋਂ 59 ਸਾਲ ਦੇ ਨਾਗਰਿਕਾਂ ਨੂੰ ਕਵਰ ਕੀਤਾ ਜਾਵੇਗਾ। ਜਿਹੜੇ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਜੋ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇੰਮਪੈਨਲਡ (ਪੱਕੇ) ਹਨ ਉੱਥੇ ਇਹ ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ। ਸਰਕਾਰੀ ਹਸਪਤਾਲਾਂ ਵਿੱਚ ਇਹ ਵੈਕਸੀਨ ਮੁਫਤ ਲੱਗੇਗੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੱਧ ਤੋਂ ਵੱਧ 250 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਲੱਗੇਗੀ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ.) ਰਾਜਦੀਪ ਕੌਰ ਨੇ ਕੋਵਿਡ-19 ਵੈਕਸੀਨ ਲਈ ਰੱਖੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਐੱਸ.ਡੀ.ਐੱਮ. ਜ਼ੀਰਾ ਰਣਜੀਤ ਸਿੰਘ ਅਤੇ ਸਿਵਲ ਸਰਜਨ ਡਾ. ਰਾਜਿੰਦਰ ਰਾਜ ਵੀ ਹਾਜ਼ਰ ਸਨ।

Advertisements

ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਜਿਵੇਂ ਕਿ ਸਿਵਲ ਹਸਪਤਾਲ ਫਿਰੋਜ਼ਪੁਰ, (ਕਮਿਊਨਿਟੀ ਹੈਲਥ ਸੈਂਟਰ ) ਸੀ.ਐੱਚ.ਸੀ ਫਿਰੋਜ਼ਸ਼ਾਹ, ਸੀ.ਐੱਚ.ਸੀ ਗੁਰੂਹਰਸਹਾਏ, ਸੀ.ਐੱਚ.ਸੀ ਮਮਦੋਟ, ਸੀ.ਐੱਚ.ਸੀ ਮਖੂ ਅਤੇ ਐੱਸ.ਡੀ.ਐੱਚ. ਜ਼ੀਰਾ ਵਿਖੇ ਇਹ ਵੈਕਸੀਨ ਮੁਫਤ ਲਗਾਈ ਜਾਵੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਜਿਵੇਂ ਕਿ ਅਨਿਲ ਬਾਗੀ ਫਿਰੋਜ਼ਪੁਰ, ਡਾ. ਹੰਸਰਾਜ ਮਲਟੀਸਪੈਸਲਿਟੀ ਫਿਰੋਜ਼ਪੁਰ, ਉਸ਼ਾਨ ਹਸਪਤਾਲ ਜ਼ੀਰਾ, ਏਵੱਨ ਨਾਗੀ ਹਸਪਤਾਲ ਮੁੱਦਕੀ ਅਤੇ ਕਾਲੜਾ ਹਸਪਤਾਲ ਮਖੂ ਵਿਖੇ ਇਹ ਵੈਕਸੀਨ ਵੱਧ ਤੋਂ ਵੱਧ 250 ਰੁਪਏ ਦੇ ਹਿਸਾਬ ਨਾਲ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਵੈਕਸ਼ੀਨ ਦਾ ਖਰਚਾ ਪ੍ਰਤੀ ਡੋਜ਼ ਵੱਧ ਤੋਂ ਵੱਧ 250 ਰੁਪਏ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੋਵੇਗਾ ਤੇ ਇਸ ਵੈਕਸੀਨੇਸ਼ਨ ਦਾ ਸਮਾਂ ਸਵੇਰੇ 9 ਤੋਂ ਸਾਮ 5 ਵਜੇਂ ਤੱਕ ਦਾ ਹੋਵੇਗਾ।

ਇਸ ਤੋਂ ਇਲਾਵਾ ਜ਼ਿਲ੍ਹੇ ਦੇ ਨਾਗਰਿਕ ਕੋਵਿਡ ਵੈਕਸੀਨ ਲਗਾਉਣ ਲਈ ਕੋਵਿਨ (Covin) ਅਤੇ ਅਰੋਗਯ ਸੇਤੂ ਪੋਰਟਲ ਤੇ ਆਪਣਾ ਨਾਮ, ਫੋਟੋ ਅਤੇ ਆਈਡੀ.ਕਾਰਡ ਭਰ ਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇੱਕ ਮੋਬਾਇਲ ਤੇ 4 ਨਾਗਰਿਕਾਂ ਦੀ ਰਜਿਸਟ੍ਰੇਸ਼ਨ ਹੋ ਸਕਦੀ ਹੈ ਪਰ ਇਸ ਲਈ ਉਸਨੂੰ ਆਪਣਾ ਨਾਮ, ਆਪਣੀ ਫੋਟੋ ਤੇ ਆਈਡੀ.ਕਾਰਡ ਦਰਜ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਪਹਿਲੀ ਡੋਜ਼ ਲੱਗਣ ਤੋਂ ਬਾਅਦ 29 ਦਿਨ ਬਾਅਦ ਦੂਜੀ ਡੋਜ਼ ਲਈ ਸਬੰਧਿਤ ਨਾਗਰਿਕ ਦੀ ਰਜਿਸਟ੍ਰੇਸ਼ਨ ਆਟੋਮੈਟਿਕ ਹੋ ਜਾਵੇਗੀ ਤੇ ਜੇਕਰ ਸਬੰਧਿਤ ਨਾਗਰਿਕ ਵੈਕਸੀਨ ਦੀ ਪਹਿਲੀ ਡੋਜ਼ ਕੈਂਸਲ ਕਰੇਗਾ ਤਾਂ ਦੂਜੀ ਡੋਜ਼ ਆਪਣੇ ਆਪ ਕੈਂਸਲ ਹੋ ਜਾਵੇਗੀ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਵਿਸ਼ਵ ਸਿਹਤ ਸੰਸਥਾ ਡਾ. ਮੇਘਾ ਪ੍ਰਕਾਸ਼, ਯੂ.ਐੱਨ.ਡੀਪੀ ਦੇ ਜਵੇਦ ਅਹਿਮਦ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸਤਪਾਲ ਭਗਤ, ਡੀ.ਪੀ.ਐੱਮ. ਹਰੀਸ਼ ਕਟਾਰੀਆ, ਕਾਰਜ ਸਾਧਕ ਅਫਸਰ ਨਗਰ ਕੌਂਸਲ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ, ਈਮੋਨਾਈਜੇਸ਼ਨ ਕੁਆਰਡੀਨੇਟਰ ਜੋਤੀ ਸਮੇਤ ਐੱਸ.ਐੱਮ.ਓ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here