75ਵੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ ਅਤੇ ਵਿੱਦਿਅਕ ਮੁਕਾਬਲੇ ਆਯੋਜਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਸਾਲਗਿਰਹਾ ਨੂੰ ਸਮਰਪਿਤ ‘ਆਜ਼ਾਦੀ ਕਾ ਅਮ੍ਰਿਤ ਮਹਾਉਤਸਵ’ ਸਮਾਗਮਾਂ ਦੀ ਲੜੀ ਦੀ  ਸ਼ੁਰੂਆਤ ਮੌਕੇ ਇਕ ਦੇਸ਼ ਭਗਤੀ ਦੇ ਰੰਗ ਵਿੱਚ ਰੰਗਦਾ ਵਿਸ਼ੇਸ਼ ਸਮਾਗਮ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਐੱਸ ਡੀ ਐੱਮ ਫਿਰੋਜ਼ਪੁਰ ਅਮਿਤ ਗੁਪਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਕੁਲਵਿੰਦਰ ਕੌਰ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਨੋਡਲ ਅਫਸਰ ਡਾ ਸਤਿੰਦਰ ਸਿੰਘ ਪ੍ਰਿੰਸੀਪਲ ਗੱਟੀ ਰਾਜੋ ਕੇ ਨੇ ਦੱਸਿਆ ਕਿ ਅੱਜ ਪੂਰੇ ਦੇਸ਼ ਵਿੱਚ 75 ਵੇਂ ਆਜ਼ਾਦੀ ਦਿਵਸ ਤੋਂ 75 ਹਫਤੇ ਪਹਿਲਾਂ ਵਿਸ਼ੇਸ਼ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਹੈ।

Advertisements

ਜਿਸ ਦੀ ਲੜੀ ਵਿੱਚ ਅੱਜ 75 ਵਿਦਿਆਰਥੀਆਂ ਦੀ ਸਾਈਕਲ ਰੈਲੀ ਅਤੇ ਵਿਦਿਆਰਥੀ ਦੇ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਤ ਘਟਨਾਵਾਂ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਭਾਸ਼ਣ ਮੁਕਾਬਲੇ, ਲੇਖ ਲਿਖਣ ਅਤੇ ਪੇਂਟਿੰਗ ਆਦਿ ਵਿੱਦਿਅਕ ਮੁਕਾਬਲੇ ਆਯੋਜਿਤ ਕੀਤੇ ਗਏ ਹਨ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਦੇ 150 ਤੋਂ ਵੱਧ  ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਸਮਾਗਮ ਨੂੰ ਪੂਰੀ ਤਰ੍ਹਾਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ।

ਸਮਾਗਮ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਬੀ ਕੇ ਦੱਤ ਦੀ ਸਮਾਧੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਰਜੇਸ਼ ਕੁਮਾਰ ਅਤੇ ਨਵੀਨ ਕੁਮਾਰ ਅਧਿਆਪਕਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਜ਼ਾਦੀ ਸੰਘਰਸ਼ ਦੀਆਂ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਪਾਏ ਵਡਮੁੱਲੇ ਯੋਗਦਾਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਦੇਸ਼ ਦੀ ਖਾਤਰ ਆਜ਼ਾਦੀ ਦੇ ਸੰਘਰਸ਼ ਵਿੱਚ ਕੀਮਤੀ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਗੱਲ ਕੀਤੀ। ਨੈਤਿਕ ਕਦਰਾਂ ਕੀਮਤਾਂ ਅਤੇ ਦੇਸ਼ ਭਗਤੀ ਨੂੰ ਜੀਵਨ ਦਾ ਅੰਗ ਬਣਾਉਣ ਲਈ ਕਿਹਾ। ਸਮਾਗਮ ਨੂੰ ਸਫਲ ਬਣਾਉਣ ਵਿੱਚ ਵਨੀਤ ਬਾਲਾ ਪ੍ਰਿੰਸੀਪਲ, ਰਜੇਸ਼ ਕੁਮਾਰ, ਗੁਰਪਿੰਦਰ ਸਿੰਘ, ਸਰੁਚੀ ਮਹਿਤਾ, ਪ੍ਰਵੀਨ ਬਾਲਾ, ਸ਼ਮਾ, ਵੰਦਨਾ ਰਾਣੀ ਲੈਕਚਰਾਰ,ਅਸ਼ਵਿੰਦਰ ਸਿੰਘ ਵੋਕੇਸ਼ਨਲ ਮਾਸਟਰ,ਨਵੀਨ ਕੁਮਾਰ ਸਾਇੰਸ ਮਾਸਟਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਕੂਲ ਅਧਿਆਪਕ ਰਜਨੀ ਬਾਲਾ, ਸੰਦੀਪ ਕੁਮਾਰ, ਮੀਨਾ ਕੁਮਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਅਤੇ ਬਾਰੇ ਕੇ ਸਕੂਲਾਂ ਦਾ ਸਮੂਹ ਸਟਾਫ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here