ਡੀਸੀ ਨੇ ਪ੍ਰਾਈਵੇਟ ਕੋਵਿਡ ਕੇਅਰ ਹਸਪਤਾਲਾਂ ਨੂੰ ਤੁਰੰਤ 30 ਫੀਸਦ ਬੈਡ ਸਮਰੱਥਾ ਵਧਾਉਣ ਦਾ ਦਿੱਤਾ ਸੱਦਾ

ਜਲੰਧਰ(ਦ ਸਟੈਲਰ ਨਿਊਜ਼)। ਕੋਵਿਡ-19 ਦੇ ਤਾਜ਼ਾ ਕੇਸਾਂ ਵਿੱਚ ਲਗਾਤਾਰ ਵਾਧਾ ਹੋਣ ’ਤੇ ਕਿਸੇ ਵੀ ਸਥਿਤੀ ਨਾਲ ਨਿਪਟਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ 19 ਪ੍ਰਾਈਵੇਟ ਕੋਵਿਡ ਕੇਅਰ ਹਸਪਤਾਲਾਂ ਨੂੰ ਤੁਰੰਤ ਪ੍ਰਭਾਵ ਨਾਲ 30 ਫੀਸਦੀ ਬੈਡਾਂ ਦੀ ਉਪਲਬੱਧਤਾ ਨੂੰ ਵਧਾਉਣ ਦਾ ਸੱਦਾ ਦਿੱਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਿਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਵੀ ਮੌਜੂਦ ਸਨ, ਨੇ ਦੱਸਿਆ ਕਿ ਇਹਨਾਂ ਕੋਵਿਡ ਕੇਅਰ ਹਸਪਤਾਲਾਂ ਦਾ ਨਿਯਮਤ ਤੌਰ ’ਤੇ ਦੌਰਾ ਕਰਨ ਲਈ ਵਧੀਕ ਨੋਡਲ ਅਫ਼ਸਰ ਪਹਿਲਾਂ ਹੀ ਨਿਯੁਕਤ ਕੀਤੇ ਗਏ ਹਨ ਤਾਂ ਜੋ ਬੈਡਾਂ ਦੀ ਸਮਰੱਥਾ ਨੂੰ ਸਮੇਂ ਸਿਰ ਵਧਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੰਜੀਦਾ ਯਤਨਾ ਸਦਕਾ 10 ਮੁੱਖ ਕੋਵਿਡ ਕੇਅਰ ਹਸਪਤਾਲਾਂ ਵਿੱਚ 50 ਵਾਧੂ ਬੈਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਸ ਨਾਲ ਇਨਾਂ ਸ਼੍ਰੀਮਨ ਹਸਪਤਾਲਾਂ ਵਿੱਚ ਬੈਡਾਂ ਦੀ ਗਿਣਤੀ 91 ਤੋਂ 141 ਬੈਡ ਹੋ ਗਈ ਹੈ। ਸਰਵੋਦਿਆ ਹਸਪਤਾਲ ਵਲੋਂ 5 ਬੈਡ, ਪਟੇਲ ਹਸਪਤਾਲ ਵਲੋਂ 9 ਬੈਡ, ਸੈਕਰਟ ਹਾਰਟਸ ਹਸਪਤਾਲ ਵਲੋਂ 8 ਬੈਡ, ਜੌਹਲ ਹਸਪਤਾਲ ਵਲੋਂ 6 ਬੈਡ, ਕਾਰਡੀਨੋਵਾ ਹਸਪਤਾਲ ਵਲੋਂ 2 ਬੈਡ, ਐਸ.ਜੀ.ਐਲ ਹਸਪਤਾਲ ਵਲੋਂ 12 ਬੇਡ, ਕੇਅਰਮੈਕਸ ਹਸਪਤਾਲ ਵਲੋਂ 10 ਬੈਡ, ਘਈ ਹਸਪਤਾਲ ਵਲੋਂ 2 ਬੈਡ, ਨਿਊ ਰੂਬੀ ਹਸਪਤਾਲ ਵਲੋਂ 5 ਬੈਡ, ਅਤੇ ਸੁਪਰ ਸਪੈਸ਼ਿਲਟੀ ਹਸਪਤਾਲ ਵਲੋਂ 17 ਬੈਡਾਂ ਦਾ ਕੋਵਿਡ ਕੇਅਰ ਵਾਰਡ ਵਿੱਚ ਵਾਧਾ ਕੀਤਾ ਗਿਆ ਹੈ।

Advertisements

ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਵਲੋਂ ਮੰਗ ਕਰਨ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਿਨਾਂ ਕਿਸੇ ਕੀਮਤ ਦੇ ਵੈਂਟੀਲੇਟਰ ਅਤੇ ਐਚਐਨਐਫਸੀ ਦੀ ਉਪਲਬੱਧਤਾ ਦਾ ਭਰੋਸਾ ਦੁਆਇਆ ਗਿਆ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਸਿਹਤ ਵਿਭਾਗ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਮੰਗ ਅਨੁਸਾਰ 30 ਵੈਂਟੀਲੇਟਰ ਅਤੇ 31 ਐਚਐਨਐਫਸੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਥੋਰੀ ਨੇ ਦੱਸਿਆ ਕਿ ਕਾਰਡੀਨੋਵਾ ਹਸਪਤਾਲਾਂ ਵਲੋਂ 1 ਵੈਂਟੀਲੇਟਰ, ਕੇਅਰ ਮੈਕਸ ਲਈ 2, ਘਈ ਹਸਪਤਾਲ ਲਈ 3 ਵੈਂਟੀਲੇਟਰ ਅਤੇ ਐਚਐਫਐਨਸੀਜ, ਇੰਨੋਸੈਂਟ ਹਾਰਟ ਹਸਪਤਾਲ ਲਈ 3, ਕਿਡਨੀ ਹਸਪਤਾਲ ਲਈ 5, ਮਾਨ ਮੈਡੀਸਿਟੀ ਲਈ 4, ਰੂਬੀ ਹਸਪਤਾਲ ਲਈ 1, ਐਨ.ਐਚ.ਐਸ ਹਸਪਤਾਲ ਲਈ 1, ਆਕਸਫੋਰਡ ਹਸਪਤਾਲ ਲਈ 3, ਪਟੇਲ ਹਸਪਤਾਲ ਲਈ 5, ਸੈਕਰਟ ਹਾਰਟ ਹਸਪਤਾਲ ਲਈ 8, ਐਸ.ਜੀ.ਐਲ ਹਸਪਤਾਲ ਲਈ 2, ਸ਼ਰਨਜੀਤ ਹਸਪਤਾਲ ਲਈ 2, ਸ਼੍ਰੀਮਨ ਹਸਪਤਾਲ ਲਈ 10, ਸਿੱਕਾ ਹਸਪਤਾਲ ਲਈ 4 ਅਤੇ ਕਰਨ ਹਸਪਤਾਲ ਲਈ 1 ਵੈਂਟੀਲੇਟਰ ਦੀ ਮੰਗ ਸ਼ਾਮਿਲ ਹੈ।

ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਅਤੇ ਸਰਕਾਰੀ ਕੋਵਿਡ ਕੇਅਰ ਸੈਂਟਰਾਂ ਵਿੱਚ ਬੈਡਾਂ ਦੀ ਉਪਲੱਬਧਤਾ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 340 ਬੈਡਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ-2 ਲਈ 750 ਅਤੇ ਲੈਵਲ-3 ਲਈ 350 ਬੈਡਾਂ ਦੀ ਸਮਰੱਥਾ ਦੇ ਟੀਚੇ ਨੂੰ ਹਾਸਿਲ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ ਦੇ ਨਵੇਂ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸਾਨੂੰ ਕੋਵਿਡ ਦੀ ਇਸ ਲਹਿਰ ਨਾਲ ਵੀ ਪਹਿਲੀ ਲਹਿਰ ਵਾਂਗ ਅਸਰਦਾਰ ਢੰਗ ਨਾਲ ਨਿਪਟਣ ਦੀ ਲੋੜ ਹੈ। ਇਸ ਮੌਕੇ ਐਸ.ਡੀ.ਐਮ.ਗੌਰਵ ਜੈਨ, ਡਾ.ਜੈ ਇੰਦਰ ਸਿੰਘ,ਸਿਵਲ ਸਰਜਨ ਡਾ.ਬਲਵੰਤ ਸਿੰਘ, ਡੀ.ਡੀ.ਐਫ. ਸੌਮਾ ਸ਼ੇਖਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਜੋਤੀ ਤੇ ਹੋਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here