ਅਮਰੀਕ ਸਿੰਘ ਆਲੀਵਾਲ ਸ਼ੂਗਰਫੈਡ ਦੇ ਮੁੜ ਚੇਅਰਮੈਨ ਨਿਯੁਕਤ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਸ. ਅਮਰੀਕ ਸਿੰਘ ਆਲੀਵਾਲ ਨੂੰ ਸ਼ੂਗਰਫੈਡ ਦਾ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਹਿਕਾਰਤਾ ਵਿਭਾਗ ਵੱਲੋਂ ਇਸ ਸਬੰਧੀ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

Advertisements

ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਨਵੇਂ ਨਿਯੁਕਤ ਹੋਏ ਚੇਅਰਮੈਨ ਸ. ਆਲੀਵਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਨੇਤਾ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ ਜਿਨ੍ਹਾਂ ਦੇ ਤਜ਼ਰਬੇ ਦਾ ਸ਼ੂਗਰਫੈਡ ਨੂੰ ਸਿੱਧਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸਾਨੀ ਸੰਕਟ ਵਿੱਚੋਂ ਉਭਾਰਨ ਅਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਕੱਢਣ ਲਈ ਗੰਨੇ ਦੀ ਖੇਤੀ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ।

ਸ. ਰੰਧਾਵਾ ਨੇ ਕਿਹਾ ਕਿ ਪਿਛਲੇਂ ਸਮੇਂ ਤੋਂ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਪੈਰਾਂ ਸਿਰ ਕਰਨ ਅਤੇ ਨਵੀਨੀਕਰਨ ਲਈ ਉਪਰਾਲੇ ਕਰ ਰਹੇ ਹਨ ਅਤੇ ਸ.ਆਲੀਵਾਲ ਦੇ ਮੁੜ ਚੇਅਰਮੈਨ ਨਿਯੁਕਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਉਲੀਕੀਆਂ ਯੋਜਨਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇਗਾ। ਸ਼ੂਗਰਫੈਡ ਵੱਲੋਂ ਜਿੱਥੇ ਭੋਗਪੁਰ ਖੰਡ ਮਿੱਲ ਦਾ ਵਿਸਥਾਰ ਕੀਤਾ ਗਿਆ ਉਥੇ ਬਟਾਲਾ ਤੇ ਗੁਰਦਾਸਪੁਰ ਵਿਖੇ ਨਵੀਆਂ ਖੰਡ ਮਿੱਲਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਕਲਾਨੌਰ ਵਿਖੇ ਅਤਿ-ਆਧੁਨਿਕ ਗੰਨਾ ਖੋਜ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ।
ਸ. ਅਮਰੀਕ ਸਿੰਘ ਆਲੀਵਾਲ ਨੇ ਲੁਧਿਆਣਾ ਜ਼ਿਲੇ ਦੇ ਪਿੰਡ ਆਲੀਵਾਲ ਦੀ ਸਰਪੰਚੀ ਤੋਂ ਸਫਰ ਸ਼ੁਰੂ ਕੀਤਾ ਅਤੇ ਦੋ ਵਾਰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਹੇ। ਉਹ ਪੰਜਾਬ ਐਗਰੋ ਦੇ ਵੀ ਚੇਅਰਮੈਨ ਰਹੇ ਹਨ। ਸਾਲ 2019 ਵਿੱਚ ਉਨ੍ਹਾਂ ਨੂੰ ਸ਼ੂਗਰਫੈਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਅੱਜ ਮੁੜ ਉਨ੍ਹਾਂ ਦੀ ਫੇਰ ਨਿਯੁਕਤੀ ਹੋਈ ਹੈ।

ਸ. ਆਲੀਵਾਲ ਨੇ ਆਪਣੀ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ।

LEAVE A REPLY

Please enter your comment!
Please enter your name here