ਮੌਸਮ ਵਿੱਚ ਆਈ ਅਚਾਨਕ ਤਬਦੀਲੀ ; ਜ਼ਿਲ੍ਹਾ ਰੂਪਨਗਰ ਵਿੱਚ ਮੰਡੀਆਂ ਚ ਕਣਕ ਨੂੰ ਸਾਂਭਣ ਦੇ ਪੁਖਤਾ ਪ੍ਰਬੰਧ

ਰੂਪਨਗਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੂਪਨਗਰ ਵਿੱਚ ਕੱਲ੍ਹ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਕਾਰਨ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚ ਮੀਂਹ ਪਿਆ l ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਮੰਡੀਆਂ ਵਿੱਚ ਆਈ ਕਣਕ ਦੀਆਂ ਢੇਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਨਾਲ ਢੱਕਿਆ ਗਿਆ ਹੈ l ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਜ਼ਿਲਾ ਮੰਡੀ ਅਫਸਰ ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਆਦਿ ਨੂੰ ਪਹਿਲਾਂ ਤੋਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਸਨ ਕਿ ਉਹ ਆੜ੍ਹਤੀਆਂ ਨਾਲ ਰਾਬਤਾ ਰੱਖਣ ਅਤੇ ਮੀਂਹ ਦੇ ਮੋਸਮ ਨੂੰ ਧਿਆਨ ਵਿਚ ਰੱਖਦਿਆਂ ਕਣਕ ਨੂੰ ਬਚਾਉਣ ਲਈ ਹਰੇਕ ਦਾਣਾ ਮੰਡੀ ਵਿਚ ਤਰਪਾਲਾਂ ਦਾ ਢੁੱਕਵਾਂ ਪ੍ਰਬੰਧ ਕਰਕੇ ਰੱਖਣ।

Advertisements

ਉਨਾਂ ਅੱਗੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੋਸਮ ਸਾਫ ਹੋਣ ਕਰਕੇ ਮੰਡੀਆਂ ਵਿਚ ਕਣਕ ਦੀ ਆਮਦ ਵੱਧੀ ਸੀ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਲਈ ਲੋੜੀਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸਮੂਹ ਮਾਰਕਿਟ ਕਮੇਟੀਆਂ ਦੇ ਸਕੱਤਰਾਂ ਆਦਿ ਨੂੰ ਕਣਕ ਦੀ ਢੇਰੀਆਂ ਨੂੰ ਲੋੜ ਪੈਣ ਤੇ ਢੱਕੇ ਜਾਣ ਲਈ ਹਦਾਇਤਾਂ ਦਿੱਤੀਆਂ ਗਈਆਂ ਸਨ ਅਤੇ ਬੀਤੇ ਕੱਲ੍ਹ ਮੌਸਮ ਖਰਾਬ ਹੋਣ ਅਤੇ ਤੜਕੇ ਮੀਂਹ ਤੋਂ ਫਸਲ ਬਚਾਉਣ ਲਈ ਕਣਕ ਦੀਆਂ ਢੇਰੀਆਂ ਨੂੰ ਤਰਪਾਲਾਂ ਆਦਿ ਨਾਲ ਢੱਕਿਆ ਗਿਆ ਹੈ । ਉਨਾਂ ਅੱਗੇ ਕਿਹਾ ਕਿ ਇਸ ਤੋ ਇਲਾਵਾ ਕੋਵਿਡ-19 ਦੇ ਮੱਦੇਨਦਰ ਜਿਲੇ ਦੀਆਂ ਸਾਰੀਆਂ ਮੰਡੀਆਂ ਵਿਚ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਸਹੂਲਤ ਦਾ ਖਿਆਲ ਰੱਖਿਆ ਗਿਆ ਹੈ।

ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰੂਪਨਗਰ ਸ੍ਰੀ ਸਤਬੀਰ ਸਿੰਘ ਮਾਵੀ ਨੇ ਦੱਸਿਆ ਕਿ ਮੰਡੀਆਂ ਵਿਚ ਆਈ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਹਨ ਅਤੇ ਢੇਰੀਆਂ ਨੂੰ ਤਰਪਾਲਾਂ ਨਾਲ ਢੱਕਿਆ ਗਿਆ ਹੈ। ਮੰਡੀਆਂ ਵਿਚ ਬਾਰਦਾਨੇ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਵਰਤੇ ਗਏ ਚੰਗੀ ਕੁਆਲਟੀ ਵਾਲੇ ਬਾਰਦਾਨੇ ਦੀ ਵਰਤੋਂ ਕਰਨ ਦੀ ਆਗਿਆ ਦੇਣ ਨਾਲ ਬਾਰਦਾਨੇ ਦੀ ਕੋਈ ਕਮੀਂ ਨਹੀਂ ਆਵੇਗੀ ਅਤੇ ਫਸਲ ਦੀ ਖਰੀਦ ਤੇ ਚੁਕਾਈ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਸਲ ਸੁਕਾ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਉਨਾਂ ਮੰਡੀਆਂ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।

LEAVE A REPLY

Please enter your comment!
Please enter your name here