ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ’ਚ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਨੇ ਸੰਭਾਲਿਆ ਅਹੁਦਾ

ਹੁਸ਼ਿਆਰਪੁਰ, 23 ਅਪ੍ਰੈਲ: ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ਵਿੱਚ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਫਾਈਨਾਂਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਕੁਮਾਰ ਬਿੰਦੀ ਨੇ ਆਪਣੇ ਅਹੁਦੇ ਸੰਭਾਲੇ।
ਅਹੁਦਾ ਸੰਭਾਲਣ ਉਪਰੰਤ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਚੇਅਰਮੈਨ ਫਾਈਨਾਂਸ ਕਮੇਟੀ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਹੋ ਰਹੇ ਚਹੁੰਮੁਖੀ ਵਿਕਾਸ ਨੂੰ ਨਵੀਂਆਂ ਸਿਖਰਾਂ ਤੱਕ ਲੈ ਕੇ ਜਾਣ ਵਿੱਚ ਉਹ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਵੱਖ-ਵੱਖ ਲੋੜੀਂਦੇ ਕਾਰਜ ਕਰਵਾਉਣ ਦੇ ਨਾਲ-ਨਾਲ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕਰਵਾਉਣਗੇ।

Advertisements

ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਮੌਕੇ ਕਿਹਾ ਕਿ ਨਗਰ ਨਿਗਮ ਨੂੰ ਨਵੀਂ ਟੀਮ ਮਿਲਣ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਉਣਾ ਯਕੀਨੀ ਹੈ ਅਤੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਅਤੇ ਬਾਕੀ ਅਹੁਦੇਦਾਰਾਂ ਦੀ ਅਗਵਾਈ ਵਿੱਚ ਸ਼ਹਿਰ ਦੀ ਦਿੱਖ ਨੂੰ ਹੋਰ ਸੰਵਾਰਿਆ ਜਾਵੇਗਾ।

ਪੰਜਾਬ ਸਰਕਾਰ ਵਲੋਂ ਕੋਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਦਾ ਹਵਾਲਾ ਦਿੰਦਿਆਂ ਸੁੰਦਰ ਸ਼ਾਮ ਅਰੋੜਾ ਨੇ ਸਮੂਹ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਇਸ ਵਾਇਰਸ ਤੋਂ ਬਚਾਅ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਅਤੇ ਸਿਖਿਅਤ ਕਰਨ ਤਾਂ ਜੋ ਉਨ੍ਹਾਂ ਨੂੰ ਕੋਰੋਨਾ ਦੀ ਚਪੇਟ ’ਚ ਆਉਣੋ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੂਹ ਕੌਂਸਲਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਮਾਸਕ ਪਹਿਨਣ, ਇਕ ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣ ਅਤੇ ਸਮੇਂ-ਸਮੇਂ ਸਿਰ ਹੱਥ ਧੋਣ ਲਈ ਪ੍ਰੇਰਿਤ ਕਰਨ।
ਸਮੂਹ ਕੌਂਸਲਰਾਂ ਨੂੰ ਪੂਰੀ ਸਮਰਪਣ ਭਾਵਨਾ ਨਾਲ ਲੋਕਾਂ ਅਤੇ ਸ਼ਹਿਰ ਦੀ ਸੇਵਾ ਦਾ ਸੱਦਾ ਦਿੰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਕੌਂਸਲਰਾਂ ਨੂੰ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨੂੰ ਉਨ੍ਹਾਂ ਵਲੋਂ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਨਿਭਾਉਂਦਿਆਂ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨਾ ਚਾਹੀਦਾ ਹੈ।

ਰਾਜ ਅੰਦਰ ਵੱਖ-ਵੱਖ ਜ਼ਿਲਿ੍ਹਆਂ ਤੋਂ ਉਦਯੋਗਿਕ ਕਾਮਿਆਂ ਵਲੋਂ ਕੋਰੋਨਾ ਅਤੇ ਲਾਕਡਾਊਨ ਨੂੰ ਲੈ ਕੇ ਆਪਣੇ ਜੱਦੀ ਸੂਬਿਆਂ ਨੂੰ ਜਾਣ ਸਬੰਧੀ ਜਾਣਕਾਰੀਆਂ ਬਾਰੇ ਉਦਯੋਗ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਸਰਕਾਰ ਉਦਯੋਗਾਂ ਅਤੇ ਉਦਯੋਗਿਕ ਕਾਮਿਆਂ ਦੇ ਹਿੱਤਾਂ ਨੂੰ ਕਦੇ ਵੀ ਪ੍ਰਭਾਵਤ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਜੇ ਲਾਕਡਾਊਨ ਜਾਂ ਹੋਰ ਪਾਬੰਦੀਆਂ ਲਾਉਣ ਵਾਲੇ ਕੋਈ ਹਾਲਾਤ ਨਹੀਂ ਹਨ ਅਤੇ ਜੇਕਰ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਕੋਰੋਨਾ ਦੇ ਇਸ ਦੌਰ ’ਤੇ ਵੀ ਸਹਿਜੇ ਹੀ ਫਤਿਹ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਵੱਖ-ਵੱਖ ਉਦਯੋਗਿਕ ਇਕਾਈਆਂ ਆਦਿ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਵਿਸ਼ੇਸ਼ ਤੌਰ ’ਤੇ ਟੀਕਾਕਰਨ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਹ ਕਾਮੇ ਬਿਨ੍ਹਾਂ ਕਿਸੇ ਡਰ ਤੋਂ ਆਪਣੀਆਂ ਸੇਵਾਵਾਂ ਦੀ ਲਗਾਤਾਰਤਾ ਬਰਕਰਾਰ ਰੱਖ ਸਕਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਪੱਛੜੀਆਂ ਸ਼ੇ੍ਰਣੀਆਂ ਕਮਿਸ਼ਨ ਦੇ ਚੇਅਰਮੈਨ ਸਰਵਣ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਫਾਈਨਾਂਸ ਕਮੇਟੀ ਦੇ ਮੈਂਬਰ ਕੌਂਸਲਰ ਰਜਨੀ ਡਡਵਾਲ ਅਤੇ ਕੌਂਸਲਰ ਕੁਲਵਿੰਦਰ ਕੌਰ ਕਪੂਰ ਤੋਂ ਇਲਾਵਾ ਸਮੂਹ ਕੌਂਸਲਰ ਅਤੇ ਦਰਸ਼ਨ ਰਾਮ, ਰਮੇਸ਼ ਲਾਲ, ਸ਼ਾਦੀ ਲਾਲ, ਮਨਮੋਹਨ ਸਿੰਘ ਕਪੂਰ, ਅਨਿਲ ਕੁਮਾਰ, ਚਰਨਜੀਤ ਸਿੰਘ ਅਰੋੜਾ ਅਤੇ ਚੌਧਰੀ ਅਮਰਜੀਤ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here