ਕਬਾੜ ਨੂੰ ਲੈ ਕੇ ਹੋਏ ਝਗੜੇ ਵਿੱਚ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ, 8 ਵਿਅਕਤੀਆਂ ਵਿੱਰੁਧ ਮਾਮਲਾ ਦਰਜ

ਨੰਗਲ (ਦ ਸਟੈਲਰ ਨਿਊਜ਼ )। ਥਾਣਾ ਨੰਗਲ/ਨਵਾਂ ਨੰਗਲ ’ਚ ਤਾਜ਼ਾ ਮਾਮਲੇ ਵਿਚ ਘਰ ਦੇ ਬਾਹਰ ਪਏ ਕਬਾੜ ਨੂੰ ਲੈ ਕੇ ਹੋਏ ਵਿਵਾਦ ਨੇ ਖ਼ੂਨੀ ਰੂਪ ਧਾਰਦਿਆਂ ਹੋਇਆਂ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਥਾਂ ’ਤੇ ਕਬਾੜ ਦਾ ਕੰਮ ਕਰਨ ਵਾਲੇ ਇਕ ਪਰਿਵਾਰ ਵੱਲੋਂ ਬੜੀ ਹੀ ਬੇਰਹਿਮੀ ਨਾਲ ਆਪਣੇ ਗੁਆਂਢੀ ਵਰਿੰਦਰ ਪੁਰੀ (54), ਪੁੱਤਰ ਤੇਲੂ ਰਾਮ, ਵਾਸੀ ਕਿਲਨ ਏਰੀਆ ਨੂੰ ਇਨ੍ਹਾਂ ਕੁਟਿਆ ਗਿਆ ਕਿ ਜਦੋਂ ਉਸ ਨੂੰ ਨੰਗਲ ਬੀ. ਬੀ. ਐੱਮ. ਬੀ. ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ। ਬੇਸ਼ੱਕ ਨੰਗਲ ਪੁਲਸ ਨੇ ਉੁਕਤ ਮਾਮਲੇ ਨੂੰ ਲੈ ਕੇ ਇਕ ਪਰਿਵਾਰ ਸਣੇ ਕੁਲ 8 ਵਿਅਕਤੀਆਂ ਵਿੱਰੁਧ 302 ਦਾ ਪਰਚਾ ਦਰਜ ਕਰ ਲਿਆ ਹੈ ਪਰ ਲੋਕ ਅਪਰਾਧ ਵੱਧਣ ਕਾਰਨ ਬੜੇ ਹੀ ਪਰੇਸ਼ਾਨ ਹਨ।

Advertisements

ਦੱਸ ਦਈਏ ਕਿ ਵਰਿੰਦਰ ਪੁਰੀ ਨੰਗਲ ਦੀ ਮੇਨ ਮਾਰਕੀਟ ’ਚ ਮਨਿਆਰੀ ਦੀ ਦੁਕਾਨ ਕਰਦਾ ਸੀ ਅਤੇ ਇਸ ਹਮਲੇ ’ਚ ਵਰਿੰਦਰ ਪੁਰੀ ਦੇ ਭਤੀਜੇ ਹੈਪੀ ਦੇ ਹੱਥ ਵੀ ਕੋਈ ਤੇਜ਼ਧਾਰ ਚੀਜ ਲੱਗੀ ਹੈ। ਵਰਿੰਦਰ ਪੁਰੀ ਦਾ ਪਰਿਵਾਰ ਬਹੁਤ ਹੀ ਹਸਮੁੱਖ ਪਰਿਵਾਰ ਹੈ ਅਤੇ ਉਸਦੇ ਦੋ ਧੀਆਂ ਵੀ ਹਨ।ਇਸ ਪਰਿਵਾਰ ਨੇ ਵਰਿੰਦਰ ਪੁਰੀ ’ਤੇ ਉਦੋਂ ਹਮਲਾ ਕੀਤਾ ਜਦੋਂ ਉਹ ਆਪਣੇ ਘਰ ਬਾਹਰ ਬੈਂਚ ’ਤੇ ਬੈਠਾ ਸੀ। ਵਰਿੰਦਰ ਦੇ ਘਰ ਬਾਹਰ ਪਏ ਕਬਾਡ਼ ਕਾਰਨ ਜਿੱਥੇ ਉਸਦਾ ਪੂਰਾ ਪਰਿਵਾਰ ਪਰੇਸ਼ਾਨ ਸੀ, ਉੱਥੇ ਹੀ ਮੁੱਹਲਾ ਵਾਸੀਆਂ ’ਚ ਕਬਾੜ ਨੂੰ ਲੈ ਕੇ ਕਾਫ਼ੀ ਵਿਰੋਧ ਸੀ ਅਤੇ ਉਨ੍ਹਾਂ ਵੱਲੋਂ ਵਾਰ-ਵਾਰ ਇਸ ਪਰਿਵਾਰ ਨੂੰ ਕਬਾੜ ਚੁੱਕਣ ਸਬੰਧੀ ਬੇਨਤੀ ਵੀ ਕੀਤੀ ਜਾ ਚੁੱਕੀ ਸੀ।

ਜਦੋਂ ਬੀਤੀ ਰਾਤ ਕਬਾੜ ਨੂੰ ਲੈ ਕੇ ਗੱਲ ਚੱਲੀ ਤਾਂ ਇਸ ਪਰਿਵਾਰ ਦੇ ਲੋਕ ਇਕ ਦਮ ਟੁੱਟ ਕੇ ਵਰਿੰਦਰ ਪੁਰੀ ’ਤੇ ਪੈ ਗਏ ਅਤੇ ਹਮਲੇ ’ਚ ਉਨ੍ਹਾਂ ਜੁਗਾੜੂ ਹਥਿਆਰਾਂ ਦੀ ਵਰਤੋਂ ਕੀਤੀ। ਵਰਿੰਦਰ ਪੁਰੀ ਦੀ ਮੌਤ ਮਗਰੋਂ ਪਰਿਵਾਰ ਫਰਾਰ ਹੈ ਪਰ ਪਤਾ ਲਗਾ ਹੈ ਕਿ ਗ੍ਰਿਫ਼ਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ।ਨੰਗਲ ਥਾਣਾ ਇੰਚਾਰਜ ਪਵਨ ਚੌਧਰੀ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਥਾਣਾ ਮੁਖੀ ਨੇ ਕਿਹਾ ਕਿ ਕਥਿਤ ਦੋਸ਼ੀ ਸੁਰਿੰਦਰ ਸੰਦਲ, ਕਮਲੇਸ਼, ਕਾਰਤਿਕ ਸੰਦਲ, ਅਟੁਲ ਸੰਦਲ, ਵਿਸ਼ੂ ਅਤੇ ਹੋਰ ਤਿੰਨ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਇਸੇ ਦੌਰਾਨ ਕਿਸਾਨ ਆਗੂ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਨੰਗਲ ’ਚ ਚੱਲਦਾ ਸਾਰਾ ਕਬਾਡ਼ ਦਾ ਨਾਜਾਇਜ਼ ਕਾਰੋਬਾਰ ਤੁਰੰਤ ਬੰਦ ਕਰਵਾਇਆ ਜਾਵੇ ਕਿਉਂਕਿ ਸਰਕਾਰੀ ਥਾਂਵਾਂ ’ਤੇ ਚਲਦਾ ਨਾਜਾਇਜ਼ ਕਾਰੋਬਾਰ ਅਪਰਾਧ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਕਬਾੜ ਦੇ ਕਾਰੋਬਾਰ ਨਾਲ ਵੱਡੀ ਕਮਾਈ ਜੁੜੀ ਹੋਈ ਹੈ ਅਤੇ ਇਸ ਕਮਾਈ ਨਾਲ ਕਈ ਪਤਵੰਤਿਆ ਦੇ ਬੌਝੇ ਵੀ ਭਰੇ ਜਾਂਦੇ ਹਨ।

LEAVE A REPLY

Please enter your comment!
Please enter your name here