ਡਿਪਟੀ ਕਮਿਸ਼ਨਰ ਵਲੋਂ ਇਕ ਹੋਰ ਜ਼ਿਲ੍ਹਾ ਵਾਸੀ ਦਾ ਕੋਵਿਡ ਦੀਆਂ ਦਵਾਈਆਂ ’ਚ ਕਾਲਾ ਬਜ਼ਾਰੀ ਨੂੰ ਉਜਾਗਰ ਕਰਨ ’ਤੇ 25000 ਰੁਪਏ ਨਾਲ ਸਨਮਾਨ

ਜਲੰਧਰ 21 ਮਈ 2021: ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅੱਜ ਕੋਵਿਡ-19 ਦੇ ਦੇ ਗੰਭੀਰ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਕਾਲਾ ਬਜ਼ਾਰੀ ਕਰਕੇ ਮੁਨਾਫ਼ਾ ਕਮਾਉਣ ਨੂੰ ਉਜਾਗਰ ਕਰਨ ਵਾਲੇ ਇਕ ਹੋਰ ਨਾਗਰਿਕ ਦਾ ਸਨਮਾਨ ਕੀਤਾ ਗਿਆ। 

Advertisements

 ਡਿਪਟੀ ਕਮਿਸ਼ਨਰ ਵਲੋਂ ਰੀਮਾ ਗੁਗਲਾਨੀ ਵਾਸੀ ਮਾਡਲ ਹਾਊਸ ਜੋ ਕਿ ਫਰੀ ਲਾਂਸਰ ਪੱਤਰਕਾਰ ਵੀ ਹਨ ਨੂੰ 25000 ਰੁਪਏ ਦਾ ਚੈਕ ਸੌਂਪਦਿਆਂ ਉਨਾਂ ਵਲੋਂ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੀਆਂ ਦਵਾਈਆਂ ਵਿੱਚ ਕੀਤੀ ਜਾ ਰਹੀ  ਕਾਲਾ ਬਜ਼ਾਰੀ ਨੂੰ ਉਜਾਗਰ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਗਈਖ। ਉਨ੍ਹਾਂ ਦੱਸਿਆ ਕ ਅਜਿਹੇ ਉਪਰਾਲੇ ਜੀਵਨ ਰੱਖਿਅਕ ਦਵਾਈਆਂ ਵਿੱਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਹੋਰਨਾਂ ਨੂੰ ਵੀ ਇਸ ਸੰਕਟ ਦੀ ਘੜੀ ਵਿੱਚ ਗਲਤ ਢੰਗ ਤਰੀਕੇ ਨਾਲ ਪੈਸੇ ਕਮਾਉਣ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਖਾਮੀਆਂ ਪਾਏ ਜਾਣ ਅਤੇ ਵੱਧ ਪੈਸੇ ਵਸੂਲਣ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਜ਼ਿਲ੍ਹੇ ਵਿੱਚ ਕੋਈ ਅਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 ਜ਼ਿਕਰਯੋਗ ਹੈ ਕਿ ਰੀਮਾ ਗੁਗਲਾਨੀ ਵਲੋਂ ਕੋਵਿਡ-19 ਦੇ ਮਰੀਜ਼ ਦੇ ਇਲਾਜ ਲਈ ਸ਼ੋਸ਼ਲ ਮੀਡੀਆਂ ’ਤੇ ਰੈਮਡੀਸੀਵਿਰ ਟੀਕੇ ਦੀ ਜਰੂਰਤ ਦੀ ਪੋਸਟ ਪਾਈ ਗਈ ਸੀ, ਜਿਸ ’ਤੇ ਡੀਲਰ ਵਲੋਂ ਉਸ ਨਾਲ ਸੰਪਰਕ ਕਰਕੇ ਉਨਾਂ ਪਾਸ ਦਵਾਈ ਹੋਣ ਅਤੇ ਮਨਚਾਹੀ ਕੀਮਤ ਲੈਣ ਬਾਰੇ ਕਿਹਾ ਗਿਆ। ਇਸ ਉਪਰੰਤ ਰੀਮਾ ਗੁਗਲਾਨੀ ਵਲੋਂ ਮੋਬਾਇਲ ਫੋਨ ’ਤੇ ਡੀਲਰ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਅਤੇ ਵਾਇਸ ਮੈਸਿਜਜ਼ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨਾਲ ਸਾਂਝੇ ਕੀਤੇ ਗਏ। ਇਸ ’ਤੇ ਡਿਪਟੀ ਕਮਿਸ਼ਨਰ ਵਲੋਂ ਜਾਂਚ ਕਰਵਾਈ ਗਈ ਜਿਸ ਵਿੱਚ ਪੁਲਿਸ ਅਧਿਕਾਰੀਆਂ ਨੁੂੰ ਮੁਲਜ਼ਮਾਂ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ।

 ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਇਲਾਜ ਵਿੱਚ ਪਾਈਆਂ ਜਾਣ ਵਾਲੀਆਂ ਖਾਮੀਆਂ, ਇਲਾਜ ਅਤੇ ਦਵਾਈਆਂ ਵਿੱਚ ਵੱਧ ਪੈਸੇ ਵਸੂਲਣ ਸਬੰਧੀ ਅੱਗੇ ਆਉਣ ਤਾਂ ਜੋ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਫਿਰ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਸੰਕਟ ਦੀ ਇਸ ਘੜੀ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਸੂਬਾ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਵਾਜਬ ਰੇਟਾਂ ’ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਅਜਿਹੀ ਕੋਈ ਵੀ ਜਾਣਕਾਰੀ ਵਟਸਅਪ ਨੰਬਰ 9888981881 ਅਤੇ 9501799068 ਤੇ ਹੈਲਪਲਾਈਨ ਨੰਬਰ 0181-2224417 ’ਤੇ ਭੇਜ ਸਬੂਤਾਂ ਸਮੇਤ ਭੇਜ ਸਕਦੇ ਹਨ।

LEAVE A REPLY

Please enter your comment!
Please enter your name here