ਜਲੰਧਰ ਨੂੰ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ ਬਣਾਉਣ ਲਈ ਸਾਲ ਭਰ ਲਗਾਤਾਰ ਕੀਤੀ ਮਿਹਨਤ:ਡਿਪਟੀ ਕਮਿਸ਼ਨਰ

ਜਲੰਧਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਨੇ ਦਫ਼ਤਰ ਵਿਚ ਇਕ ਸਾਲ ਪੂਰਾ ਕਰ ਲਿਆ ਹੈ, ਜਿਸ ਦੌਰਾਨ ਉਨ੍ਹਾਂ ਕੋਵਿਡ -19 ਮਹਾਂਮਾਰੀ ਦੇ ਦੌਰ ਵਿੱਚ ਨਵੇਂ ਮੀਲ ਪੱਥਰ ਸਥਾਪਤ ਕੀਤੇ, ਖਾਸ ਕਰਕੇ ਇਸ ਮੁਸ਼ਕਲ ਸਮੇਂ ਵਿੱਚ ਵਿਕਾਸ ਪ੍ਰਾਜੈਕਟਾਂ ਨੂੰ ਗਤੀ ਦਿੱਤੀ। ਸ਼ਾਸਨ ਪ੍ਰਤੀ ਉਨ੍ਹਾਂ ਦੀ ਦੋਹਰੀ ਪਹੁੰਚ, ਜਿਸ ਤਹਿਤ ਇਕ ਪਾਸੇ ਕੋਵਿਡ ਪ੍ਰਬੰਧਨ ਅਤੇ ਦੂਜੇ ਪਾਸੇ ਮੁੱਖ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਉਣ ਨੇ ਜਲੰਧਰ ਨੂੰ ਸਿਰਫ਼ ਇਕ ਸਾਲ ਦੇ ਸਮੇਂ ਵਿਚ ਮਹੱਤਵਪੂਰਣ ਸਮਾਜਿਕ-ਆਰਥਿਕ ਪ੍ਰਗਤੀ ਹਾਸਲ ਕਰਨ ਦੇ ਸਮਰੱਥ ਬਣਾਇਆ । ਘਨਸ਼ਿਆਮ ਥੋਰੀ, ਜਿਨ੍ਹਾਂ 14 ਜੂਨ, 2020 ਨੂੰ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ, ਦੀ ਅਗਵਾਈ ਵਿਚ ਜਲੰਧਰ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਵਿਚ ਮੋਹਰੀ ਬਣ ਕੇ ਉੱਭਰਿਆ। ਸਰਕਾਰ ਦੇ ਸਾਰੇ ਮਾਪਦੰਡਾਂ ਵਿਚ ਜਲੰਧਰ ਨੇ ਆਪਣੀਆਂ ਪ੍ਰਾਪਤੀਆਂ ਨੂੰ ਜਾਰੀ ਰੱਖਦਿਆਂ ਸੂਬੇ ਦੇ ਸਿਖਰਲੇ ਤਿੰਨ ਸਥਾਨਾਂ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਹੈ। ਸ਼੍ਰੀ ਥੋਰੀ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਜਲੰਧਰ ਨੇ ਮਨਰੇਗਾ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ। ਘਨਸ਼ਿਆਮ ਥੋਰੀ ਵੱਲੋਂ ਕੋਵਿਡ -19 ਮਹਾਂਮਾਰੀ ਕਾਰਨ ਪੈਦਾ ਹੋਈਆਂ ਨਵੀਆਂ ਚੁਣੌਤੀਆਂ, ਜਿਨ੍ਹਾਂ ਪੂਰੇ ਦੇਸ਼ ਵਿੱਚ ਤੂਫਾਨ ਲਿਆ ਦਿੱਤਾ ਸੀ, ਦੇ ਵਿਚਕਾਰ ਇਹ ਅਹੁਦਾ ਸੰਭਾਲਿਆ ਗਿਆ ਸੀ। ਇੰਨੇ ਵੱਡੇ ਜ਼ਿਲ੍ਹੇ ਦਾ ਪ੍ਰਬੰਧ ਕਰਨਾ ਇਕ ਮੁਸ਼ਕਲ ਲੜਾਈ ਸੀ, ਜੋ ਕਿ ਵਿਦੇਸ਼ਾਂ ਤੋਂ ਲੋਕਾਂ ਦੀ ਆਮਦ ਦੇ ਨਾਲ ਇਕ ਐਨ.ਆਰ.ਆਈ. ਹੱਬ ਵੀ ਹੈ।

Advertisements

 ਸ਼੍ਰੀ ਥੋਰੀ ਨੇ ਜ਼ਿਲ੍ਹੇ ਵਿੱਚ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਸਮਰੱਥਾ ਵਧਾਉਣ ਦੇ ਉਪਰਾਲਿਆਂ ‘ਤੇ 24 ਘੰਟੇ ਕੰਮ ਕੀਤਾ, ਜਿਸ ਨੇ ਦੂਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਸਹਾਇਤਾ ਕੀਤੀ। ਬਦਕਿਸਮਤੀ ਨਾਲ ਜਲੰਧਰ ਰਾਜ ਦਾ ਇਕੋ ਇਕ ਮਹੱਤਵਪੂਰਣ ਜ਼ਿਲ੍ਹਾ ਹੈ, ਜੋ ਪੂਰੀ ਤਰ੍ਹਾਂ ਸੰਚਾਲਿਤ ਮੈਡੀਕਲ ਕਾਲਜ ਤੋਂ ਬਿਨਾਂ ਕੋਵਿਡ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ। ਐਸ.ਡੀ.ਆਰ.ਐਫ. ਫੰਡਾਂ ਦੇ ਨਾਲ ਸ਼੍ਰੀ ਥੋਰੀ ਦੀ ਮੁੱਖ ਮੰਤਰੀ ਦੀ ਦੂਰਦਰਸ਼ਾ ਪ੍ਰਤੀ ਵਚਨਬੱਧਤਾ ਨੇ ਉਨ੍ਹਾਂ ਨੂੰ ਸੀ.ਐਸ.ਆਰ. ਫੰਡਾਂ ਨੂੰ ਜੁਟਾਉਣ ਲਈ ਉਤਸ਼ਾਹਿਤ ਕੀਤਾ, ਜਿਸ ਦੀ ਵਰਤੋਂ ਸਿਵਲ ਹਸਪਤਾਲ ਜਲੰਧਰ ਵਿੱਚ ਪੂਰਨ ਟਰਸ਼ਰੀ ਦੇਖਭਾਲ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਕੀਤੀ ਗਈ, ਜਿਸ ਨਾਲ ਇਹ ਹਸਪਤਾਲ ਦੁਆਬਾ ਖੇਤਰ ਦੇ ਮਰੀਜ਼ਾਂ, ਗੁਆਂਢੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਲੋੜਵੰਦ ਮਰੀਜ਼ਾਂ ਨੂੰ ਵੀ ਇਲਾਜ ਮੁਹੱਈਆ ਕਰਵਾਉਣ ਵਿੱਚ ਕਿਸੇ ਮੈਡੀਕਲ ਕਾਲਜ ਤੋਂ ਘੱਟ ਨਹੀਂ ਰਿਹਾ।

 ਸਿਵਲ ਹਸਪਤਾਲ, ਜਲੰਧਰ ਵਿਖੇ ਲੈਵਲ 2 ਅਤੇ ਲੈਵਲ 3 ਹਸਪਤਾਲ ਸਮਰੱਥਾ ਵਿੱਚ ਵਾਧਾ ਕਰਨ ਲਈ ਵੱਡੇ ਪੱਧਰ ‘ਤੇ ਸੀਐਸਆਰ ਜੁਟਾਉਣ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਪੀ.ਐਸ.ਏ. ਪਲਾਂਟ ਸਥਾਪਤ ਕਰਨ ਲਈ ਪ੍ਰੇਰਿਤ ਕਰਨ ਵਿੱਚ ਸਫ਼ਲਤਾ ਕੀਤੀ ਗਈ। ਪਿਛਲੇ ਸਾਲ ਦੌਰਾਨ ਜ਼ਿਲ੍ਹਾ ਜਲੰਧਰ ਵੱਲੋਂ ਸਮੁੱਚੇ ਵੱਡੇ ਜ਼ਿਲ੍ਹਿਆਂ ਦੇ ਮੁਕਾਬਲੇ ਪੀ.ਐਸ.ਏ. ਪਲਾਂਟਾਂ ਦੀ ਸਮਰੱਥਾ ਵਿੱਚ ਵੱਧ ਤੋਂ ਵੱਧ ਵਾਧਾ ਦਰਜ ਕੀਤਾ ਹੈ। ਸਿੱਟੇ ਵਜੋਂ ਜਲੰਧਰ ਨਾ ਸਿਰਫ਼ ਆਪਣੇ ਮਰੀਜ਼ਾਂ ਦਾ ਭਾਰ ਸਹਿਣ ਕਰਨ ਦੇ ਯੋਗ ਹੈ ਸਗੋਂ ਦਿੱਲੀ ਐਨ.ਸੀ.ਆਰ., ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰੀ ਰਾਜਸਥਾਨ ਤੋਂ ਆਏ ਕੋਵਿਡ ਮਰੀਜ਼ਾਂ ਨੂੰ ਸੰਭਾਲਣ ਦੇ ਸਮਰੱਥ ਹੈ ਸੀ.ਐਸ.ਆਰ. ਤਹਿਤ ਇਕ ਕਰੋੜ ਤੋਂ ਵੱਧ ਰਕਮ ਕੋਵਿਡ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਅਤੇ ਉਨ੍ਹਾਂ ਦੇ ਇਲਾਜ ਦੀ ਪੂਰਕ ਲਾਗਤ ਨੂੰ ਵਧਾਉਣ ਲਈ ਜੁਟਾਈ ਗਈ, ਜੋ ਇਸ ਨੂੰ ਸਹਿਣ ਕਰਨ ਵਿੱਚ ਸਮਰੱਥ ਨਹੀਂ ਸਨ।  ਪਿਛਲੇ ਸਾਲ ਕੋਵਿਡ ਸੰਕਟ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਤੀ ਸਹਾਇਤਾ ਰਾਹੀਂ 150 ਤੋਂ ਵੱਧ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਗਿਆ।

            ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਜਲੰਧਰ ਜ਼ਿਲ੍ਹੇ ਵਿਚ “ਜ਼ੀਰੋ ਪੈਂਡੈਂਸੀ ਪਹੁੰਚ” ਨੂੰ ਡਿਜ਼ਾਇਨ ਅਤੇ ਲਾਗੂ ਕਰਕੇ ਪਬਲਿਕ ਡਲਿਵਰੀ ਸਿਸਟਮ ਉੱਤੇ ਧਿਆਨ ਕੇਂਦਰਿਤ ਕਰਨ ‘ਤੇ ਜ਼ੋਰ ਦਿੱਤਾ ਗਿਆ। ਇਸ ਪਹਿਲਕਦਮੀ ਨੇ ਯਕੀਨੀ ਬਣਾਇਆ ਕਿ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੀ ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਜ਼ਿਲ੍ਹੇ ਵਿੱਚ 0.01% ਤੋਂ ਵੀ ਘੱਟ ਕੇਸ ਪੈਂਡਿੰਗ ਹਨ। ਪਬਲਿਕ ਡਲਿਵਰੀ ਸਿਸਟਮ ਅਤੇ ਪਬਲਿਕ ਗ੍ਰੀਵਐਂਸ ਰਿਡਰੈਸਲ ਵਿੱਚ ਪ੍ਰਧਾਨ ਮੰਤਰੀ ਐਵਾਰਡ ਆਫ਼ ਐਕਸੀਲੈਂਸ ਦੇ ਅੰਤਿਮ ਦੌਰ ਲਈ ਵੀ ਇਹ ‘ਪਹੁੰਚ’ ਵਿਚਾਰ ਅਧੀਨ ਹੈ। ਪਿਛਲੇ ਇਕ ਸਾਲ ਦੌਰਾਨ ਇਸ ਪੁਰਸਕਾਰ ਲਈ ਮੁਕਾਬਲਾ ਕਰਨ ਵਾਲਾ ਜਲੰਧਰ ਪੰਜਾਬ ਦਾ ਇਕਲੌਤਾ ਜ਼ਿਲ੍ਹਾ ਹੈ। ਇਸ ਪ੍ਰਕਿਰਿਆ ਨਵੀਨਤਾ ਨੂੰ ਸਕਾਚ ਐਵਾਰਡ 2020 ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ। ਮੌਜੂਦਾ ਸਮੇਂ ਸੂਬੇ ਵਿੱਚ ਜਨਤਕ ਸੇਵਾਵਾਂ ਲਈ ਅਰਜ਼ੀਆਂ ਦੀ ਪੈਂਡੈਂਸੀ ਨੂੰ ਘੱਟ ਕਰਨ ਲਈ ਪ੍ਰਕਿਰਿਆਵਾਂ ਨੂੰ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਦੁਹਰਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਰਾਜ ਸਰਕਾਰ ਦੀਆਂ ਸਮੁੱਚੀਆਂ ਪ੍ਰਮੁੱਖ ਯੋਜਨਾਵਾਂ ਜਿਵੇਂ ਕਿ ਐਮ.ਜੀ.ਐੱਸ.ਵੀ.ਵਾਈ, ਘਰ-ਘਰ ਰੋਜ਼ਗਾਰ, ਕਿਸਾਨਾਂ ਲਈ ਕਰਜ਼ਾ ਰਾਹਤ ਪ੍ਰੋਗਰਾਮ, ਗਾਰਡੀਅਨਜ਼ ਆਫ ਗਵਰਨੈਂਸ, ਮਨਰੇਗਾ, ਬੇਘਰਾਂ ਲਈ ਘਰ ਆਦਿ ਨੂੰ ਲਾਗੂ ਕਰਨ ਲਈ ਸਖ਼ਤ ਯਤਨ ਕੀਤੇ ਗਏ। ਜ਼ਿਲ੍ਹਾ ਸਰਬੱਤ ਸਿਹਤ ਬੀਮਾ ਯੋਜਨਾ ਵਿਚ ਸਿਰਫ਼ ਤਿੰਨ ਮਹੀਨਿਆਂ ਵਿਚ ਜ਼ਿਕਰਯੋਗ 40 ਪ੍ਰਤੀਸ਼ਤ ਕਵਰੇਜ ਕਰਕੇ 13ਵੇਂ ਰੈਂਕ ਤੋਂ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ, ਉਹ ਵੀ ਕੋਵਿਡ 19 ਮਹਾਂਮਾਰੀ ਦੇ ਦੌਰਾਨ। ਇਸੇ ਤਰ੍ਹਾਂ, ਪੰਜਾਬ ਭਰ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਮਾਮਲੇ ਵਿੱਚ ਮੈਗਾ ਰੋਜ਼ਗਾਰ ਮੇਲਿਆਂ ਰਾਹੀਂ ਜਲੰਧਰ ਲਗਾਤਾਰ ਸੂਬੇ ਦੀ ਮਹੀਨਾਵਾਰ ਪ੍ਰਗਤੀ ਰਿਪੋਰਟ ਵਿੱਚ ਚੋਟੀ ਦੇ 3 ਜ਼ਿਲ੍ਹਿਆਂ ਵਿੱਚ ਸ਼ੁਮਾਰ ਹੈ।

            ਜਲੰਧਰ ਵੱਖ-ਵੱਖ ਵਿਕਾਸ ਮੁਖੀ ਸਕੀਮਾਂ ਜਿਵੇਂ ਕਿ ਸਮਾਰਟ ਵਿਲੇਜ ਮੁਹਿੰਮ (ਪੜਾਅ 1 ਅਤੇ ਪੜਾਅ-2) ਅਤੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਫੇਜ-1 ਅਤੇ ਫੇਜ-2 ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਾ ਜ਼ਿਲ੍ਹਾ ਬਣ ਸਕਿਆ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀ ਦੇਖ ਰੇਖ ਵਿੱਚ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਫੇਜ-1 ਤਹਿਤ ਕੀਤੇ ਜਾਣ ਵਾਲੇ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਫੇਜ-2 ਤਹਿਤ 35 ਫੀਸਦ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤੇ ਜਾ ਚੁੱਕੇ ਹਨ। ਜਲੰਧਰ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਵਿਕਾਸ ਕਾਰਜ ਵੀ ਸਮੇਂ ਸਿਰ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੀਆਈਡੀਬੀ, ਆਰਡੀਐਫ,ਐਮਪੀ ਲੈਡ ਤਹਿਤ ਕੀਤੇ ਜਾਣ ਵਾਲੇ ਕੰਮਾਂ ਦੀ ਲਗਾਤਾਰ ਨਿਗਰਾਨੀ ਕੀਤੀ ਗਈ ਅਤੇ ਤਕਨਾਲੌਜੀ ਦੁਆਰਾ ਅੰਕੜਿਆਂ ਦਾ ਵਿਸ਼ਲੇਸ਼ਣ ਕਰਦਿਆਂ ਵਰਤੋਂ ਸਰਟੀਫਿਕੇਟ ਇਕੱਤਰ ਕਰਕੇ ਸਮੇਂ ਸਿਰ ਵਾਪਿਸ ਭੇਜੇ ਗਏ ਹਨ। ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿੱਚ ਮਾਲੀਏ ਨਾਲ ਸਬੰਧਿਤ ਕੇਸਾਂ ਦਾ ਫਾਸਟ ਟਰੈਕ ਰਾਹੀਂ ਸਾਰੀਆਂ ਸਬੰਧਿਤ ਧਿਰਾਂ ਨੂੰ ਸ਼ਾਮਿਲ ਕਰਦੇ ਹੋਏ ਨਿਪਟਾਰਾ ਕੀਤਾ ਗਿਆ ਹੈ। ਹਾਲ ਹੀ ਵਿੱਚ ਕੋਵਿਡ-19 ਕਰਕੇ ਅਦਾਲਤਾਂ ਦਾ ਕੰਮ ਕਾਜ ਬੰਦ ਹੋਣ ’ਤੇ ਕੇਵਲ 40 ਪੁਰਾਣੇ ਕੇਸ ਅਦਾਲਤ ਵਿੱਚ ਆਏ ਹਨ, ਇਨਾਂ ਦਾ ਵੀ ਅਦਾਲਤਾਂ ਦਾ ਕੰਮ ਸ਼ੁਰੂ ਹੋਣ ’ਤੇ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 140 ਕੇਸ ਜੋ ਕਿ ਪਿਛਲੇ ਇਕ ਸਾਲ ਤੋਂ ਬਕਾਇਆ ਪਏ ਸਨ, ਵੀ ਡਿਪਟੀ ਕਮਿਸ਼ਨਰ ਵਲੋਂ ਪਹਿਲਾਂ ਹੀ ਨਿਪਟਾਏ ਜਾ ਚੁੱਕੇ ਹਨ। “ਭਾਵੇਂ ਕਿ ਜਲੰਧਰ ਪ੍ਰਸ਼ਾਸਨ ਨੂੰ ਪਿਛਲੇ ਇਕ ਸਾਲ ਤੋਂ ਕੋਵਿਡ-19 ਮਹਾਂਮਾਰੀ ਕਰਕੇ  ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਮੇਰੀ ਬਹੁਤ ਹੀ ਮਿਹਨਤੀ ਟੀਮ ਨੇ ਮੈਨੂੰ ਆਪਣੀ ਡਿਊਟੀ ਨੂੰ ਵਧੀਆ ਢੰਗ ਨਾਲ ਨਿਭਾਉਣ ਵਿੱਚ ਸਹਿਯੋਗ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਂ ਸਾਰੇ ਜ਼ਿਲ੍ਹਾ ਵਾਸੀਆਂ ਦਾ ਵੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਅਤੇ ਸਥਿਤੀਆਂ ਨੂੰ ਸਮਝਣ ਲਈ ਧੰਨਵਾਦ ਕਰਦਾ ਹਾਂ।

ਡਿਪਟੀ ਕਮਿਸ਼ਨਰ ਵੱਲੋਂ ਟਾਂਡਾ ਰੋਡ ਰੇਲਵੇ ਫਾਟਕ ਵਿਖੇ ਰੇਲਵੇ ਅੰਡਰ ਬ੍ਰਿਜ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ, ਜਿਸ ਨੂੰ ਉਚ ਅਧਿਕਾਰੀਆਂ ਵੱਲੋਂ ਪ੍ਰਵਾਨਗੀ ਮਿਲ ਗਈ ਹੈ। ਰੈਡ ਕਰਾਸ ਸੁਸਾਇਟੀ ਵਿਖੇ ਆਕਸੀਜਨ ਕਨਸਨਟਰੇਟਰਜ਼ ਬੈਂਕ ਬਣਾਇਆ ਗਿਆ ,ਜਿਸ ਵਲੋਂ 110 ਮਰੀਜ਼ਾਂ ਨੂੰ ਘਰਾਂ ਵਿੱਚ ਹੀ ਜਲੰਧਰ ਵਿਖੇ ਵਾਜਬ ਕੀਮਤ ’ਤੇ ਆਕਸੀਜਨ ਦੀ ਮਦਦ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੇੜਲੇ ਜਿਲ੍ਹਿਆਂ ਦੇ ਲੋੜਵੰਦਾਂ ਨੂੰ ਵੀ ਆਕਸੀਜਨ ਸਪਲਾਈ ਕੀਤੀ ਗਈ। ਜ਼ਿਲ੍ਹੇ ਵਿੱਚ ਆਕਸੀਜਨ ਸਪਲਾਈ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਆਕਸੀਜਨ ਜਨਰੇਸ਼ਨ ਪਲਾਟਾਂ ਵਿਖੇ ਪੁਲਿਸ ਕਰਮੀ ਤਾਇਨਾਤ ਕੀਤੇ ਗਏ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨੂੰ ਪੀਐਸਏ ਅਧਾਰਿਤ ਆਕਸੀਜਨ ਪਲਾਂਟ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਸਦਕਾ ਸੱਤ ਵੱਡੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਪਣੇ ਹਸਪਤਾਲਾਂ ਵਿੱਚ ਇਹ ਪਲਾਂਟ ਲਗਾਏ ਗਏ। ਜਲੰਧਰ ਸਿਵਲ ਹਸਪਤਾਲ ਨੂੰ ਪਹਿਲਾ ਆਕਸੀਜਨ ਜਨਰੇਸ਼ਨ ਪਲਾਂਟ ਮਿਲਿਆ ਅਤੇ ਇਕ ਹੋਰ ਪਲਾਂਟ ਹਸਪਤਾਲ ਚੱਲ ਰਿਹਾ ਹੈ, ਜਿਸ ਦਾ ਮੁੱਖ ਮੰਤਵ ਜਲੰਧਰ ਨੂੰ ਆਕਸੀਜਨ ਬਣਾਉਣ ਵਿੱਚ ਆਤਮ ਨਿਰਭਰ ਬਣਾਉਣਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਮੁਨਾਫ਼ਾਖੋਰੀ, ਕਾਲਾ ਬਾਜ਼ਾਰੀ ਅਤੇ ਕੋਵਿਡ ਸੰਭਾਲ ਸੰਸਥਾਵਾਂ ਵਿੱਚ ਖਾਮੀਆਂ ਨੂੰ ਰੋਕਣ ਲਈ, ਜੋ ਇਨਾਂ ਖਾਮੀਆਂ ਨੂੰ ਉਜਾਗਰ ਕਰੇਗਾ, ਉਸ ਨੂੰ ਡਿਪਟੀ ਕਮਿਸ਼ਨਰ ਵਲੋਂ 25000 ਰੁਪਏ ਦੇ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਅਜਿਹੇ ਸਟਿੰਗ ਅਪਰੇਸ਼ਨ ਕਰਕੇ ਐਫ.ਆਈ.ਆਰ ਦਰਜ ਕਰਵਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

ਕੋਵਿਡ-19 ਦੇ ਕੇਸਾਂ ਵਿੱਚ ਕਮੀ ਲਿਆਉਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਲਈ ਜਲੰਧਰ ਕੋਵਿਡ-19 ਪਾਬੰਦੀਆਂ ਵਿੱਚ ਵੱਧ ਰਾਹਤ ਦੇਣ ਵਾਲਾ ਪਹਿਲਾ ਜ਼ਿਲ੍ਹਾ ਬਣਿਆ। ਕਾਰੋਬਾਰ ਨੂੰ ਚਲਾਉਣ ਲਈ 5 ਘੰਟੇ ਵੱਧ ਸਮਾਂ ਦੇਣ ਨਾਲ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲਿਆ ਅਤੇ ਇਸ ਨਾਲ ਆਰਥਿਕ ਖਪਤ ਨੂੰ ਵਧਾਉਣ ਅਤੇ ਵੱਧ ਮਾਲੀਆ ਇਕੱਤਰ ਕਰਨ ਵਿੱਚ ਮਦਦ ਮਿਲੀ। ਇਸ ਸਮੇਂ ਦੌਰਾਨ ਜਲੰਧਰ ਕੋਵਿਡ ਦੇ ਕੇਸਾਂ ਵਿੱਚ ਕਮੀ ਲਿਆਉਣ ਦੇ ਨਾਲ ਨਾਲ ਮੌਤ ਦੇ ਮਾਮਲਿਆਂ ਵਿੱਚ ਵੀ ਕਮੀ ਲਿਆ ਸਕਿਆ। ਡਿਪਟੀ ਕਮਿਸ਼ਨਰ ਜਲੰਧਰ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਸੁਚੱਜੇ ਤੇ ਅਣਥੱਕ ਯਤਨਾਂ ਸਦਕਾ ਜਲੰਧਰ ਸੂਬੇ ਵਿੱਚ ਬਿਨਾਂ ਕਿਸੇ ਮੈਡੀਕਲ ਕਾਲਜ ਦੇ ਕੋਵਿਡ ਦੇ ਇਲਾਜ ਲਈ ਇਕ ਹੱਬ ਵਜੋਂ ਵਿਕਸਿਤ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਯਤਨਾਂ ਸਦਕਾ ਜ਼ਿਲ੍ਹਾ ਜਲੰਧਰ ਕੋਵਿਡ ਕਰਕੇ ਹੋਣ ਵਾਲੀਆਂ ਮੌਤਾਂ ਵਿੱਚ ਸੂਬੇ ਭਰ ਵਿੱਚ ਪਿਛਲੇ ਸਾਲ ਸਤਵੇਂ ਰੈਂਕ ਤੋਂ ਪਿਛਲੇ ਹਫ਼ਤੇ 18ਵੇਂ ਰੈਂਕ ’ਤੇ ਆ ਸਕਿਆ। ਸੂਬੇ ਭਰ ਵਿੱਚ ਜਲੰਧਰ ਵਲੋਂ 5.80 ਲੱਖ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਜਦ ਕਿ ਦੂਜੇ ਨੰਬਰ ’ਤੇ ਕੇਵਲ ਲੁਧਿਆਣਾ ਜ਼ਿਲ੍ਹੇ ਵੱਲੋਂ ਹੀ ਇਹ ਵੈਕਸੀਨ ਲਗਾਈ ਗਈ।

LEAVE A REPLY

Please enter your comment!
Please enter your name here