ਹੁਸ਼ਿਆਰਪੁਰ ‘ਚ ਪਿਛਲੇ ਲੰਬੇ ਸਮੇਂ ਤੋਂ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਘਰ ਬਣਾ ਕੇ ਦੇ ਰਹੀ ਸੰਸਥਾ: ਜੱਗੀ

ਮੁਕੇਰੀਆਂ (ਪ੍ਰਵੀਨ ਸੋਹਲ): ‘ਹੋਮ ਫਾਰ ਦਾ ਹੋਮਲੈੱਸ’ ਵਲੋਂ ਹਲਕਾ ਮੁਕੇਰੀਆਂ ਦੇ ਪਿੰਡ ਬਰਿਆਹਾਂ ਵਿਖੇ 53ਵੇਂ ਘਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਵਰਿੰਦਰ ਪਰਿਹਾਰ ਅਤੇ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਸੀਨੀਅਰ ਆਗੂ ਸੁਲੱਖਣ ਸਿੰਘ ਜੱਗੀ ਨੇ ਸਾਂਝੇ ਤੌਰ ਤੇ ਨਿਭਾਈ।

Advertisements

ਇਸ ਸਮੇਂ ਵਧੇਰੇ ਜਾਣਕਾਰੀ ਦਿੰਦੇ ਹੋਏ ‘ਹੋਮ ਫਾਰ ਦਾ ਹੋਮਲੈੱਸ’ ਸੰਸਥਾ ਦੇ ਮੁੱਖੀ ਵਰਿੰਦਰ ਪਰਿਹਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਸੰਸਥਾ ਵੱਲੋਂ 52 ਘਰ ਬਣਾ ਕੇ ਜ਼ਰੂਰਤਮੰਦ ਲੋਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇੱਕ ਘਰ ‘ਤੇ ਆਉਣ ਵਾਲਾ ਸਾਰਾ ਖ਼ਰਚ ਐਨਆਰਆਈ ਅਤੇ ਸਮਾਜਸੇਵੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਪਰਿਹਾਰ ਨੇ ਅੱਗੇ ਦੱਸਿਆ ਕਿ ਸੰਸਥਾ ਵੱਲੋਂ 250 ਮਕਾਨ ਬਣਾ ਕੇ ਲੋੜਵੰਦ ਲੋਕਾਂ ਨੂੰ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਜਦਕਿ ਸਾਲ 2021 ਦੇ ਅੰਤ ਤੱਕ 101 ਘਰ ਬਣਾਉਣ ਦਾ ਮਿਸ਼ਨ ਤੈਅ ਕੀਤਾ ਗਿਆ ਹੈ।
ਇਸ ਸਮੇਂ ਗੱਲਬਾਤ ਕਰਦੇ ਹੋਏ ਸੁਲੱਖਣ ਸਿੰਘ ਜੱਗੀ ਨੇ ਰੋਸ ਪ੍ਰਗਟਾਇਆ ਕਿ ਚੋਣਾਂ ਸਮੇਂ ਸੂਬੇ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਵੋਟਾਂ ਲੈਣ ਵਾਲੇ ਨੇਤਾ ਲੋੜ ਪੈਣ ਤੇ ਪਿੱਠ ਵਿਖਾ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਸਮੇਂ ਦੀਆਂ ਸਰਕਾਰਾਂ ਵੋਟਾਂ ਲੈਣ ਲਈ ਲੋਕਾਂ ਤੋਂ ਫ਼ਾਇਲਾਂ ਬਣਵਾ ਕੇ ਲੰਬਾ ਸਮਾਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਕਰਦੀਆਂ ਹਨ ਤੇ ਫਿਰ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ ਉੱਥੇ ‘ਹੋਮ ਫਾਰ ਦਾ ਹੋਮਲੈੱਸ’ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਨਿਸ਼ਕਾਮ ਸੇਵਾ ਕਰਦੇ ਹੋਏ ਗਰੀਬਾਂ ਤੇ ਬੇਸਹਾਰਿਆਂ ਦਾ ਆਸਰਾ ਬਣ ਕੇ ਸੱਚਾ ਫ਼ਰਜ਼ ਅਦਾ ਕਰ ਰਹੀਆਂ ਹਨ। ਉਨ੍ਹਾਂ ਇਲਾਕਾ ਵਾਸੀਆਂ ਨੂੰ ‘ਹੋਮ ਫਾਰ ਹੋਮਲੈੱਸ’ ਸੰਸਥਾ ਨਾਲ ਜੁੜ ਕੇ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਤਰਲੋਕ ਸਿੰਘ, ਪੰਚ ਪੁਸ਼ਪਿੰਦਰ ਸਿੰਘ, ਪੰਚ ਸੁਖਦੇਵ ਸਿੰਘ, ਸੂਬੇਦਾਰ ਜੈ ਸਿੰਘ, ਨਾਨਕ ਸਿੰਘ, ਪਦਮ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here