ਵਿਜੀਲੈਂਸ ਬਿਊਰੋ ਵੱਲੋਂ ਭਰਤੀ ਘੁਟਾਲੇ ਦਾ ਪਰਦਾਫਾਸ਼, 4 ਦੋਸ਼ੀ ਗ੍ਰਿਫ਼ਤਾਰ : ਬੀ.ਕੇ. ਉੱਪਲ

ਚੰਡੀਗੜ੍ਹ, 15 ਜੁਲਾਈ: ਪੰਜਾਬ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਇੱਕ ਭਰਤੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਲਿਆ ਗਿਆ ਹੈ ਅਤੇ ਮੁਲਜ਼ਮਾਂ ਕੋਲੋਂ 50,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਹੈ। ਮੁਲਜ਼ਮ ਵਿੱਚ ਸ਼ਾਮਲ ਪਿਰਥੀਪਾਲ ਸਿੰਘ ਮਲਟੀਪਰਪਜ਼ ਹੈਲਥ (ਐਮ.ਪੀ.ਐੱਚ) ਵਰਕਰ, ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਢੋਟੀਆਂ ਵਿਖੇ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.) ਤਾਇਨਾਤ ਹੈ ਅਤੇ  ਉਸ ਦੇ ਸਾਥੀਆਂ ਮਲਕੀਅਤ ਸਿੰਘ, ਪਿੰਡ ਵਰਪਾਲ, ਜ਼ਿਲ੍ਹਾ ਅੰਮ੍ਰਿਤਸਰ, ਸੁਖਵੰਤ ਸਿੰਘ ਲੁਧਿਆਣਾ ਅਤੇ ਹਰਪਾਲ ਸਿੰਘ ਸਰਪੰਚ ਪਿੰਡ ਕੱਦ ਗਿੱਲ, ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Advertisements

ਇਸ ਸਬੰਧੀ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਸ੍ਰੀ ਬੀ ਕੇ ਉੱਪਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਰਿੰਦਰਪਾਲ ਸਿੰਘ ਵਸਨੀਕ ਮੁਹੱਲਾ ਜਸਵੰਤ ਸਿੰਘ ਨਗਰ, ਤਰਨ ਤਾਰਨ ਨੇ ਦੋਸ਼ ਲਾਇਆ ਹੈ ਕਿ ਸ਼ੱਕੀ ਪਿਰਥੀਪਾਲ ਸਿੰਘ ਐਮਪੀਐਚ ਵਰਕਰ, ਪਿੰਡ ਢੋਟੀਆਂ ਜਿਲਾ ਤਰਨ ਤਾਰਨ ਉਸ ਨੂੰ ਜਾਣਦਾ ਸੀ ਅਤੇ ਉਸ ਨੂੰ (ਸ਼ਿਕਾਇਤਕਰਤਾ) ਸਰਕਾਰੀ ਨੌਕਰੀ ਵਿੱਚ ਭਰਤੀ ਕਰਵਾਉਣ ਦੀ ਪੇਸ਼ਕਸ਼ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਪੇਸ਼ਕਸ਼ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ, ਸਗੋਂ ਉਸਨੇ ਆਪਣੇ ਰਿਸ਼ਤੇਦਾਰ ਹਰਮਨਦੀਪ ਸਿੰਘ ਵਾਸੀ ਪਿੰਡ ਚੱਕ ਸਿਕੰਦਰ ਜ਼ਿਲ੍ਹਾ ਤਰਨ ਤਾਰਨ ਨੂੰ ਸਰਕਾਰੀ ਨੌਕਰੀ ‘ਤੇ ਭਰਤੀ ਕਰਵਾਉਣ ਲਈ ਕਿਹਾ।

ਉਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ, ਪਿਰਥੀਪਾਲ ਸਿੰਘ ਸ਼ਿਕਾਇਤਕਰਤਾ ਬਰਿੰਦਰਪਾਲ ਸਿੰਘ ਨੂੰ ਮਲਕੀਤ ਸਿੰਘ ਕੋਲ ਲੈ ਗਿਆ, ਜਿਸ ਨੇ ਆਪਣੇ ਆਪ ਨੂੰ ਪਰਸੋਨਲ ਵਿਭਾਗ, ਪੰਜਾਬ ਦਾ ਇੱਕ ਮੁਲਾਜ਼ਮ ਦੱਸਿਆ। ਉਦੋਂ ਦੋਵੇਂ ਵਿਅਕਤੀਆਂ ਨੇ ਇਸ ਭਰਤੀ ਲਈ ਸ਼ਿਕਾਇਤਕਰਤਾ ਤੋਂ 3,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਪੇਸ਼ਗੀ ਰਿਸ਼ਵਤ ਵਜੋਂ  1,75,000 ਰੁਪਏ ਦੀ ਮੰਗ ਕੀਤੀ।

ਵਿਜੀਲੈਂਸ ਮੁਖੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਪਿਰਥੀਪਾਲ ਸਿੰਘ ਨੇ ਪਹਿਲਾਂ ਹੀ ਸ਼ਿਕਾਇਤਕਰਤਾ ਪਾਸੋਂ ਮਿਤੀ 05.07.2021 ਨੂੰ 10,000 ਰੁਪਏ ਦੀ ਰਿਸ਼ਵਤ ਲੈ ਲਈ ਸੀ। ਇਸ ਤੋਂ ਬਾਅਦ, ਸ਼ਿਕਾਇਤਕਰਤਾ ਨੂੰ ਪਿਰਥੀਪਾਲ ਸਿੰਘ ਦਾ ਫੋਨ ਆਇਆ, ਜਿਸ ਵਿੱਚ ਉਸਨੇ ਭਰਤੀ ਕਾਰਵਾਈ ਸ਼ੁਰੂ ਕਰਨ ਲਈ ਅਡਵਾਂਸ ਵਜੋਂ 1,75,000 ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ, ਦੋਸ਼ੀ ਪਿਰਥਪਾਲ ਸਿੰਘ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇ ਉਸ ਕੋਲੋਂ ਪੂਰੀ ਰਕਮ ਦਾ ਪ੍ਰਬੰਧ ਨਹੀਂ ਹੈ ਤਾਂ ਉਹ ਇੱਕ ਲੱਖ ਰੁਪਏ ਜਾਂ ਸਿਰਫ 50,000 ਰੁਪਏ ਦੇਵੇ।

ਇਸ ਤੋਂ ਇਲਾਵਾ, ਬੀ.ਕੇ. ਉੱਪਲ ਨੇ ਖੁਲਾਸਾ ਕੀਤਾ ਕਿ ਸ਼ਿਕਾਇਤਕਰਤਾ ਆਪਣੇ ਰਿਸ਼ਤੇਦਾਰ ਨੂੰ ਰਿਸ਼ਵਤ ਦੇ ਕੇ ਸਰਕਾਰੀ ਨੌਕਰੀ ਵਿਚ ਭਰਤੀ ਨਹੀਂ ਕਰਵਾਉਣਾ ਚਾਹੁੰਦਾ ਸੀ, ਪਰ ਉਹ ਇਸ ਸਾਰੇ ਘੁਟਾਲੇ ਦਾ ਪਰਦਾਫਾਸ਼ ਕਰਨਾ ਚਾਹੁੰਦਾ ਸੀ। ਇਸ ਲਈ ਸ਼ਿਕਾਇਤਕਰਤਾ ਨੇ ਅੰਮ੍ਰਿਤਸਰ ਦੇ ਵਿਜੀਲੈਂਸ ਬਿਊਰੋ ਰੇਂਜ ਵਿੱਚ ਸੰਪਰਕ ਕੀਤਾ ਅਤੇ ਦੱਸਿਆ ਕਿ ਮੁਲਜ਼ਮ ਪਿਰਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਉਸ ਕੋਲੋਂ 50,000 ਰੁਪਏ ਦੀ ਹੋਰ ਕਿਸ਼ਤ ਦੀ ਮੰਗ ਕਰ ਰਹੇ ਹਨ।

ਇਸ ਤੋਂ ਬਾਅਦ ਹਰਜਿੰਦਰ ਸਿੰਘ, ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਨੇ ਜਾਲ ਵਿਛਾ ਕੇ ਐਮਪੀਐਚ ਵਰਕਰ ਪ੍ਰਿਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਪਾਸੋਂ ਦੂਜੀ ਕਿਸ਼ਤ ਵਜੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਦੋਸ਼ੀ ਪ੍ਰਿਥੀਪਾਲ ਸਿੰਘ ਐਮਪੀਐਚ ਵਰਕਰ ਅਤੇ ਉਸਦੇ ਸਾਥੀ ਮਲਕੀਅਤ ਸਿੰਘ ਵਾਸੀ ਪਿੰਡ ਵਰਪਾਲ, ਜ਼ਿਲ੍ਹਾ ਅੰਮ੍ਰਿਤਸਰ ਨੇ ਖੁਲਾਸਾ ਕੀਤਾ ਹੈ ਕਿ ਇਸ ਸਮੇਂ ਲੁਧਿਆਣਾ ਰਹਿ ਰਿਹਾ ਸੁਖਵੰਤ ਸਿੰਘ ਉਥੋਂ ਹੀ ਕੰਮ ਕਰ ਰਿਹਾ ਹੈ ਜੋ ਉਨ੍ਹਾਂ ਦੇ ਗਿਰੋਹ ਦਾ ਮੁਖੀ ਹੈ ਅਤੇ ਆਮ ਲੋਕਾਂ ਤੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਭਰਤੀ ਦੇ ਨਾਂਅ `ਤੇ ਧੋਖੇ ਨਾਲ ਪੈਸੇ ਠੱਗਦਾ ਹੈ।

ਇਸ ਤੋਂ ਇਲਾਵਾ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਸ਼ਿਕਾਇਤਰਤਾ ਤੋਂ ਉਸਦੇ ਰਿਸ਼ਤੇਦਾਰ ਨੂੰ ਪੀ.ਐਸ.ਪੀ.ਸੀ.ਐਲ. ਵਿੱਚ ਹੈਲਪਰ ਵਜੋਂ ਭਰਤੀ ਕਰਾਉਣ ਲਈ 3.5 ਲੱਖ ਰੁਪਏ ਲਏ ਹਨ ਅਤੇ ਇਸ ਰਾਸ਼ੀ ਵਿਚੋਂ ਉਸ ਦੇ ਸਾਥੀ ਸੁਖਵੰਤ ਸਿੰਘ 3 ਲੱਖ ਰੁਪਏ ਜਦਕਿ ਪ੍ਰਿਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਨੂੰ 25-25 ਹਜ਼ਾਰ ਰੁਪਏ ਮਿਲੇ।

ਉਸਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਮਲਕੀਅਤ ਸਿੰਘ ਅਤੇ ਮੁੱਖ ਸਰਗਨੇ ਸੁਖਵੰਤ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਲੀਆਂ ਦੇ ਵਸਨੀਕ ਹਰਪ੍ਰੀਤ ਸਿੰਘ ਤੋਂ ਲੁਧਿਆਣਾ ਵਿਖੇ ਪੀ.ਐਸ.ਪੀ.ਸੀ.ਐਲ. ਵਿੱਚ ਹੈਲਪਰ ਭਰਤੀ ਕਰਾਉਣ ਦੇ ਨਾਂਅ `ਤੇ 1.50 ਲੱਖ ਦੀ ਠੱਗੀ ਮਾਰੀ ਸੀ। ਮਲਕੀਅਤ ਸਿੰਘ ਨੇ ਅੱਗੇ ਇਹ ਖੁਲਾਸਾ ਕੀਤਾ ਕਿ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੱਦ ਗਿੱਲ ਦਾ ਸਰਪੰਚ ਹਰਪਾਲ ਸਿੰਘ ਵੀ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਉਕਤ ਕਿੰਗਪਿਨ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ।

ਸ੍ਰੀ ਉੱਪਲ ਨੇ ਅੱਗੇ ਦੱਸਿਆ ਕਿ ਮਲਕੀਅਤ ਸਿੰਘ ਨੇ ਤਫ਼ਤੀਸ਼ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਸਾਲ 2019 ਵਿੱਚ ਉਸਨੇ ਡੌਮੀਨਿਕ ਸਹੋਤਾ, ਜਿਸਨੇ ਖੁਦ ਦੀ ਪਹਿਚਾਣ ਬੀ.ਐਸ.ਐਫ. ਦੇ ਸਹਾਇਕ ਕਮਾਂਡੈਂਟ ਵਜੋਂ ਦੱਸੀ ਸੀ, ਜ਼ਰੀਏ 4 ਵਿਅਕਤੀਆਂ ਦੀ ਲਿਖਤੀ ਅਤੇ ਮੈਡੀਕਲ ਪ੍ਰੀਖਿਆ ਪਾਸ ਕਰਵਾ ਕੇ ਉਨ੍ਹਾਂ ਨੂੰ ਬੀਐਸਐਫ ਵਿੱਚ ਭਰਤੀ ਕਰਵਾਇਆ ਸੀ। ਇਸ ਕੇਸ ਵਿੱਚ ਉਨ੍ਹਾਂ ਨੇ ਹਰੇਕ ਵਿਅਕਤੀ ਕੋਲੋਂ 2,80,000 ਰੁਪਏ ਲਏ ਸਨ ਅਤੇ ਡੌਮੀਨਿਕ ਸਹੋਤਾ ਨੇ ਹਰੇਕ ਵਿਅਕਤੀ ਪਿੱਛੇ 2.5 ਲੱਖ ਰੁਪਏ ਰੱਖੇ ਸਨ ਅਤੇ ਹਰੇਕ ਵਿਅਕਤੀ ਪਿੱਛੇ 30,000 ਰੁਪਏੇ ਮਲਕੀਅਤ ਸਿੰਘ ਨੂੰ ਦਿੱਤੇ।

ਉਨ੍ਹਾਂ ਅੱਗੇ ਦੱਸਿਆ ਕਿ ਡੌਮੀਨਿਕ ਸਹੋਤਾ ਜਨਵਰੀ, 2021 ਵਿਚ ਮੁਹਾਲੀ ਪੁਲਿਸ ਵੱਲੋਂ ਬੇਨਕਾਬ ਕੀਤੇ ਗਏ ਅਗਵਾਕਾਰਾਂ ਅਤੇ ਲੁਟੇਰਿਆਂ ਦੇ ਗਿਰੋਹ ਦਾ ਕਿੰਗਪਿਨ ਹੈ, ਜਿਸ ਨੇ ਖੁਦ ਨੂੰ ਕੌਮੀ ਜਾਂਚ ਏਜੰਸੀ, ਬੀਐਸਐਫ ਅਤੇ ਹੋਰ ਉੱਚ ਸੁਰੱਖਿਆ ਏਜੰਸੀਆਂ ਦੇ ਇੱਕ ਅਧਿਕਾਰੀ ਵਜੋਂ ਪੇਸ਼ ਕੀਤਾ ਸੀ।

ਇਸ ਸਬੰਧ ਵਿੱਚ ਇਸ ਗਿਰੋਹ ਖ਼ਿਲਾਫ਼ ਪੁਲਿਸ ਥਾਣਾ ਫੇਜ਼ -1, ਮੁਹਾਲੀ ਵਿਖੇ ਧਾਰਾ 364-ਏ, 34 ਆਈਪੀਸੀ ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 3 ਗੈਰ ਕਾਨੂੰਨੀ 32 ਬੋਰ ਦੇ ਹਥਿਆਰ, ਇੱਕ ਦੇਸੀ ਪਿਸਤੌਲ, ਗੋਲੀ ਸਿੱਕਾ, ਫਰਜ਼ੀ ਆਈਡੀ ਕਾਰਡ, ਵਰਦੀਆਂ, ਲੈਪਟਾਪ, 4 ਵਾਹਨ ਅਤੇ 25 ਲੱਖ ਰੁਪਏ ਦੀ ਲੁੱਟ ਦਾ ਪੈਸਾ ਬਰਾਮਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਗਿਰੋਹ ਦੇ ਕਿੰਗਪਿਨ ਡੌਮੀਨਿਕ ਸਹੋਤਾ, ਜਿਸ ਨੇ ਖੁਦ ਨੂੰ  ਬੀ.ਐਸ.ਐਫ. ਦਾ ਸਹਾਇਕ ਕਮਾਂਡੈਂਟ ਅਤੇ ਉਸ ਦੇ ਪਿਤਾ ਗੋਵਿੰਦਰ ਸਿੰਘ, ਜਿਸਨੇ ਖੁਦ ਨੂੰ ਬੀਐਸਐਫ ਦਾ ਇੰਸਪੈਕਟਰ ਦੱਸਿਆ ਸੀ, ਉਸਦੇ ਭਰਾ ਮੁਖਤਿਆਰ ਸਿੰਘ ਉਰਫ਼ ਪੀਟਰ, ਅਮਨਦੀਪ ਸਿੰਘ, ਰਾਜਵੀਰ ਸਿੰਘ ਅਤੇ ਯੋਧਵੀਰ ਸਿੰਘ ਨੂੰ ਵੀ ਮੁਹਾਲੀ ਪੁਲਿਸ ਨੇ ਕਾਬੂ ਕੀਤਾ ਸੀ ਅਤੇ ਉਹ ਇਸ ਸਮੇਂ ਉਕਤ ਮਾਮਲੇ ਵਿਚ ਰੋਪੜ ਜੇਲ੍ਹ ਵਿਚ ਬੰਦ ਹਨ।

ਹੋਰ ਪੁੱਛਗਿੱਛ ਵਿਚ ਇਹ ਸਾਹਮਣੇ ਆਇਆ ਹੈ ਕਿ ਡੌਮੀਨਿਕ ਸਹੋਤਾ ਅਤੇ ਹੋਰਨਾਂ ਖਿਲਾਫ਼ ਇਸ ਤੋਂ ਪਹਿਲਾਂ ਪੁਲਿਸ ਥਾਣਾ ਐਨ.ਆਰ.ਆਈ. ਅੰਮ੍ਰਿਤਸਰ ਵਿਖੇ ਆਈ.ਪੀ.ਸੀ. ਦੀ ਧਾਰਾ 420, 406, 120-ਬੀ ਤਹਿਤ ਐਫਆਈਆਰ ਨੰ. 7/16 ਅਤੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ, ਬਟਾਲਾ ਵਿਖੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਐਫਆਈਆਰ ਨੰਬਰ 129 ਮਿਤੀ 25.12.2020 ਦਰਜ ਹਨ। ਸ੍ਰੀ ਉੱਪਲ ਨੇ ਕਿਹਾ ਕਿ ਉਕਤ ਕੇਸ ਵਿੱਚ ਡੌਮੀਨਿਕ ਸਹੋਤਾ ਦਾ ਪੋ੍ਰਡਕਸ਼ਨ ਵਾਰੰਟ ਹਾਸਲ ਕੀਤਾ ਜਾਵੇਗਾ।

ਇਸ ਲਈ ਉਪਰੋਕਤ ਮੁਲਜ਼ਮ ਮਲਕੀਅਤ ਸਿੰਘ ਅਤੇ ਪ੍ਰਿਥੀਪਾਲ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਮੱਦੇਨਜ਼ਰ ਉਕਤ ਕੇਸ ਵਿੱਚ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਪਰੋਕਤ ਪਿੰਡ ਮੱਲੀਆਂ ਦਾ ਹਰਪ੍ਰੀਤ ਸਿੰਘ, ਜਿਸ ਤੋਂ ਇਸ ਗਿਰੋਹ ਨੇ ਪੀਐਸਪੀਸੀਐਲ ਵਿੱਚ ਹੈਲਪਰ ਵਜੋਂ ਭਰਤੀ ਕਰਨ ਦੇ ਬਹਾਨੇ 1.50 ਲੱਖ ਰੁਪਏ ਠੱਗ ਲਏ ਸਨ, ਸਮੇਤ ਸਰਕਾਰੀ ਨੌਕਰੀ ਲੈਣ ਦੇ ਛੇ ਹੋਰ ਇਛੁੱਕ ਵਿਅਕਤੀ ਕਿੰਗਪਿਨ ਸੁਖਵੰਤ ਸਿੰਘ ਦੀ ਥਾਂ `ਤੇ ਹੀ ਮੌਜੂਦ ਸਨ। ਇਸ ਤੋਂ ਇਲਾਵਾ, ਸਰਕਾਰੀ ਨੌਕਰੀ ਲੈਣ ਦੇ ਇਛੁੱਕ ਛੇ ਹੋਰ ਵਿਅਕਤੀਆਂ ਨੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਦਰਜ ਆਪਣੇ ਬਿਆਨਾਂ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨਾਲ ਵੀ ਉਕਤ ਮੁਲਜ਼ਮ ਸੁਖਵੰਤ ਸਿੰਘ ਨੇ ਠੱਗੀ ਮਾਰ ਲੈਣੀ ਸੀ ਕਿਉਂਕਿ ਉਹ ਸਰਕਾਰੀ ਨੌਕਰੀ ਲੈਣ ਦੇ ਇਛੁੱਕ ਇਨ੍ਹਾਂ ਛੇ ਵਿਅਕਤੀਆਂ ਉਤੇ ਵੀ ਪੀਐਸਪੀਸੀਐਲ ਵਿੱਚ ਹੈਲਪਰ ਦੀ ਨੌਕਰੀ ਦੇ ਬਦਲੇ ਨਿਰਧਾਰਤ ਰਾਸ਼ੀ ਤੁਰੰਤ ਜਮ੍ਹਾ ਕਰਨ ਲਈ ਦਬਾਅ ਪਾ ਰਿਹਾ ਸੀ।

ਗ੍ਰਿਫਤਾਰ ਕੀਤੇ ਗਏ ਉਕਤ ਮੁਲਜ਼ਮ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਦੀ ਜਾਂਚ ਅਤੇ ਪੁੱਛਗਿੱਛ ਚੱਲ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 420/120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here