ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਾਅ ਲਈ ਵੈਕਸੀਨੇਸ਼ਨ ਹੈ ਅਤਿ ਜਰੂਰੀ: ਸਿਵਲ ਸਰਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਕੋਵਿਡ ਟੀਕਾਕਰਨ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਕਾਰਗਰ ਉਪਾਅ ਹੈ ਅਤੇ ਮਾਹਿਰਾਂ ਵੱਲੋਂ ਸੰਭਾਵਿਤ ਤੀਜੀ ਲਹਿਰ ਦੀ ਜੋ ਪੇਸ਼ਨੀਗੋਈ ਕੀਤੀ ਜਾ ਰਹੀ ਹੈ ,ਉਸ ਨੂੰ ਰੋਕਣ ਲਈ ਵੀ ਸਾਰੇ ਯੋਗ ਵਿਅਕਤੀਆਂ ਨੂੰ ਆਪਣਾ ਟੀਕਾਕਰਨ ਕਰਵਾਉਣਾ ਬਹੁਤ ਜਰੂਰੀ ਹੈ।ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਸਿਹਤ ਸੁਨੇਹੇ ਵਿੱਚ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਵਿਭਾਗ ਵੱਲੋਂ ਹੁਣ ਸਰਕਾਰੀ ਹਿਦਾਇਤਾਂ ਅਨੁਸਾਰ ਗਰਭਵਤੀ ਔਰਤਾਂ ਅਤੇ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦਾ ਵੀ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ।

Advertisements

ਸਿਵਲ ਸਰਜਨ ਡਾ: ਅਰੋੜਾ ਨੇ ਕੋਵਿਡ ਦੇ ਫੈਲਾਅ ਨੂੰ ਰੋਕਣ  ਸਬੰਧੀ ਚਰਚਾ ਕਰਦਿਆਂ ਦੱਸਿਆ ਕਿ  ਹਲਕੇ ਲੱਛਣਾਂ ਵਾਲੇ ਮਰੀਜ਼ਾਂ ਵੱਲੋਂ ਸਵੈ-ਇੱਛਕ ਤੌਰ ਤੇ ਮੁੱਢਲੀ ਸਟੇਜ਼ ਤੇ ਕਰਵਾਈ ਗਈ ਜਾਂਚ ਕੋਵਿਡ ਦੇ ਪ੍ਰਸਾਰ ਨੂੰ ਰੋਕ ਸਕਦੀ ਹੈ ਅਤੇ ਉਹ ਵਿਅਕਤੀ ਜਿਹਨਾਂ ਵਿੱਚ ਹਲਕਾ ਗਲਾ ਖਰਾਬ, ਸ਼ਰੀਰ ਦਰਦ ਅਤੇ ਹਲਕਾ ਬੁਖਾਰ ਆਦਿ ਲੱਛਣ ਹੋਣ, ਵੱਲੋਂ ਆਪਣੀ ਕੋਵਿਡ ਜਾਂਚ ਇਸ ਮੁੱਢਲੀ ਸਟੇਜ਼ ਤੇ ਕਰਵਾ ਲਈ ਜਾਵੇ ਅਤੇ ਪਾਜ਼ਿਟਿਵ ਆਉਣ ਦੀ ਸੂਰਤ ਵਿੱਚ ਆਪਣੇ ਆਪ ਨੂੰ ਸਮੇ ਸਿਰ ਆਈਸੋਲੇਟ ਕਰ ਲਿਆ ਜਾਵੇ ਤਾਂ ਅਜਿਹਾ ਕਰਨ ਨਾਲ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਸ ਪਾਸ ਦੇ ਸੰਪਰਕ ਵਾਲੇ ਵਿਅਕਤੀਆਂ ਨੂੰ ਕਰੋਨਾ ਇੰਫੈਕਸ਼ਨ ਦੇਣ ਤੋਂ ਬਚਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਜਾਂਚ ਜ਼ਿਲੇ ਦੇ ਸਿਵਲ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਖੇ ਮੁਫਤ ਕੀਤੀ ਜਾਂਦੀ ਹੈ।

ਕਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਨਿਗਰਾਨੀ ਵਿਭਾਗ ਵੱਲੋਂ ਗਠਿਤ ਕੀਤੀਆਂ ਆਰ.ਆਰ.ਟੀ. ਟੀਮਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਮਰੀਜ਼ਾਂ ਦੀ ਮਾਨਿਟਰਿੰਗ ਦੌਰਾਨ ਲੋੜ ਪੈਣ ਤੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਵੀ ਸ਼ਿਫਟ ਕੀਤਾ ਜਾਂਦਾ ਹੈ। ਉਨ੍ਹਾਂ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੁਢਲੀ ਸਟੇਜ਼ ਤੇ ਕਰੋਨਾਂ ਟੈਸਟ ਕਰਵਾ ਕੇ,ਸਾਰੇ ਯੋਗ ਵਿਅਕਤੀਆਂ ਵੱਲੋਂ ਕੋਵਿਡ ਵੈਕਸੀਨੇਸ਼ਨ ਕਰਵਾ ਕੇ ਅਤੇ ਤਿੰਨ ਸਾਵਧਾਨੀਆਂ- ਸਹੀ ਤਰੀਕੇ ਨਾਲ ਮਾਸਕ ਪਹਿਨ ਕੇ, ਦੋ ਗਜ਼ ਦੀ ਦੂਰੀ ਰੱਖ ਕੇ  ਅਤੇ ਸਮੇਂ ਸਮੇਂ ਤੇ ਸਾਬਣ ਪਾਣੀ ਨਾਲ ਹੱਥਾਂ ਨੂੰ ਸਾਫ ਰੱਖ ਕੇ ਕਰੋਨਾਂ ਵਾਇਰਸ ਦੇ ਪ੍ਰਸਾਰ ਨੂੰ ਰੋਕ ਸਕਦੇ ਹਾਂ। ਇਸ ਅਵਸਰ ਤੇ ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਜ਼ਿਲੇ ਅੰਦਰ ਕੁੱਲ 231601 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

LEAVE A REPLY

Please enter your comment!
Please enter your name here