ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜੱਜ ਸਾਹਿਬ ਨੇ ਹਾਜ਼ਰ ਡਾਕਟਰ ਸਾਹਿਬਾਨਾਂ ਨੂੰ ਆਦੇਸ਼ ਦਿੱਤੇ ਕਿ ਉਹ ਇਸ ਮੈਡੀਕਲ ਕੈਂਪ ਦੌਰਾਨ ਜੇਲ੍ਹ ਦੇ ਸਾਰੇ ਹਵਾਲਾਤੀਆਂ ਅਤੇ ਕੈਦੀਆਂ ਦਾ ਮੈਡੀਕਲ ਚੈੱਕਅੱਪ ਕਰਨ ਤਾਂ ਕਿ ਕਿਸੇ ਵੀ ਬੰਦੀ ਨੂੰ ਸਿਹਤ ਪੱਖੋਂ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਜੇਲ੍ਹ ਦੇ ਨਵੇਂ ਸੁਪਰਡੰਟ ਸਾਹਿਬ ਸੁਰਿੰਦਰ ਸਿੰਘ ਦੇ ਸਹਿਯੋਗ ਨਾਲ ਸਾਰੀ ਕੇਂਦਰੀ ਜੇਲ੍ਹ ਦਾ ਸਰਵੇਖਣ ਕੀਤਾ। ਇਸ ਮੌਕੇ ਡਿਪਟੀ ਸੁਪਰਡੰਟ ਜੇਲ੍ਹ ਗੁਰਚਰਨ ਸਿੰਘ ਧਾਲੀਵਾਲ, ਜੇਲ੍ਹ ਸਟਾਫ  ਵੀ ਮੌਜੂਦ ਸੀ ।

Advertisements

 ਇਸ ਤੋਂ ਬਾਅਦ ਜੱਜ ਸਾਹਿਬ ਨੇ ਛੋਟੇ ਮੋਟੇ ਜੁਰਮਾਂ ਵਾਲੇ ਹਵਾਲਾਤੀਆਂ ਨਾਲ ਮੁਲਾਕਾਤ ਕੀਤੀ । ਜਿਸ ਵਿੱਚ ਉਨ੍ਹਾਂ ਨੇ ਹਾਈ ਪਾਵਰਡ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਿਮ ਜਮਾਨਤਾਂ ਲਗਾਉਣ ਬਾਰੇ ਵਿਸਥਾਰ ਸਹਿਤ ਦੱਸਿਆ । ਜੱਜ ਸਾਹਿਬ ਨੇ ਇਸ ਮੌਕੇ ਡਿਪਟੀ ਸੁਪਰਡੰਟ ਜੇਲ੍ਹ ਗੁਰਚਰਨ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੌਰ ਤੇ ਹਦਾਇਤਾਂ ਕੀਤੀਆਂ ਕਿ ਉਹ ਛੋਟੇ ਮੋਟੇ ਜੁਰਮਾਂ ਵਾਲੇ ਹਵਾਲਾਤੀਆਂ ਨੂੰ ਜਲਦੀ ਤੋਂ ਜਲਦੀ ਅੰਤਰਿਮ ਜਮਾਨਤਾਂ/ਅਪੀਲਾਂ/ਰੈਗੂਲਰ ਜਮਾਨਤਾਂ ਲਗਾਉਣ । ਇਸ ਤੋਂ ਬਾਅਦ ਜੱਜ ਸਾਹਿਬ ਨੇ ਜਨਾਨਾ ਵਾਰਡ ਕੇਂਦਰੀ ਜੇਲ੍ਹ ਦਾ ਸਰਵੇਖਣ ਕੀਤਾ । ਇਸ ਮੌਕੇ ਜੱਜ ਸਾਹਿਬ ਨੇ ਜਨਾਨਾ ਵਾਰਡ ਵਿੱਚ ਰਹਿ ਰਹੀਆਂ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ । ਇਸ ਮੌਕੇ ਜੱਜ ਸਾਹਿਬ ਨੇ ਜਣੇਪੇ ਅਧੀਨ ਔਰਤਾਂ ਨੂੰ ਖਾਸ ਤਵੱਜੋਂ ਦੇਣ ਲਈ ਜੇਲ੍ਹ ਵਿਭਾਗ ਨੂੰ ਖਾਸ ਹਦਾਇਤਾਂ ਦਿੱਤੀਆਂ । ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਹਸਪਤਾਲ ਦਾ ਦੌਰਾ ਕੀਤਾ ਅਤੇ ਮਰੀਜਾਂ ਦਾ ਹਾਲ ਚਾਲ ਪੁੱਛਿਆ । ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਦੀ ਰਸੋਈ ਘਰ, ਫੈਕਟਰੀ ਲੀਗਲ ਏਡ ਕਲੀਨਿਕ ਦਾ ਵਿਸ਼ੇਸ਼ ਸਰਵੇਖਣ ਕੀਤਾ । ਅੰਤ ਵਿੱਚ ਜੱਜ ਸਾਹਿਬ ਨੇ ਜੇਲ੍ਹ ਅਥਾਰਟੀ ਦਾ ਧੰਨਵਾਦ ਕਰਦਿਆਂ ਹੋਇਆਂ ਇਸ ਜੇਲ੍ਹ ਦਾ ਦੌਰਾ ਸਮਾਪਤ ਕੀਤਾ ।

LEAVE A REPLY

Please enter your comment!
Please enter your name here