ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਤੇ ਝੂਠ ਬੋਲਣ ਵਾਲੀ ਸਰਕਾਰ: ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਨਾਲ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੜਕਾਂ ਤੇ ਵੱਡੇ-ਵੱਡੇ ਇਕੱਲੇ ਬੋਰਡ ਲਾਏ ਜਾ ਰਹੇ ਹਨ ਜਦਕਿ ਜਮੀਨੀ ਪੱਧਰ ਤੇ ਕੋਈ ਵੀ ਕੰਮ ਨਹੀਂ ਹੋ ਰਿਹਾ। ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂਦੇ ਨਾਲ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ,ਸੂਬਾ ਕਾਰਜਕਾਰਨੀ ਦੇ ਮੈਂਬਰ ਰਾਜੇਸ਼ ਪਾਸੀ, ਸੂਬਾ ਕਾਰਜਕਾਰਨੀ ਦੇ ਮੈਂਬਰ ਮਨੂੰ ਧੀਰ, ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਪਿਯੂਸ਼ ਮਨਚੰਦਾ, ਜ਼ਿਲ੍ਹਾ ਮੀਤ ਪ੍ਰਧਾਨ ਧਰਮਪਾਲ ਮਹਜਾਨ, ਜ਼ਿਲ੍ਹਾ ਸਕੱਤਰ ਵਿੱਕੀ ਗੁਜਰਾਲ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ ਆਦਿ ਵੀ ਹਾਜ਼ਰ ਸਨ।

Advertisements

ਖੋਜੇਵਾਲ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਮੁਲਾਜਮਾਂ ਨੇ ਸਰਕਾਰ ਵਿਰੁੱਧ ਸੰਘਰਸ਼ ਵਿੰਢਿਆਂ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਕੱਚੇ ਅਧਿਆਪਕ ਪੱਕੇ ਕਰਨ ਦਾ ਸਿਰਫ਼ ਤੇ ਸਿਰਫ਼ ਸੋਸ਼ਾ ਸਰਕਾਰ ਵੱਲੋਂ ਛੱਡਿਆ ਜਾ ਰਿਹਾ ਹੈ, ਜਦਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ।ਪੂਰੇ ਪੰਜਾਬ ‘ਚ ਵੱਡੇ-ਵੱਡੇ ਹੋਰਡਿੰਗ ਲਾ ਕੇ ਸਿਰਫ਼ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਖੋਜੇਵਾਲ ਨੇ ਕਿਹਾ ਕਿ ਅੱਜ ਅਧਿਆਪਕ ਵਰਗ ਆਪ ਸਰਕਾਰ ਤੇ ਭਰੋਸਾ ਕਰਕੇ ਆਪਣੇ ਮੱਥੇ ਤੇ ਹੱਥ ਮਾਰਨ ਲਈ ਮਜਬੂਰ ਹੋ ਗਿਆ ਹੈ।

ਮੁੱਖ ਮੰਤਰੀ ਕੱਚੇ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਸੱਚਾਈ ਦੱਸ ਰਹੇ ਹਨ। ਜੇਕਰ ਅਜਿਹਾ ਹੈ ਤਾਂ ਇਸ ਐਲਾਨ ਤੋਂ ਬਾਅਦ ਵੀ ਅਧਿਆਪਕ ਖੁਸ਼ ਕਿਉਂ ਨਹੀਂ ਹਨ। ਸੱਤਾ ‘ਚ ਆਉਣ ਤੋਂ ਪਹਿਲਾਂ ‘ਆਪ ਸਰਕਾਰ ਨੇ ਨਾ ਸਿਰਫ਼ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣ ਦਾ ਵਾਅਦਾ ਕੀਤਾ ਸੀ, ਸਗੋਂ ਉਨ੍ਹਾਂ ਨੂੰ ਪੱਕਾ ਕਰਨ ਦਾ ਵਾਅਦਾ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ‘ਆਪ ਸਰਕਾਰ ਨੇ ਅਧਿਆਪਕਾਂ ਵਲੋਂ  ਕੀਤੇ ਜਾ ਰਹੇ ਧਰਨੇ ਨੂੰ ਰੋਕਣ ਲਈ ਹੀ ਇਹ ਐਲਾਨ ਕੀਤਾ ਹੈ, ਤਾਂ ਜੋ ਉਹ ਇੱਕ ਵਾਰ ਫਿਰ ਅਧਿਆਪਕਾਂ ਦੇ ਮੋਢਿਆਂ ’ਤੇ ਖੜ੍ਹ ਸਕਣ। ਕੁਝ ਸਮੇਂ ਬਾਅਦ ਆਉਣ ਵਾਲਿਆਂ ਲੋਕ ਸਭਾ ਚੋਣਾਂ ਵਿੱਚ ਆਪ ਆਪਣਾ ਉੱਲੂ ਸਿੱਧਾ ਕਰ ਸਕੋ। ਖੋਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਜੋ ਡਰਾਮਾ ਰਚਿਆ ਹੈ, ਉਹ ਨਿਰਾ ਝੂਠ ਦਾ ਪੁਲੰਦਾ ਹੈ। ਉਹਨਾਂ ਕਿਹਾ ਕਿ ਪੱਕੇ ਕਰਨ ਲਈ ਥਾਂ ਥਾਂ ਵੱਡੇ ਵੱਡੇ ਹੋਰਡਿੰਗ ਲਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ ਜਦ ਕਿ ਅਸਲੀਅਤ ਚ ਇਸ ਬੇਈਮਾਨ ਸਰਕਾਰ ਨੇ ਪੂਰੇ ਪੰਜਾਬ ਚ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ।

ਉਨ੍ਹਾਂ ਨੇ ਕਿਹਾ ਕਿ ਇਹਨਾਂ ਹੁਕਮਾਂ ਨਾਲ ਕਿਸੇ ਵੀ ਮੁਲਾਜ਼ਮ ਤੇ ਰੈਗੂਲਰ ਵਾਲੇ ਸੇਵਾ ਨਿਯਮ ਲਾਗੂ ਨਹੀਂ ਹੁੰਦੇ, ਇਹਨਾਂ ਮੁਲਜ਼ਮਾਂ ਨੂੰ ਨਿਰੋਲ ਕੱਚੇ ਮੁਲਾਜ਼ਮਾਂ ਵਾਲੀ ਕੈਟੇਗਰੀ ਚ ਹੀ ਰੱਖਿਆ ਗਿਆ ਹੈ, ਜਿਸ ਚ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਨਿਰੋਲ ਗ੍ਰਾਂਟ ਤੇ ਨਿਰਭਰ ਹੈ, ਕੋਈ ਡੀਏ, ਕੋਈ ਤਨਖਾਹ ਕਮਿਸ਼ਨ ਨਹੀਂ, ਕੋਈ ਪੈਨਸ਼ਨ ਨਹੀਂ, ਮੈਡੀਕਲ ਸੇਵਾਵਾਂ ਤੇ ਹੋਰ ਪੱਕੇ ਸੇਵਾ ਨਿਯਮ ਵੀ ਇਹਨਾਂ ਤੇ ਲਾਗੂ ਨਹੀਂ ਹੁੰਦੇ ਤੇ ਫਿਰ ਇਹ ਮੁਲਾਜਮਾਂ ਪੱਕੇ ਕਿਸ ਤਰਾਂ ਹੋ ਗਏ। ਖੋਜੇਵਾਲ ਨੇ ਕਿਹਾ ਕਿ ਸੱਚਾਈ ਇਸ ਤੋਂ ਕੋਹਾਂ ਦੂਰ ਹੈ, ਸੱਚਾਈ ਇਹ ਹੈ ਕਿ ਪੰਜਾਬ ਵਿਚ ਹੜਾ ਦਾ ਪ੍ਰਕੋਪ ਝੱਲ ਰਹੇ ਲੋਕਾਂ ਲਈ ਕੁਝ ਨਹੀ ਕੀਤਾ ਗਿਆ, ਕੋਈ ਮੁਆਵਜਾ ਨਹੀਂ ਦਿੱਤਾ ਗਿਆ। ਸਰਕਾਰ ਵੱਲੋਂ ਲੋਕ ਹਿੱਤਾਂ ਵਿਚ ਕੀਤੇ ਜਾਣ ਵਾਲੇ ਕਾਰਜਾਂ ਤੇ ਪੂਰੀ ਤਰ੍ਹਾਂ ਖੜੌਤ ਆਈ ਹੋਈ ਹੈ। ਹੁਣ ਤੱਕ ਭਗਵੰਤ ਮਾਨ ਜਿਸ ਫੋਟੋ ਕਲਚਰ ਨੂੰ ਲੈ ਕੇ ਆਪਣੀਆਂ ਵਿਰੋਧੀ ਰਾਜਸੀ ਪਾਰਟੀਆਂ ਤੇ ਤੰਜ਼ ਕੱਸਦੇ ਰਹੇ ਹਨ ਹੁਣ ਆਪ ਹੀ ਉਹ ਫੋਟੋ ਕਲਚਰ ਅਪਣਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸ਼ੋਸੇਬਾਜੀ ਛੱਡ ਕੇ ਆਮ ਲੋਕਾਂ ਦੇ ਹਿੱਤਾਂ ਦੇ ਕਾਰਜਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਮਸ਼ਹੂਰੀਆਂ ਦੇ ਲੱਗੇ ਇਹ ਬੋਰਡ ਸਿਰਫ਼ ਲੋਕਾਂ ਦਾ ਧਿਆਨ ਭਟਕਾ ਸਕਦੇ ਹਨ ਤੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ ਜਦਕਿ ਇਸ ਨਾਲ ਆਮ ਲੋਕਾਂ ਨੂੰ ਕੋਈ ਲਾਭ ਨਹੀਂ। ਖੋਜੇਵਾਲ ਨੇ ਰਾਜਪਾਲ ਪੰਜਾਬ ਤੋਂ ਮੰਗ ਕੀਤੀ ਕਿ ਉਹ ਰਾਜ ਸਰਕਾਰ ਨੂੰ ਹਦਾਇਤ ਦੇਣ ਕਿ ਸਾਰੇ ਸਿਆਸੀ ਇਸ਼ਤਿਹਾਰ ਤੁਰੰਤ ਬੰਦ ਕੀਤੇ ਜਾਣ ਅਤੇ ਇਸਨੂੰ ਹਦਾਇਤ ਕੀਤੀ ਜਾਵੇ ਕਿ ਸਿਰਫ ਸਰਕਾਰੀ ਨੀਤੀਆਂ ਮੁਤਾਬਕ ਸਰਕਾਰੀ ਪ੍ਰੋਗਰਾਮਾਂ ਤੋਂ ਇਲਾਵਾ ਸੂਬੇ ਦੇ ਬਾਹਰ ਕੋਈ ਵੀ ਇਸ਼ਤਿਹਾਰ ਜਾਰੀ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਇਹਵੀ  ਹਦਾਇਤ ਕੀਤੀ ਜਾਵੇ ਕਿ ਸਿਰਫ ਉਹੀ ਇਸ਼ਤਿਹਾਰ ਜਾਰੀ ਕੀਤੇ ਜਾਣ ਜੋ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਨਾਲ ਸਬੰਧਤ ਹੋਣ।

LEAVE A REPLY

Please enter your comment!
Please enter your name here