ਜ਼ਿਲ੍ਹੇ ਵਿੱਚ 216812 ਘਰਾਂ ਨੂੰ ਟੂਟੀਆਂ ਵਾਲੇ ਪਾਣੀ ਕੁਨੈਕਸ਼ਨਾਂ ਨਾਲ ਜੋੜਿਆ: ਘਨਸ਼ਿਆਮ ਥੋਰੀ

ਜਲੰਧਰ (ਦ ਸਟੈਲਰ ਨਿਊਜ਼)। ਸਾਰੇ ਪੇਂਡੂ ਘਰਾਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਜ਼ਿਲ੍ਹਾ ਜਲੰਧਰ ਵਿੱਚ 216812 ਘਰਾਂ ਨੂੰ ਕਾਰਜਸ਼ੀਲ ਟੂਟੀਆਂ ਵਾਲੇ ਪਾਣੀ ਕੁਨੈਕਸ਼ਨਾਂ ਨਾਲ ਸਫ਼ਲਤਾਪੂਰਵਕ ਜੋੜਿਆ ਗਿਆ ਹੈ। ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਲੰਧਰ ਦੇ ਪੇਂਡੂ ਖੇਤਰ ਵਿੱਚ ਕੁੱਲ 2,30,385 ਪਰਿਵਾਰ ਹਨ ਅਤੇ ਹਰ ਘਰ ਪਾਣੀ ਪ੍ਰੋਗਰਾਮ ਅਧੀਨ 2,16,812 (94.11 ਪ੍ਰਤੀਸ਼ਤ) ਘਰਾਂ ਨੂੰ ਪਹਿਲਾਂ ਹੀ ਕਵਰ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਯੂ. ਡੀ.) ਹਿਮਾਂਸ਼ੂ ਜੈਨ ਵੀ ਮੌਜੂਦ ਸਨ, ਨੇ ਕਿਹਾ ਕਿ ਪ੍ਰਸ਼ਾਸਨ ਹਰੇਕ ਘਰ ਵਿੱਚ ਕਾਰਜਸ਼ੀਲ ਟੂਟੀ ਵਾਲੇ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਹੋ ਸਕੇ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀ ਨਿਯਮਤ ਸਮੀਖਿਆ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰਾਂ ਅਤੇ ਜੂਨੀਅਰ ਇੰਜੀਨੀਅਰਾਂ ਦੇ ਸਾਂਝੇ ਯਤਨਾਂ ਨੇ ਇਸ ਮਿਸ਼ਨ ਨੂੰ ਜ਼ਿਲ੍ਹੇ ਵਿੱਚ ਸਫ਼ਲ ਬਣਾਇਆ ਹੈ।

Advertisements

 ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ 19809 ਪਖਾਨਿਆਂ ਦਾ ਨਿਰਮਾਣ ਕਰ ਕੇ ਐਸ.ਬੀ.ਐਮ. ਦੇ ਪਹਿਲੇ ਪੜਾਅ ਤਹਿਤ ਸੌ ਫੀਸਦੀ ਪਖਾਨਿਆਂ ਨੂੰ ਮੁਕੰਮਲ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਬਲਾਕ ਰੁੜਕਾ ਕਲਾਂ, ਜਲੰਧਰ ਪੂਰਬੀ, ਫਿਲੌਰ, ਨੂਰਮਹਿਲ ਵਿੱਚ ਕੁੱਲ 6931 ਪਖਾਨੇ, ਆਦਮਪੁਰ,ਭੋਗਪੁਰ ਤੇ ਜਲੰਧਰ ਪੱਛਮੀ ਬਲਾਕਾਂ ਵਿੱਚ 6324 ਅਤੇ ਨਕੋਦਰ,ਲੋਹੀਆਂ ਤੇ ਸ਼ਾਹਕੋਟ ਬਲਾਕਾਂ ਵਿੱਚ 6554 ਪਖਾਨੇ ਉਪਲਬਧ ਕਰਵਾਏ ਗਏ ਹਨ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਤਿੰਨਾਂ ਪੜਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਇਸ ਪ੍ਰੋਗਰਾਮ ਦੇ ਤੀਜੇ ਪੜਾਅ ਤਹਿਤ ਜ਼ਿਲ੍ਹੇ ਵਿੱਚ 296 ਵਿਕਾਸ ਕਾਰਜ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਘਰ-ਘਰ ਰੋਜ਼ਗਾਰ ਯੋਜਨਾ, ਸਮਾਰਟ ਵਿਲੇਜ ਕੰਪੇਨ, ਪਿੰਡਾਂ ਵਿੱਚ ਖੇਡਾਂ ਦੇ ਮੈਦਾਨ ਅਤੇ ਸਕੂਲਾਂ ਦੇ ਨਿਰਮਾਣ ਵਰਗੇ ਵੱਖ-ਵੱਖ ਪ੍ਰਮੁੱਖ ਪ੍ਰੋਗਰਾਮਾਂ ਦੀ ਸਮੀਖਿਆ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਯਕੀਨੀ ਬਣਾ ਕੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਵਿੱਚ ਸਮੂਹ ਐਸ.ਡੀ.ਐਮ. ਵੀ ਮੌਜੂਦ ਸਨ।

LEAVE A REPLY

Please enter your comment!
Please enter your name here