ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਸਬੰਧੀ ਕਰਵਾਇਆ ਵੈਬਿਨਾਰ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਖੇਤੀਬਾੜੀ ਵਿਭਾਗ ਨੇ ਸਹਿਕਾਰੀ ਸਭਾਵਾਂ, ਪੰਜਾਬ ਦੇ ਸਹਿਯੋਗ ਨਾਲ ਵੈਬਿਨਾਰ-ਕਮ-ਟ੍ਰੇਨਿੰਗ ਸੈਸ਼ਨ ਕਰਵਾਇਆ , ਜਿਸ ਵਿੱਚ ਸਹਿਕਾਰੀ ਸਭਾਵਾਂ, ਖੇਤੀਬਾੜੀ ਵਿਭਾਗ ਦੇ ਲਗਭਗ 1500 ਮੁਲਾਜ਼ਮਾਂ ਤੋਂ ਇਲਾਵਾ ਮਸ਼ੀਨ ਆਪਰੇਟਰਾਂ ਨੇ ਆਨਲਾਈਨ ਅਤੇ ਪੀ.ਏ.ਯੂ. ਦੇ ਯੂ ਟਿਊਬ ਚੈਨਲ ਰਾਹੀਂ ਹਿੱਸਾ ਲਿਆ। 

Advertisements

ਵੈਬਿਨਾਰ ਦਾ ਉਦਘਾਟਨ ਕਰਦਿਆਂ, ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ, ਜੋ ਕਿ ਮਸ਼ੀਨਰੀ ਦੀ ਵਰਤੋਂ ਵਧਾਉਣ ਵਿੱਚ ਯੋਗਦਾਨ ਪਾਉਣਗੀਆਂ ਅਤੇ ਪਹਿਲਾਂ ਹੀ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਲਈ ਉਪਰਾਲੇ ਕਰ ਰਹੀਆਂ ਹਨ, ਨੂੰ ਸਹੂਲਤਾਂ ਪ੍ਰਦਾਨ ਕਰਨ ਵਿੱਚ ਪਹਿਲ ਦਿੱਤੀ ਜਾਵੇਗੀ।

ਸਿੱਧੂ ਨੇ ਕਿਹਾ ਕਿ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਅਨਿਰੁੱਧ ਤਿਵਾੜੀ ਦੇ ਨਿਰਦੇਸ਼ਾਂ ਅਤੇ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਦਾ ਵੈਬਿਨਾਰ ਆਯੋਜਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਤੋਂ ਇਲਾਵਾ, ਮਸ਼ੀਨ ਆਪਰੇਟਰਾਂ ਅਤੇ ਸਹਿਕਾਰੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

ਵਿਭਾਗ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ 250 ਕਰੋੜ ਰੁਪਏ ਦੀ ਸਬਸਿਡੀ ਨਾਲ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਲਈ 25000 ਤੋਂ ਵੱਧ ਖੇਤੀ-ਮਸ਼ੀਨਾਂ/ਖੇਤੀ ਉਪਕਰਣ ਮੁਹੱਈਆ ਕਰਵਾਉਣ ਲਈ ਪਹਿਲਾਂ ਹੀ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੀਮ ਅਧੀਨ ਕਿਸਾਨਾਂ ਨੂੰ 50 ਤੋਂ 80 ਫੀਸਦੀ ਤੱਕ ਦੀ ਸਬਸਿਡੀ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਵਿੱਚ ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹਾਂ ਨੂੰ 80 ਫੀਸਦੀ ਸਬਸਿਡੀ ਜਦ ਕਿ ਵਿਅਕਤੀ ਵਿਸ਼ੇਸ਼ ਲਈ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਪਹਿਲੇ ਪੜਾਅ ਤਹਿਤ ਵਿਭਾਗ ਨੇ ਝੋਨੇ ਦੀ ਕਟਾਈ ਦੇ ਸੀਜ਼ਨ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ 2000 ਖੇਤੀ ਮਸ਼ੀਨਾਂ/ਉਪਕਰਨਾਂ ਦੀ ਖਰੀਦ ਲਈ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਦੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 

ਦੂਜੇ ਪੜਾਅ ਵਿੱਚ, ਬੇਲਰਜ਼ ਲਈ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਤੋਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ ਅਤੇ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਤਰਨਤਾਰਨ, ਮੋਗਾ ਅਤੇ ਮਾਨਸਾ ਦੇ ਹਾਟਸਪਾਟ ਜ਼ਿਲ੍ਹਿਆਂ (ਜਿੱਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧ ਵਾਪਰਦੀਆਂ ਹਨ) ਅਧੀਨ ਆਉਣ ਵਾਲੇ ਬਾਇਓਮਾਸ ਉਦਯੋਗ ਵਾਲੇ ਜ਼ਿਲ੍ਹਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਸਪਲਾਈ ਕਰਨ ਲਈ ਵਿਭਾਗ ਨੇ ਝੋਨੇ ਦੀ ਕਟਾਈ ਦੇ ਸੀਜ਼ਨ ਤੋਂ ਪਹਿਲਾਂ ਇਨ੍ਹਾਂ ਉਪਕਰਨਾਂ ਦੀ ਵੰਡ ਦੇ ਕੰਮ ਨੂੰ ਮੁਕੰਮਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।

ਗੌਰਤਲਬ ਹੈ ਕਿ ਰਾਜ ਸਰਕਾਰ ਨੇ ਕਿਸਾਨਾਂ ਨੂੰ ਅਤਿ ਆਧੁਨਿਕ ਮਸ਼ੀਨਾਂ ਦੇਣ `ਤੇ ਧਿਆਨ ਕੇਂਦਰਤ ਕੀਤਾ ਹੈ ਜਿਨ੍ਹਾਂ ਵਿੱਚ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ੈਡਰ/ਮਲਚਰ, ਹਾਈਡ੍ਰੌਲਿਕ ਰਿਵਰਸੀਬਲ ਮੋਲਡ ਬੋਰਡ ਹਲ ਅਤੇ ਜ਼ੀਰੋ ਡਰਿੱਲ ਸ਼ਾਮਲ ਹਨ। ਪਰਾਲੀ ਦੇ ਢੁੱਕਵੇਂ ਪ੍ਰਬੰਧਨ ਲਈ ਸਾਲ 2018-2019, 2019-20 ਅਤੇ 2020-21 ਦੌਰਾਨ, ਰਾਜ ਵਿੱਚ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਬੇਲਰਜ਼ ਸਮੇਤ 76622 ਵਿਸ਼ੇਸ਼ ਉਪਕਰਣ/ਮਸ਼ੀਨਾਂ 50 ਤੋਂ 80 ਫੀਸਦੀ ਸਬਸਿਡੀ  `ਤੇ ਪ੍ਰਦਾਨ ਕੀਤੀਆਂ ਗਈਆਂ ਹਨ।

ਵੈਬਿਨਾਰ ਦੌਰਾਨ ਬੁਲਾਰਿਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਰੀਤ ਨੂੰ ਖਤਮ ਕਰਨ ਲਈ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਜਿਸ ਨਾਲ ਲੋਕਾਂ ਦੀ ਸਿਹਤ ਅਤੇ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨਾਲ ਹੀ ਰਾਜ ਦਾ ਵਾਤਾਵਰਣ ਵੀ ਸੁਰੱਖਿਅਤ ਰਹੇ। ਅੰਤਰਰਾਸ਼ਟਰੀ ਸੰਗਠਨ ਬੀ.ਆਈ.ਐਸ.ਏ, ਲੁਧਿਆਣਾ ਦੇ ਵਿਗਿਆਨੀ ਡਾ. ਹਰਮਿੰਦਰ ਸਿੰਘ ਸਿੱਧੂ ਨੇ ਹੈਪੀ ਸੀਡਰ ਦੁਆਰਾ ਕਣਕ ਦੀ ਬਿਜਾਈ ਨੂੰ ਪਰਾਲੀ ਪ੍ਰਬੰਧਨ ਦਾ ਸਥਾਈ ਹੱਲ ਦੱਸਿਆ ਅਤੇ ਨਾਲ ਹੀ ਭਰੋਸਾ ਦਿਵਾਇਆ ਕਿ ਹੈਪੀ ਸੀਡਰ ਮਸ਼ੀਨ ਨੂੰ ਚਲਾਉਣ ਲਈ ਤਕਨੀਕੀ ਜਾਣਕਾਰੀ ਸਮੇਂ ਸਿਰ ਉਪਲਬਧ ਹੋਵੇਗੀ।

ਟਾਟਾ-ਟੀਐਨਸੀ ਟਰੱਸਟ ਦੀ ਤਰਫੋਂ ਸ਼੍ਰੀ ਬਲਜਿੰਦਰ ਸੈਣੀ, ਸ਼੍ਰੀਮਤੀ ਲਵਲੀਨ ਕੌਰ ਬੈਂਸ, ਮੁਖੀ ਐਕਸਟੈਂਸ਼ਨ ਸੈੱਲ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਸ਼੍ਰੀ ਚੰਦਰਕਾਂਤ ਪ੍ਰਧਾਨ, ਸੀਆਈਆਈ ਅਤੇ ਸ਼੍ਰੀ ਹਰਮਿੰਦਰ ਸਿੱਧੂ ਪ੍ਰਧਾਨ ਗਦਰੀ ਬਾਬਾ ਦੁੱਲਾ ਸਿੰਘ ਨਿਹਾਲ ਸਿੰਘ ਫਾਊਂਡੇਸ਼ਨ ਜਲਾਲਦੀਵਾਲ ਰਾਏਕੋਟ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਉਨ੍ਹਾਂ ਦੀਆਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਸਹਿਕਾਰੀ ਸਭਾਵਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਜਸਕਰਨ ਸਿੰਘ ਮਾਹਲ ਅਤੇ ਪਾਵਰ ਮਸ਼ੀਨਰੀ ਵਿਭਾਗ, ਪੀਏਯੂ ਦੇ ਮੁਖੀ ਇੰਜਨੀਅਰ ਮਹੇਸ਼ ਨਾਰੰਗ, ਫਸਲ ਖੇਤੀ ਵਿਗਿਆਨ ਅਤੇ ਪ੍ਰਬੰਧਨ ਮਾਹਰ ਡਾ. ਐਸ.ਐਸ. ਮਨਹਾਸ ਨੇ ਸਹਿਕਾਰੀ ਸਭਾਵਾਂ ਦੇ ਵੈਬਿਨਾਰ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸਤ੍ਰਿਤ ਸਿਖਲਾਈ ਪ੍ਰਦਾਨ ਕੀਤੀ।ਇਸ ਮੌਕੇ ਸ੍ਰੀ ਮਨਮੋਹਨ ਕਾਲੀਆ, ਨੋਡਲ ਅਫਸਰ ਸੀਆਰਐਮ -ਜਾਇੰਟ ਡਾਇਰੈਕਟਰ ਖੇਤੀਬਾੜੀ (ਇੰਜੀ.), ਸ੍ਰੀਮਤੀ ਬਲਜਿੰਦਰ ਬਾਜਵਾ, ਜਾਇੰਟ ਸਕੱਤਰ ਸਹਿਕਾਰੀ ਸਭਾਵਾਂ, ਡਾ. ਰਾਜਬੀਰ ਸਿੰਘ ਬਰਾੜ ਅਟਾਰੀ, (ਆਈਸੀਏਆਰ) ਵੀ ਹਾਜ਼ਰ ਸਨ। ਵੈਬਿਨਾਰ ਪੀਏਯੂ ਦੇ ਲਾਈਵ ਯੂਟਿਊਬ ਚੈਨਲ `ਤੇ ਵੀ ਪ੍ਰਸਾਰਿਤ ਕੀਤਾ ਗਿਆ  ਜਿਸ ਨੂੰ ਲਗਭਗ 250 ਲੋਕਾਂ ਨੇ ਦੇਖਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

LEAVE A REPLY

Please enter your comment!
Please enter your name here