ਮੁੱਖ ਮੰਤਰੀ ਨੇ ਮੋਰਿੰਡਾ ਅਨਾਜ ਮੰਡੀ ਤੋਂ ਸੂਬੇ ਭਰ ‘ਚ ਝੋਨੇ ਦੀ ਖਰੀਦ ਦੀ ਕੀਤੀ ਸ਼ੁਰੂਆਤ

ਮੋਰਿੰਡਾ (ਦ ਸਟੈਲਰ ਨਿਊਜ਼): ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਅਨਾਜ ਮੰਡੀ ਮੋਰਿੰਡਾ ਤੋਂ ਸੂਬੇ ਭਰ ਵਿਚ ਸਾਲ 2021-22 ਲਈ ਝੋਨੇ ਦੀ ਖਰੀਦ ਦੀ  ਸ਼ੁਰੂਆਤ ਕੀਤੀ।ਪੰਜਾਬ ਵਿਚ ਝੋਨੇ ਦੀ ਖਰੀਦ ਸਬੰਧੀ ਕੇਂਦਰ ਸਰਕਾਰ ਵਲੋਂ ਇੱਕ ਪੱਤਰ ਜਾਰੀ ਕਰਕੇ ਆਖਿਆ ਗਿਆ ਸੀ ਕਿ ਝੋਨੇ ਦੀ ਖਰੀਦ 1 ਅਕਤੂਬਰ ਦੀ ਬਜਾਏ 11 ਅਕਤੂਬਰ ਨੂੰ ਸ਼ੁਰੂ ਕੀਤੀ ਜਾਵੇ ਪਰ ਮੁੱਖ ਮੰਤਰੀ ਸ. ਚੰਨੀ ਨੇ ਪ੍ਰਧਾਨ ਮੰਤਰੀ ਕੋਲ ਪੰਜਾਬ ਵਿਚ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਸਬੰਧੀ ਇੱਕ ਦਿਨ ਪਹਿਲਾਂ ਹੀ ਬੇਨਤੀ ਕੀਤੀ ਸੀ। ਇਸ ਅਪੀਲ ਨੂੰ ਮੰਨਦਿਆਂ ਪ੍ਰਧਾਨ ਮੰਤਰੀ ਵਲੋਂ ਸੂਬੇ ਵਿਚ 3 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਅਨਾਜ ਮੰਡੀ ਮੋਰਿੰਡਾ ਵਿਖੇ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਨਿਰਵਿਘਨ ਅਤੇ ਤੁਰੰਤ ਖਰੀਦ ਤੋਂ ਇਲਾਵਾ ਲਿਫਟਿੰਗ ਅਤੇ ਅਨਾਜ ਭੰਡਾਰਨ ਬਾਰੇ ਵੀ ਲੋੜੀਂਦੇ ਪ੍ਰਬੰਧ ਸੂਬਾ ਸਰਕਾਰ ਵਲੋਂ ਕਰ ਲਏ ਗਏ ਹਨ।

Advertisements

ਸ. ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਮੰਡੀਆਂ ਵਿਚੋਂ ਚੁੱਕਣ ਲਈ ਵਚਨਬੱਧ ਹੈ ਅਤੇ ਸਮੇਂ ਸਿਰ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਝੋਨੀ ਵਿਚ ਨਮੀ ਸਬੰਧੀ ਭਾਰਤ ਸਰਕਾਰ ਵਲੋਂ ਤੈਅ ਕੀਤੇ ਮਾਪਦੰਡਾਂ ੳਨੁਸਾਰ ਹੀ ਸੁੱਕਾ ਝੋਨਾ ਮੰਡੀਆਂ ਵਿਚ ਲੈ ਕੇ ਆਉਣ। ਇਸ ਮੋਕੇ ਮੁੱਖ ਮੰਤਰੀ ਨੇ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਗੁਰਕਿਰਤ ਕ੍ਰਿਪਾਲ ਸਿੰਘ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਫਸਲ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇ ਅਤੇ ਕਿਸਾਨਾਂ ਨੂੰ ਫਸਲ ਵੇਚਣ ਸਬੰਧੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਐਸ.ਐਸ.ਪੀ ਰੂਪਨਗਰ ਸ੍ਰੀ ਵਿਵੇਕ ਸੀਲ ਸੋਨੀ, ਮਾਰਕਿਟ ਕਮੇਟੀ ਚੇਅਰਮੈਨ ਗੁਰਵਿੰਦਰ ਸਿੰਘ ਕੁਰਾਲੀ, ਜ਼ਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ, ਡੀ.ਐਫ.ਐਸ.ਸੀ ਸਤਵੀਰ ਸਿੰਘ, ਡੀ.ਐਮ ਪਨਸਪ ਮੋਨਿਕਾ, ਡੀ,ਐਮ ਮਾਰਕਫੈਡ ਨਵਿਤਾ ਅਤੇ ਡੀ.ਐਮ ਵੇਅਰਹਾਉਸ ਕੇਵਲ ਕ੍ਰਿਸ਼ਨ ਵੀ ਮੌਜੂਦ ਸਨ।

LEAVE A REPLY

Please enter your comment!
Please enter your name here