ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਕਿਸਾਨ: ਵਿਨੀਤ ਕੁਮਾਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਵਾਤਾਵਰਨ ਦੀ ਸੰਭਾਲ, ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਮਨੁੱਖੀ ਸਿਹਤ ਤੇ ਮਿੱਤਰ ਕੀੜਿਆਂ ਨੂੰ ਪਰਾਲੀ ਦੇ ਧੂੰਏ ਤੋਂ ਹੋਣ ਵਾਲੇ ਨੁਕਸਾਨ ਆਦਿ ਤੋਂ ਬਚਾਉਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ, ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਖਰੀਦਣ ਵਾਸਤੇ ਵੱਡੇ ਪੱਧਰ ‘ਤੇ ਸਬਸਿਡੀ ਮੁਹੱਈਆਂ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆਂ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜ੍ਹੀ 2021-22 ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਤੇ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜ਼ਿਲ੍ਹਾ, ਬਲਾਕ ਤੇ ਪਿੰਡ ਪੱਧਰ ਦੇ ਕੈਂਪ ਲਗਾ ਕੇ ਲਗਾਤਾਰ ਜਾਗਰੂਕ  ਕੀਤਾ ਜਾ ਰਿਹਾ ਹੈ । 

Advertisements

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਪਰਾਲੀ ਜਾਂ ਹੋਰ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਤੇ ਪਰਾਲੀ ਦੇ ਖੇਤਾਂ ਵਿੱਚ ਹੀ ਪ੍ਰਬੰਧਨ ਜਾਂ ਨਿਪਟਾਰੇ ਲਈ ਸੁਪਰ ਸੀਡਰ, ਹੈਪੀਸੀਡਰ, ਸੁਪਰ ਐਸ.ਐਮ.ਐਸ., ਸਟਰਾਅ ਚੋਪਰ, ਮਲਚਰ, ਕਰੋਪ ਰੀਪਰ ਅਤੇ ਬੇਲਰ ਆਦਿ ਸੰਦਾਂ/ਮਸ਼ੀਨਾਂ ਦੀ ਵਰਤੋਂ ਕਰ ਕੇ ਇਸ ਦਾ ਨਿਪਟਾਰਾ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਦੇ ਸੁਚੱਜੇ ਪ੍ਰਬੰਧਨ, ਵਾਤਾਵਰਨ ਦੀ ਸੰਭਾਲ ਅਤੇ ਮਨੁੱਖਤਾ ਦੀ ਭਲਾਈ ਹਿੱਤ ਪਰਾਲੀ ਨਾ ਸਾੜਨ ਦਾ ਅਹਿਦ ਕਰਨ ।

LEAVE A REPLY

Please enter your comment!
Please enter your name here