ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਸਟਾਰਟਅੱਪ ਪੰਜਾਬ ਹੱਬ (ਨਿਊਰੋਨ) ਦੀ ਹਮਾਇਤ ਪ੍ਰਾਪਤ ਖੋਜ ਅਤੇ ਇਨੋਵੇਸ਼ਨ ਕੰਪਨੀ ‘ਗ੍ਰੇਨਪੈਡ ਪ੍ਰਾਈਵੇਟ ਲਿਮਟਿਡ’ ਨੂੰ ਸੋਲਾਰਸ ਗਰੁੱਪ ਤੋਂ ਵਿੱਤੀ ਇਮਦਾਦ ਪ੍ਰਾਪਤ ਹੋਈ ਹੈ ਜਿਸ ਨਾਲ ਗ੍ਰੇਨਪੈਡ ਦੀ ਵੈਲੂਏਸ਼ਨ ਹੁੁਣ 101.74 ਕਰੋੜ ਰੁਪਏ ਹੋ ਗਈ ਹੈ।ਡਾ: ਰੋਹਿਤ ਸ਼ਰਮਾ, ਸੀ.ਈ.ਓ.-ਕਮ-ਐਮ.ਡੀ. ਗ੍ਰੇਨਪੈਡ ਨੇ ਭਰਪੂਰ ਸਹਿਯੋਗ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ,“ਅਸੀਂ 2018 ਤੋਂ ਮੋਹਾਲੀ ਸਥਿਤ ਸਟਾਰਟਅਪ ਪੰਜਾਬ ਹੱਬ (ਨਿਊਰੋਨ) ਦਾ ਹਿੱਸਾ ਹਾਂ। ਸਟਾਰਟਅੱਪ ਪੰਜਾਬ ਦੀ ਪੂਰੀ ਟੀਮ ਦੇ ਲਗਾਤਾਰ ਸਮਰਥਨ ਅਤੇ ਯਤਨਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਣ ਬਹੁਤ ਵਿੱਚ ਮਦਦ ਕੀਤੀ ਹੈ।” ਉਨਾਂ ਕਿਹਾ ਕਿ ਸਟਾਰਟਅੱਪ ਪੰਜਾਬ ਵੱਲੋਂ ਹਾਲ ਹੀ ਵਿੱਚ ਮਿਲੀ ਮਾਨਤਾ ਅਤੇ ਸੀਡ ਗ੍ਰਾਂਟ ਨੇ ਉਨਾਂ ਦੀ ਕੰਪਨੀ ਨੂੰ ਹੋਰ ਸਥਾਪਿਤ ਕਰਨ ਲਈ ਲੋੜੀਂਦਾ ਹੁਲਾਰਾ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਬਾਜਾਰਾਂ ਵਿੱਚ ਵੀ ਇਸਦੀ ਪ੍ਰਮਾਣਿਕਤਾ ਵਧੀ ਹੈ ।ਮਿਲੀ ਜਾਣਕਾਰੀ ਅਨੁਸਾਰ, ਸਟਾਰਟਅੱਪ ਪੰਜਾਬ, ਜੋ ਕਿ ਇਨੋਵੇਸ਼ਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਾਲਾ ਪੰਜਾਬ ਸਰਕਾਰ ਦਾ ਨੋਡਲ ਸੈੱਲ ਹੈ, ਨੇ ਹਾਲ ਹੀ ਵਿੱਚ ਗ੍ਰੇਨਪੈਡ ਨੂੰ ਸੀਡ ਗਰਾਂਟ ਵਜੋਂ 3 ਲੱਖ ਰੁਪਏ ਦਿੱਤੇ। ਸਕੱਤਰ-ਕਮ-ਡਾਇਰੈਕਟਰ ਇੰਡਸਟਰੀਜ ਐਂਡ ਕਾਮਰਸ ਸ੍ਰੀ ਸਿਬਿਨ ਸੀ, ਜੋ ਕਿ ਸਟੇਟ ਸਟਾਰਟਅੱਪ ਦੇ ਨੋਡਲ ਅਫਸਰ ਵੀ ਹਨ, ਨੇ ਕਿਹਾ ਕਿ ਪੰਜਾਬ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ, ਰਾਜ ਸਰਕਾਰ ਉਦਯੋਗਿਕ ਅਤੇ ਵਪਾਰ ਵਿੱਚ ਦਰਸਾਏ ਅਨੁਸਾਰ ਸੀਡ ਫੰਡਿੰਗ (ਨਾ ਮੋੜਣਯੋਗ ਕਰਜ਼ੇ), ਵਿਆਜ ਸਬਸਿਡੀ, ਲੀਜ਼ ਰੈਂਟਲ ਸਬਸਿਡੀ ਸਮੇਤ ਵੱਖ-ਵੱਖ ਵਿੱਤੀ ਪ੍ਰੋਤਸਾਹਨ ਦੀ ਪੇਸ਼ਕਸ਼ ਕਰਦੀ ਹੈ।
ਉਨਾਂ ਕਿਹਾ ਸਾਰੇ ਪ੍ਰੋਤਸਾਹਨ ਜੋ ਲਘੂ, ਛੋਟੇ ਦਰਮਿਆਨੇ ਉਦਯੋਗਾਂ ਲਈ ਉਪਲਬਧ ਹਨ ਉਹ ਆਈਬੀਡੀਪੀ 2017 ਦੇ ਅਨੁਸਾਰ ਸਟਾਰਟਅੱਪ ਯੂਨਿਟਾਂ ਲਈ ਵੀ ਉਪਲਬਧ ਹਨ।ਸ੍ਰੀ ਸਿਬਿਨ ਸੀ. ਨੇ ਕਿਹਾ, “ਪੰਜਾਬ ਵਿੱਚ ਉੱਦਮਤਾ ਦੀ ਦਹਾਕਿਆਂ ਪੁਰਾਣੀ ਪਰੰਪਰਾ ਹੈ ਅਤੇ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਜਿਵੇਂ ਖੇਤੀ ਅਤੇ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਫਾਰਮਾਸਿਊਟੀਕਲ, ਆਈਟੀ/ਆਈਟੀਈਐਸ, ਸਟੀਲ, ਨਿਰਮਾਣ, ਮੋਬਿਲਟੀ ਆਦਿ ਵਿੱਚ ਮਜਬੂਤ ਕਾਰੋਬਾਰ ਸਥਾਪਤ ਕੀਤੇ ਹਨ।’’ ਹਾਲੀਆ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਸਟਾਰਟਅਪ ਪੰਜਾਬ ਨੇ ਤਕਨੀਕੀ ਸਿੱਖਿਆ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਸਟੂਡੈਂਟ ਐਂਟਰਪ੍ਰਨਿਓਰਸ਼ਿਪ ਸਕੀਮ ਸ਼ੁਰੂ ਕੀਤੀ ਹੈ ਅਤੇ ਐਸ.ਟੀ.ਪੀ.ਆਈ. ਮੋਹਾਲੀ ਵਿਖੇ 500 ਸੀਟਾਂ ਵਾਲਾ ਸਟਾਰਟਅਪ ਪੰਜਾਬ ਹੱਬ (ਨਿਊਰੋਨ) ਸਥਾਪਿਤ ਕੀਤਾ ਹੈ, ਜੋ ਸਟਾਰਟਅੱਪਸ ਲਈ ਪਲੱਗ-ਐਨ-ਪਲੇ ਸਪੇਸ ਅਤੇ ਇੱਕ ਅਤਿ-ਆਧੁਨਿਕ /ਡਾਟਾ ਵਿਸਲੇਸ਼ਨ ਲੈਬ ਨਾਲ ਲੈਸ ਹੈ। ਉਨਾਂ ਕਿਹਾ, “ਸਟਾਰਟਅੱਪ ਪੰਜਾਬ ਸੈੱਲ’’ ਸੁਝਾਅ ਦੇਣ, ਵਿੱਤੀ ਸਹਾਇਤਾ, ਇਨਕਿਊਬੇਸ਼ਨ ਅਤੇ ਪ੍ਰਗਤੀ ਵਿੱਚ ਸਹਾਇਤਾ ਪ੍ਰਦਾਨ ਕਰਕੇ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ।ਜ਼ਿਕਰਯੋਗ ਹੈ ਕਿ ਗ੍ਰੇਨਪੈਡ ਨੇ ‘ਜ਼ੀਨੀ’ ਨਾਂ ਦਾ ਇੱਕ ਆਰਟੀਫੀਸੀਅਲ ਇੰਟੈਲੀਜੈਂਸ ਮੈਡੀਕਲ ਉਤਪਾਦ ਤਿਆਰ ਕੀਤਾ ਹੈ ਜੋ ਓਪੀਡੀ ਅਤੇ ਮਰੀਜਾਂ ਲਈ ਹਸਪਤਾਲ ’ਚ ਬਣਾਏ ਉਡੀਕ ਖੇਤਰਾਂ ਵਿੱਚ ਮੁਕੰਮਲ ਇੰਟਰਵਿਊ ਲਈ ਵਰਤਿਆ ਜਾ ਸਕਦਾ ਹੈ। ਜ਼ੀਨੀ ਮਰੀਜਾਂ ਨੂੰ ਸਹੀ ਸੁਝਾਅ ਤੇ ਸਲਾਹ ਪ੍ਰਦਾਨ ਕਰਦਾ ਹੈ, ਜਿਸ ਨਾਲ ਡਾਕਟਰਾਂ ਅਤੇ ਮਰੀਜਾਂ ਦੋਵਾਂ ਦਾ ਸਮਾਂ ਬਚੇਗਾ।