ਕੇਜਰੀਵਾਲ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਸਨਮਾਨ ਰਾਸ਼ੀ’ ਦੇਣ ਦੀ 5ਵੀਂ ਗਰੰਟੀ

ਚੰਡੀਗੜ੍ਹ: (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਸਨਮਾਨ ਰਾਸ਼ੀ’ ਦੇਣ ਦੀ ਪੰਜਵੀਂ ਗਰੰਟੀ ਪੰਜਾਬ ਵਾਸੀਆਂ ਨੂੰ ਦਿੱਤੀ। ਇਸ ਗਰੰਟੀ ਤਹਿਤ ਪੰਜਾਬ ਦੇ ਫ਼ੌਜੀ ਜਵਾਨ ਅਤੇ ਪੁਲਿਸ ਦੇ ਜਵਾਨ ਦੀ ਕਿਸੇ ਵੀ ਓਪਰੇਸ਼ਨ ਵਿੱਚ ਸ਼ਹਾਦਤ ਹੋਣ ‘ਤੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਸਨਮਾਨ ਵਜੋਂ ਦੇਣ ਲਈ ‘ਆਪ’ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਪਠਾਨਕੋਟ ਵਿਖੇ ਤਿਰੰਗਾ ਯਾਤਰਾ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਵੀਂ ਗਰੰਟੀ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਹ ਸ਼ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ਹੈ।

Advertisements

ਭਾਰਤੀ ਫ਼ੌਜ ਵਿੱਚ ਸਭ ਤੋਂ ਜ਼ਿਆਦਾ ਜਵਾਨ ਇਸ ਧਰਤੀ ਤੋਂ ਭਰਤੀ ਹੁੰਦੇ ਹਨ। ਦੇਸ਼ ਦੀ ਸੁਰੱਖਿਆ ਅਤੇ ਸ਼ਾਂਤੀ ਵਿਵਸਥਾ ਲਈ ਫ਼ੌਜ ਦੇ ਜਵਾਨ ਅਤੇ ਪੁਲਿਸ ਦੇ ਜਵਾਨ ਕੁਰਬਾਨੀਆਂ ਦਿੰਦੇ ਹਨ ਅਤੇ ਇਨਾਂ ਕੁਰਬਾਨ ਹੋਣ ਵਾਲੇ ਯੋਧਿਆਂ ਦਾ ਸਨਮਾਨ ਕਰਨਾ ‘ਆਪ’ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫ਼ੌਜੀ ਜਵਾਨ, ਪੁਲੀਸ ਦੇ ਜਵਾਨ ਅਤੇ ਸਰਕਾਰੀ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋਣ ‘ਤੇ ਉਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਸਨਮਾਨ ਰਾਸ਼ੀ ਵਜੋਂ ਦਿੰਦੀ ਹੈ। ਇਸ ਲਈ ਉਨ੍ਹਾਂ (ਕੇਜਰੀਵਾਲ) ਦੀ ਪੰਜਾਬ ਵਾਸੀਆਂ ਨੂੰ ਪੰਜਵੀਂ ਗਰੰਟੀ ਹੈ ਕਿ ਪੰਜਾਬ ਦੇ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਸਨਮਾਨ ਰਾਸ਼ੀ ਵਜੋਂ ਦਿੱਤੇ ਜਾਣਗੇ।

LEAVE A REPLY

Please enter your comment!
Please enter your name here