ਰੋਨਾਲਡੋ ਨੇ ਇਕ ਹੋਰ ਰਿਕਾਰਡ ਕੀਤਾ ਆਪਣੇ ਨਾਂ, 800 ਗੋਲ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਖਿਡਾਰੀ

ਦਿੱਲੀ (ਦ ਸਟੈਲਰ ਨਿਊਜ਼ ), ਰਿਪੋਰਟ: ਜੋਤੀ ਗੰਗੜ੍ਹ। ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ 800 ਗੋਲ ਕਰਨ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਏ ਹਨ। ਮੈਨਚੈਸਟਰ ਯੂਨਾਈਟਿਡ ਦੇ ਸਟ੍ਰਾਈਕਰ ਰੋਨਾਲਡੋ ਨੇ ਆਰਸਨਲ ਖਿਲਾਫ 2 ਗੋਲ ਕਰਕੇ ਇਹ ਉਪਲਬਧੀ ਹਾਸਲ ਕੀਤੀ। ਹੁਣ ਉਨ੍ਹਾਂ ਦੇ 801 ਗੋਲ ਹਨ। ਵੀਰਵਾਰ ਨੂੰ ਹੋਏ ਇਸ ਮੈਚ ‘ਚ ਮਾਨਚੈਸਟਰ ਯੂਨਾਈਟਿਡ ਨੇ ਆਰਸੇਨਲ ਨੂੰ 3-2 ਨਾਲ ਹਰਾਇਆ। ਰੋਨਾਲਡੋ ਨੇ ਮੈਚ ਦਾ ਪਹਿਲਾ ਗੋਲ 52ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਅਤੇ ਦੂਜਾ 70ਵੇਂ ਮਿੰਟ ਵਿੱਚ ਕੀਤਾ। ਇਸ ਨਾਲ ਉਸ ਦਾ ਗੋਲ ਅੰਕੜਾ 801 ਹੋ ਗਿਆ।

Advertisements

ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਲਈ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਨੇ 1000 ਤੋਂ ਵੱਧ ਗੋਲ ਕੀਤੇ ਹਨ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਅੰਕੜਾ ਨਹੀਂ ਹੈ। ਰੋਨਾਲਡੋ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਵੀ ਹਨ। ਹਾਲ ਹੀ ਵਿੱਚ ਉਨ੍ਹਾਂ ਈਰਾਨ ਦੇ ਅਲੀ ਦੇਈ ਦੇ 109 ਗੋਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਅੰਤਰਰਾਸ਼ਟਰੀ ਪੱਧਰ ‘ਤੇ 184 ਮੈਚਾਂ ‘ਚ 115 ਗੋਲ ਕੀਤੇ ਹਨ। ਸਰਗਰਮ ਫੁਟਬਾਲ ਖਿਡਾਰੀਆਂ ਵਿੱਚ ਲਿਓਨਲ ਮੇਸੀ ਅਤੇ ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੇ ਨਾਮ 80 ਗੋਲ ਹਨ। ਇਸ ਸਾਲ ਫਰਵਰੀ ਵਿੱਚ ਰੋਨਾਲਡੋ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ‘ਤੇ 500 ਮਿਲੀਅਨ ਫਾਲੋਅਰਜ਼ ਤੱਕ ਪਹੁੰਚਣ ਵਾਲਾ ਦੁਨੀਆ ਦੇ ਪਹਿਲੇ ਵਿਅਕਤੀ ਬਣੇ ਸਨ।

LEAVE A REPLY

Please enter your comment!
Please enter your name here